ਪਟਿਆਲਾ (ਮਾਲਕ ਸਿੰਘ ਘੁੰਮਣ ): ਸੰਯੁਕਤ ਕਿਸਾਨ ਮੋਰਚਾ ਦੀ ਜ਼ਿਲ੍ਹਾ ਇਕਾਈ ਵੱਲੋਂ ਲਖਮੀਰਪੁਰ ਖੀਰੀ ਕਾਂਡ ਦੀ ਵਰ੍ਹੇਗੰਢ ਮੌਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਦੇ ਕੀਤੇ ਕਤਲਾਂ ਲਈ ਉਕਸਾਏ ਜਾਣ ਵਾਲੇ ਕੇਂਦਰੀ ਗ੍ਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਨਿਟ ਵਿਚੋਂ ਬਾਹਰ ਕੱਢ ਕੇ ਗਿ੍ਫਤਾਰ ਕਰਨ, ਬਣਦੀ ਸਜ਼ਾ ਦੇਣ ਅਤੇ ਜੇਲ੍ਹਾਂ ‘ਚ ਬੰਦ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਇਸਦੇ ਨਾਲ ਹੀ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਅਨੁਸਾਰ ਹੱਲ ਕੀਤੇ ਜਾਣ, ਗੰਨੇ ਦੇ ਰਹਿੰਦੇ ਬਕਾਏ ਤੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ, ਪਰਾਲੀ ਦੇ ਸੰਭਾਲਣ ਲਈ ਪ੍ਰਤੀ ਕੁਇੰਟਲ 200 ਰੁਪਏ ਯਾਂ 6000 ਰੁਪਏ ਪ੍ਰਤੀ ਏਕੜ ਦਾ ਬੋਨਸ ਦਿੱਤਾ ਜਾਵੇ। ਇਸ ਦੇ ਨਾਲ ਹੀ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਾਵਾਂ, ਮੀਂਹ ਅਤੇ ਗੜਿਆਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਰਾਮ ਸਿੰਘ ਮਟੋਰਡਾ, ਦਵਿੰਦਰ ਸਿੰਘ ਪੂਨੀਆ, ਗੁਰਮੇਲ ਸਿੰਘ ਢਕਰਬਾ, ਜਗਮੇਲ ਸਿੰਘ ਸੁੱਧੇਵਾਲ, ਜਸਵੀਰ ਸਿੰਘ ਫਤਿਹਪੁਰ, ਸੁਰਿੰਦਰ ਸਿੰਘ ਖਾਲਸਾ, ਕੁਲਵੀਰ ਸਿੰਘ ਟੋਡਰਪੁਰ, ਗੁਰਮੀਤ ਸਿੰਘ ਦਿੱਤੂਪੁਰ, ਹਰਬੰਸ ਦਦਹੇੜਾ ਤੇ ਧਰਮਪਾਲ ਸੀਲ ਆਦਿ ਹਾਜ਼ਰ ਸਨ।