ਕਿਸਾਨਾਂ ਨੇ ਪਟਿਆਲਾ ਰਾਜਪੁਰਾ ਹਾਈਵੇ ‘ਤੇ ਲਾਇਆ ਪੱਕਾ ਮੋਰਚਾ

ਪਟਿਆਲਾ ( ਮਾਲਕ ਸਿੰਘ ਘੁੰਮਣ ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਨੈਸ਼ਨਲ ਹਾਈਵੇ ਰਾਜਪੁਰਾ ਰੋਡ ‘ਤੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ ਅਤੇ ਇਸ ਦੌਰਾਨ ਹਾਈਵੇ ‘ਤੇ ਆਵਾਜਾਈ ਪੂਰਨ ਤੌਰ ‘ਤੇ ਬੰਦ ਕਰ ਦਿੱਤੀ ਗਈ। ਪਟਿਆਲਾ ਤੋਂ ਇਲਾਵਾ ਲੁਧਿਆਣਾ, ਰੋਪੜ, ਮੁਹਾਲੀ ਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਨਾਲ ਸਬੰਧਤ ਕਿਸਾਨ ਇਸ ਧਰਨਾ ਪ੍ਰਦਰਸ਼ਨ ‘ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਈ ਮਹੀਨਿਆਂ ਬਾਅਦ ਮੀਟਿੰਗਾਂ ਕਰਨ ਤੋਂ ਬਾਅਦ ਵੀ ਕਿਸਾਨਾਂ ਦੀਆਂ ਜੋ ਮੰਗਾਂ ਪਹਿਲਾਂ ਮੰਨੀਆਂ ਹੋਈਆਂ ਹਨ ਉਨ੍ਹਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਵਿਰੋਧ ‘ਚ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 16 ਨਵੰਬਰ ਤੋਂ ਧਰੇੜੀ ਜੱਟਾਂ ਟੋਲ ਪਲਾਜਾ ਵਿਖੇ ਧਰਨਾ ਲਾਇਆ ਹੋਇਆ ਹੈ।

ਇਸ ਦੌਰਾਨ ਭਾਵੇਂ ਕਿ ਵਿਚਲੇ ਕੁਝ ਦਿਨ ਆਵਾਜਾਈ ਖੋਲ੍ਹ ਦਿੱਤੀ ਗਈ ਸੀ ਪਰ ਅੱਜ ਜਦ ਕਿਸਾਨਾਂ ਨੂੰ ਮਰਨ ਵਰਤ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦੀ ਖਬਰ ਮਿਲੀ ਤਾਂ ਕਿਸਾਨਾਂ ਨੇ ਰੋਸ ਵਜੋਂ ਆਵਾਜਾਈ ਬੰਦ ਕਰ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਦੀ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜੋਰਾਵਰ ਸਿੰਘ ਬਲਵੇੜਾ ਜ਼ਿਲ੍ਹਾ ਪ੍ਰਧਾਨ, ਦਲਵੀਰ ਸਿੰਘ ਸਿੱਧੂਪੁਰ, ਜਸਵੀਰ ਸਿੰਘ ਸਿੱਧੁਪੁਰ, ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਥੇਹੜੀ, ਸਰਬਜੀਤ ਸਿੰਘ ਕਾਮੀਕਲਾਂ, ਗੁਰਪ੍ਰਰੀਤ ਸਿੰਘ ਸੀਲ, ਸੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਗੁਰਮੀਤ ਸਿੰਘ ਰੁੜਕੀ ਜਿਲਾ ਪ੍ਰਧਾਨ ਫਤਹਿਗੜ੍ਹ ਸਾਹਿਬ, ਰਵਿੰਦਰ ਸਿੰਘ ਜਿਲਾ ਪ੍ਰਧਾਨ ਮੁਹਾਲੀ, ਜਗਤਾਰ ਸਿੰਘ ਬੁੱਢਣਪੁਰ, ਮਹਿੰਦਰ ਸਿੰਘ ਨੂਰਖੇੜੀਆਂ ਅਤੇ ਹੋਰ ਕਿਸਾਨ ਮੌਜੂਦ ਸਨ।