ਪਟਿਆਲਾ (ਮਾਲਕ ਸਿੰਘ ਘੁੰਮਣ ): ਪਟਿਆਲਾ ਵਿਖੇ ਪਿਛਲੇ 25 ਸਾਲਾਂ ਤੋਂ ਸਲੱਮ ਬਸਤੀਆਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਤੇ ਉੱਚ ਦਰਜੇ ਦੀਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣ ਲਈ ਚਲਾਈ ਜਾ ਰਹੀ ‘ਮਸਤੀ ਦੀ ਪਾਠਸ਼ਾਲਾ’ ‘ਚ ਆਰਟ ਐਂਡ ਕਰਾਫ਼ਟ ਵਰਕਸ਼ਾਪ ਕਰਵਾਈ ਗਈ ਤੇ ਬੱਚਿਆਂ ਨੂੰ ਤਿਉਹਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਦੁਸਹਿਰਾ ਮਨਾਇਆ ਗਿਆ। ਇਸ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਲਈ ਉਨਾਂ੍ਹ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਤੇ ਡੀਡੀਐੱਫ ਪਿ੍ਰਆ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ‘ਮਸਤੀ ਦੀ ਪਾਠਸ਼ਾਲਾ’ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ‘ਮੇਰਾ ਬਚਪਨ’ ਪ੍ਰਰਾਜੈਕਟ ਨੂੰ ‘ਮਸਤੀ ਦੀ ਪਾਠਸ਼ਾਲਾ’ ਨਾਲ ਜੋੜਿਆ ਗਿਆ ਹੈ ਜਿਸ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਨਾਲ ਜੋੜਨਾ ਹੈ। ਉਨਾਂ੍ਹ ਕਿਹਾ ਕਿ ਅੱਜ ਬੱਚਿਆਂ ਵਲੋਂ ਆਰਟ ਐਂਡ ਕਰਾਫ਼ਟ ਰਾਹੀਂ ਵੱਖ ਵੱਖ ਵਸਤੂਆਂ ਬਣਾਈਆਂ ਗਈਆਂ ਹਨ ਤੇ ਦੁਸਹਿਰਾ ਮਨਾਇਆ ਗਿਆ ਹੈ। ਉਨਾਂ੍ਹ ਕਿਹਾ ਕਿ ਇਹ ਉਪਰਾਲਾ ਮੁੱਖ ਤੌਰ ਉਤੇ ਉਨਾਂ੍ਹ ਬੱਚਿਆਂ ਨੂੰ ਬਚਪਨ ਦੀਆਂ ਖੁਸ਼ੀਆਂ ਦੇਣਾ ਹੈ ਜੋ ਅਜਿਹੇ ਪਲਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ੍ਹ ਕਿਹਾ ਕਿ ‘ਮਸਤੀ ਦੀ ਪਾਠਸ਼ਾਲਾ’ ਨੂੰ ਹੋਰ ਬਿਹਤਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।