: ਪੰਜਾਬ ਸਿਵਲ ਸਰਵਿਸ ਆਫੀਸਰਜ਼ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਹੜਤਾਲੀ ਪੀਸੀਐੱਸ ਅਧਿਕਾਰੀਆਂ ਪ੍ਰਤੀ ਅਪਣਾਏ ਗਏ ਸਖਤ ਰੁਖ ਤੋਂ ਬਾਅਦ ਮਿੰਨੀ ਸਕੱਤਰੇਤ ਵਿਖੇ ਸਥਿਤ ਆਰਟੀਏ ਦਫ਼ਤਰ ਦੇ ਸਾਰੇ ਕਮਰਿਆਂ ਨੂੰ ਲੱਗੇ ਜਿੰਦਰੇ ਤਕਰੀਬਨ 2 ਵਜੇ ਦੁਪਹਿਰ ਸਮੇਂ ਖੋਲ੍ਹ ਦਿੱਤੇ ਗਏ ਤੇ ਅਧਿਕਾਰੀ ਵਾਪਸ ਕੁਰਸੀਆਂ ‘ਤੇ ਵਿਰਾਜਮਾਨ ਹੋ ਗਏ।
ਬੁੁੱਧਵਾਰ ਸਵੇਰੇ ਤਕਰੀਬਨ 10:30 ਆਰਟੀਏ ਦਫ਼ਤਰ ਸਾਰੇ ਕਮਰਿਆਂ ਨੂੰ ਜ਼ਿੰਦਰੇ ਲੱਗੇ ਹੋਏ ਸਨ ਅਤੇ ਸੰਨਾਟਾ ਛਾਇਆ ਹੋਇਆ ਸੀ ਪਰ ਜਦੋਂ ਦੁਬਾਰਾ 2:10 ਵਜੇ ਦੁਪਹਿਰ ਸਮੇਂ ਆਰਟੀਏ ਦਫ਼ਤਰ ਜਾ ਕੇ ਦੇਖਿਆ ਤਾਂ ਦਫ਼ਤਰ ਦੇ ਕਮਰਿਆਂ ਦੇ ਸਾਰੇ ਜਿੰਦਰੇ ਖੋਲ੍ਹੇ ਹੋਏ ਸਨ ਅਤੇ ਕੁਝ ਸਟਾਫ ਵੀ ਦਫ਼ਤਰ ਵਿਖੇ ਮੌਜੂਦ ਸੀ, ਜਦੋਂ ਕਿ ਸਕੱਤਰ ਆਰਟੀਏ ਦੇ ਦਫ਼ਤਰ ਦੇ ਕਮਰੇ ‘ਚ ਪਈ ਕੁਰਸੀ ਹਾਲੇ ਖਾਲੀ ਸੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੀਸੀਐੱਸ ਅਧਿਕਾਰੀਆਂ ਦੀ ਹੜਤਾਲ ਪ੍ਰਤੀ ਸਖਤ ਰੁਖ ਅਪਣਾਉਂਦਿਆਂ ਬੁੱਧਵਾਰ ਨੂੰ 2 ਵਜੇ ਤਕ ਆਪਣੀ ਡਿਊਟੀ ਜੁਆਇਨ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਚੇਤਾਵਨੀ ਦੇ ਚੱਲਦਿਆਂ ਹੜਤਾਲ ਦੇ ਤੀਜੇ ਦਿਨ 2 ਵਜੇ ਹੀ ਦਫ਼ਤਰ ਦੇ ਜਿੰਦਰੇ ਖੋਲ੍ਹੇ ਗਏ ਹਨ। ਖਬਰ ਲਿਖੇ ਜਾਣ ਤਕ ਭਾਵੇਂ ਉੱੱਚ ਅਧਿਕਾਰੀਆਂ ਵੱਲੋਂ ਹੜਤਾਲ ਵਾਪਸ ਲੈ ਗਈ ਸੀ ਪਰ ਲੋਕ ਖੱਜਲ-ਖੁਆਰ ਹੁੰਦੇ ਨਜ਼ਰ ਆਏ।