ਨਾਟਕ ‘ਚਿੜੀਆਘਰ’ ਦਾ ਸਫ਼ਲ ਮੰਚਨ

ਪਟਿਆਲਾ ( ਮਾਲਕ ਸਿੰਘ ਘੁੰਮਣ ): ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ਪਟਿਆਲਾ ਵੱਲੋਂ ਕਰਵਾਏ ਜਾ ਰਹੇ ਪੋ੍. ਅਜਮੇਰ ਸਿੰਘ ਅੌਲਖ ਨੂੰ ਸਮਰਪਿਤ 8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ‘ਚ ਦੂਜੇ ਦਿਨ ਯੁਵਕ ਥੀਏਟਰ ਜਲੰਧਰ ਵੱਲੋਂ ਡਾ. ਅੰਕੁਰ ਸ਼ਰਮਾ ਦਾ ਰਚਿਆ ਤੇ ਨਿਰਦੇਸ਼ਤਿ ਕੀਤਾ ਨਾਟਕ ‘ਚਿੜੀਆਘਰ’ ਪੇਸ਼ ਕੀਤਾ ਗਿਆ। ਦੋ ਪਾਤਰੀ ਇਸ ਨਾਟਕ ਨੇ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹ ਕੇ ਬਠਾਈ ਰੱਖਿਆ। ਨਾਟਕ ‘ਚ ਦਿਖਾਇਆ ਕਿ ਅਸੀਂ 21ਵੀਂ ਸਦੀ ‘ਚ ਰਹਿੰਦੇ ਹਾਂ ਜਿੱਥੇ ਇਹ ਸੰਸਾਰ ਵਿਸ਼ਵੀਕਰਨ ਅਤੇ ਸੱਭਿਅਤਾ ਦੇ ਸਿਖਰ ‘ਤੇ ਹੈ।

ਸਤ੍ਹਾ ‘ਤੇ ਅਸੀਂ ਇੱਕ ਬਹੁ-ਸੱਭਿਆਚਾਰਕ ਸਮਾਜ ਦੇ ਨਾਗਰਿਕ ਹਾਂ ਜਿਸ ‘ਚ ਵਿਭਿੰਨ ਸ਼ਖਸੀਅਤਾਂ ਲਈ ਬਰਾਬਰ ਥਾਂ ਹੋਣੀ ਚਾਹੀਦੀ ਹੈ ਪਰ ਇਸ ਨਕਲੀ ਸਤ੍ਹਾ ਦੇ ਹੇਠਾਂ ਉਹੀ ਪੁਰਾਣੇ ਸਮਾਜਿਕ ਅੰਤਰ ਅਜੇ ਵੀ ਮੌਜੂਦ ਹਨ ਜੋ ਇੱਕ ਵਿਅਕਤੀ ਨੂੰ ਖੁਸ਼ਹਾਲ, ਸੰਪੂਰਨ ਅਤੇ ਸੁਰੱਖਿਅਤ ਅਤੇ ਦੂਜੇ ਨੂੰ ਬੇਰੁਜ਼ਗਾਰ, ਗਰੀਬ ਅਤੇ ਬੇਸਹਾਰਾ ਬਣਾਉਂਦੇ ਹਨ। ਚਿੜੀਆਘਰ ਆਧੁਨਿਕ ਭਾਰਤ ਦੇ ਇੱਕ ਮਹਾਨਗਰ ਵਿੱਚ ਰਹਿਣ ਵਾਲੇ ਦੋ ਅਜਿਹੇ ਨਾਗਰਿਕਾਂ ਦੀ ਕਹਾਣੀ ਹੈ, ਜੋ ਸ਼ਹਿਰ ਦੇ ਪੌਸ਼ ਖੇਤਰ ਵਿੱਚ ਸਥਿਤ ਇੱਕ ਪਾਰਕ ਵਿੱਚ ਅਚਾਨਕ ਮਿਲ ਜਾਂਦੇ ਹਨ। ਨਾਟਕ ਦੇ ਦੋ ਮੁੱਖ ਕਿਰਦਾਰ ਵਿਸ਼ੇਸ਼ ਅਰੋੜਾ ਅਤੇ ਅੰਕੁਰ ਸ਼ਰਮਾ ਸਨ। ਪ੍ਰਕਾਸ਼ ਸੱਜਾ ਅਤੇ ਅਭਿਸ਼ੇਕ ਭੋਅ ਨੇ ਰਿਸ਼ੀ ਚੀਮਾ ਦੁਆਰਾ ਨਾਟਕ ਵਿੱਚ ਸੰਗੀਤ ਦਾ ਪ੍ਰਬੰਧ ਕੀਤਾ ਅਤੇ ਸਟੇਜ ਸੰਚਾਲਕ ਜੀਵਨ ਡੋਗਰਾ ਨੇ ਨਾਟਕ ਨੂੰ ਸਫ਼ਲ ਬਣਾਉਣ ਵਿੱਚ ਪੂਰਨ ਸਹਿਯੋਗ ਦਿੱਤਾ।

[wpadcenter_ad id='4448' align='none']