ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਕਾਲੇ ਪੀਲੀਏ ਦੇ 240 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਨੇ ਸ਼ੁਰੂ ਕੀਤੀ ਕੈਦੀਆਂ ਦੀ ਜਾਂਚ

ਪਟਿਆਲਾ ( ਮਾਲਕ ਸਿੰਘ ਘੁੰਮਣ ): ਕੇਂਦਰੀ ਜੇਲ੍ਹ ਪਟਿਆਲਾ ’ਚ 240 ਕਾਲਾ ਪੀਲੀਆ ਦੇ ਕੇਸ ਰਿਪੋਰਟ ਹੋਏ ਹਨ। ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਰੀਜ਼ਾਂ ਨੂੰ ਜਲਦ ਤੋਂ ਜਲਦ ਇਲਾਜ ਲਈ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ।

ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਸਰਵੀਲਾਂਸ ਅਫ਼ਸਰ ਡਾ. ਦਿਵਯਜੋਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਹੈਪੇਟਾਈਟਸ ਪ੍ਰੋਗਰਾਮ ਤਹਿਤ ਜੇਲ੍ਹਾਂ ਵਿਚ ਕੈਦੀਆਂ ਦੀ ਜਾਂਚ ਕੀਤੀ ਜਾਂਦੀ ਹੈ ਜੋ ਕਿ ਮੁਹਿੰਮ ਦਾ ਹੀ ਹਿੱਸਾ ਹੈ। ਇਸੇ ਤਹਿਤ ਸਿਹਤ ਵਿਭਾਗ ਵੱਲੋਂ 2400 ਦੇ ਕਰੀਬ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ ਦੀ ਹੈਪੇਟਾਈਟਸ ‘ਸੀ’ ਦੀ ਜਾਂਚ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੂੰ ਲੰਘੇ ਦਿਨੀਂ 1768 ਦੇ ਕਰੀਬ ਹੈਪੇਟਾਈਟਸ ‘ਸੀ’ ਦੀ ਮੁੱਢਲੀ ਜਾਂਚ ਰਿਪੋਰਟਾਂ ਮਿਲੀਆਂ ਹਨ ਜਿਨ੍ਹਾਂ ਵਿਚ 240 ਦੇ ਕਰੀਬ ਕੈਦੀਆਂ ਵਿਚ ਹੈਪੇਟਾਈਟਸ ‘ਸੀ’ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੈਦੀਆਂ ਵਿਚ ਕਈ ਅਜਿਹੇ ਕੈਦੀ ਵੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਕਈ ਕੈਦੀਆਂ ਦਾ ਇਲਾਜ ਵੀ ਪੂਰਾ ਹੋ ਗਿਆ ਹੈ। ਹੁਣ ਵਿਭਾਗ ਵੱਲੋਂ 130 ਦੇ ਕਰੀਬ ਅਗਲੇਰੀ ਜਾਂਚ ਲਈ ਵਾਇਰਲ ਲੋਡ ਟੈਸਟ ਕੀਤਾ ਜਾਵੇਗਾ ਜਿਸ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਉਨ੍ਹਾਂ ਕੈਦੀਆਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ।

[wpadcenter_ad id='4448' align='none']