ਚੰਡੀਗੜ੍ਹ, 01 may
ਪੰਜਾਬ ਸੜਕ ਸੁਰੱਖਿਆ ਤੇ ਟ੍ਰੈਫਿਕ ਖੋਜ ਕੇਂਦਰ (ਪੀ.ਆਰ.ਐਸ.ਟੀ.ਆਰ.ਸੀ.) ਨੇ ਅੱਜ ਸੂਬੇ ਵਿੱਚ ਸੁਰੱਖਿਅਤ ਸੜਕਾਂ ਬਣਾਉਣ ਅਤੇ ਹਾਦਸਿਆਂ ਨੂੰ ਘਟਾਉਣ ਦੀ ਦਿਸ਼ਾ ਵੱਲ ਪ੍ਰਗਤੀ ਦਾ ਇੱਕ ਸਾਲ ਪੂਰਾ ਕਰਦਿਆਂ ਆਪਣੀ ਪਹਿਲੀ ਵਰ੍ਹੇਗੰਢ ਮਨਾਈ ਹੈ। ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫਿਕ ਏ.ਐਸ. ਰਾਏ ਨੇ ਦਿੱਤੀ।
ਪੰਜਾਬ ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਸੈਂਟਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਲਈ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੀ.ਆਰ.ਐਸ.ਟੀ.ਆਰ.ਸੀ. ਸਬੂਤ ਆਧਾਰਿਤ ਪੁਲਿਸਿੰਗ ਅਤੇ ਡਾਟਾ-ਅਧਾਰਿਤ ਫੈਸਲੇ ਲੈਣ ਲਈ ਅੰਦਰੂਨੀ ਪ੍ਰਬੰਧ ਕਰਨ ਵੱਲ ਪਹਿਲਾ ਕਦਮ ਹੈ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਸਾਨੂੰ ਨਾ ਸਿਰਫ਼ ਸਾਡੇ ਸਰੋਤਾਂ ਨੂੰ ਅਨੁਕੂਲ ਬਣਾਉਣ ਵਿੱਚ ਮਦਦ ਮਿਲੀ ਹੈ, ਸਗੋਂ ਡਾਟਾ-ਅਧਾਰਿਤ ਪਹੁੰਚ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਯੋਜਨਾ ਬਣਾਉਣ ਵਿੱਚ ਵੀ ਮਦਦ ਮਿਲੀ ਹੈ।
ਸੈਂਟਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਏਡੀਜੀਪੀ ਏ.ਐਸ. ਰਾਏ ਨੇ ਕਿਹਾ ਕਿ ਸੈਂਟਰ ਨੇ ਸੂਬੇ ਵਿੱਚ ਸੜਕ ਸੁਰੱਖਿਆ ਪੇਸ਼ੇਵਰਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ, ਜੋ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਾਰਿਆਂ ਲਈ ਸੁਰੱਖਿਅਤ ਟਰਾਂਸਪੋਰਟ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਨੇ ਆਧੁਨਿਕ ਕਰੈਸ ਇੰਵੈਸਟੀਗੇਸ਼ਨ ਵਹੀਕਲ ਅਤੇ ਸਮਾਰਟ ਬੈਰੀਕੇਡਾਂ ਵਿਕਸਤ ਕਰਕੇ ਖੋਜ ਅਤੇ ਨਵੀਨਤਾ ਵਿੱਚ ਯੋਗਦਾਨ ਪਾਇਆ ਹੈ ਜੋ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਏ.ਆਈ. ਦੀ ਵਰਤੋਂ ਕਰਦੇ ਹਨ।
ਸ੍ਰੀ ਰਾਏ ਨੇ ਕਿਹਾ ਕਿ ਸੈਂਟਰ ਨੇ ਸੂਬੇ ਵਿੱਚ 784 ਐਕਸੀਡੈਂਟ ਬਲੈਕ ਸਪਾਟਾਂ ਦੀ ਪਛਾਣ ਕੀਤੀ ਹੈ ਅਤੇ ਰਾਸ਼ਟਰੀ ਰਾਜਮਾਰਗਾਂ ਦੇ ਸੁਧਾਰ ਲਈ 1100 ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸੈਂਟਰ ਵੱਲੋਂ ਐਨ.ਐਚ.ਏ.ਆਈ. ਨਾਲ ਮਿਲ ਕੇ ਪਿਛਲੇ ਇੱਕ ਸਾਲ ਵਿੱਚ ਹੁਣ ਤੱਕ 239 ਬਲੈਕ ਸਪਾਟਾਂ ‘ਤੇ ਕੰਮ ਕੀਤਾ ਗਿਆ ਹੈ ਅਤੇ ਇਸ ਦੌਰਾਨ ਇਹ ਪਾਇਆ ਗਿਆ ਹੈ ਕਿ 124 ਬਲੈਕ ਸਪਾਟ ਖ਼ਤਮ ਹੋ ਗਏ ਹਨ ਅਤੇ ਹੁਣ ਬਲੈਕ ਸਪਾਟਸ ਦੀ ਸੂਚੀ ਵਿੱਚ ਨਹੀਂ ਹਨ। ਇਸ ਨਾਲ ਬਲੈਕ ਸਪਾਟਾਂ ਵਿੱਚ 52 ਫ਼ੀਸਦੀ ਦੀ ਮਹੱਤਵਪੂਰਨ ਕਮੀ ਦਾ ਪਤਾ ਚਲਦਾ ਹੈ।
ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਬਾਰੇ ਵੇਰਵੇ ਦਿੰਦਿਆਂ ਪੰਜਾਬ ਟਰੈਫਿਕ ਸਲਾਹਕਾਰ-ਕਮ-ਡਾਇਰੈਕਟਰ ਪੀ.ਆਰ.ਐਸ.ਟੀ.ਆਰ.ਸੀ. ਡਾ. ਨਵਦੀਪ ਅਸੀਜਾ ਨੇ ਦੱਸਿਆ ਕਿ 2016-2018 ਦੌਰਾਨ ਸ਼ਨਾਖਤ ਕੀਤੇ ਇਨ੍ਹਾਂ ਬਲੈਕ ਸਪਾਟਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ 1434 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਮੁਲਾਂਕਣ ਸਮੇਂ ਦੌਰਾਨ ਇਨ੍ਹਾਂ ਬਲੈਕ ਸਪਾਟਾਂ ‘ਤੇ ਮੌਤਾਂ ਦੀ ਗਿਣਤੀ ਘਟ ਕੇ 932 ਹੋ ਗਈ ਹੈ। ਇਹ ਇਹਨਾਂ ਸਥਾਨਾਂ ‘ਤੇ ਹੋਣ ਵਾਲੀਆਂ ਮੌਤਾਂ ਵਿੱਚ 35 ਫ਼ੀਸਦ ਦੀ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਸੈਂਟਰ ਆਫ ਐਕਸੀਲੈਂਸ ਫਾਰ ਰੋਡ ਸੇਫਟੀ ਐਂਡ ਟਰੈਫਿਕ ਮੈਨੇਜਮੈਂਟ ਵਿਖੇ ਇੱਕ ਖੇਤਰੀ ਖੋਜ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ।
ਨਵਦੀਪ ਅਸੀਜਾ ਨੇ ਕਿਹਾ ਕਿ ਪੀ.ਆਰ.ਐਸ.ਟੀ.ਆਰ.ਸੀ. ਨੇ ਸਮਰੱਥਾ-ਨਿਰਮਾਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ 500 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਹਾਦਸੇ ਦੀ ਜਾਂਚ ਅਤੇ ਨਵੀਨਤਮ ਮੋਟਰ ਵਾਹਨ ਸੋਧਾਂ ਬਾਰੇ ਸਿਖਲਾਈ ਦਿੱਤੀ ਹੈ। ਇਹ ਸੈਂਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਸਲਾਹ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ।
ਇਹ ਸੈਂਟਰ ਖੋਜ ਤੇ ਵਿਕਾਸ ਕਾਰਜਾਂ ਅਤੇ ਸਮਰੱਥਾ ਨਿਰਮਾਣ ਸਬੰਧੀ ਆਈ.ਆਈ.ਟੀ. ਰੁੜਕੀ ਅਤੇ ਆਈ.ਆਈ.ਟੀ. ਦਿੱਲੀ ਵਰਗੀਆਂ ਪ੍ਰਸਿੱਧ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਸ ਸੈਂਟਰ ਦੀ ਇਕ ਹੋਰ ਵੱਡੀ ਪ੍ਰਾਪਤੀ ਪਾਥਸ (ਪੰਜਾਬ ਅਸੈਸਮੈਂਟ ਟੂਲ ਆਫ਼ ਹਾਈਵੇਅ ਸੇਫਟੀ) ਵੀ ਹੈ। ਪਾਥਸ ਉਹਨਾਂ ਖੇਤਰਾਂ ਦਾ ਮੁਲਾਂਕਣ ਅਤੇ ਪਛਾਣ ਕਰਨ ਲਈ ਨਵੀਨਤਾਕਾਰੀ ਸਾਧਨ ਹੈ ਜਿਹਨਾਂ ਖੇਤਰਾਂ ਨੂੰ ਸੁਰੱਖਿਅਤ ਸੜਕਾਂ ਪੱਖੋਂ ਸੁਧਾਰ ਦੀ ਲੋੜ ਹੁੰਦੀ ਹੈ।
———–