ਬਠਿੰਡਾ ਵਿਖੇ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਖਰਚੇਗੀ 2.53 ਕਰੋੜ ਰੁਪਏ : ਡਾ: ਇੰਦਰਬੀਰ ਸਿੰਘ ਨਿੱਜਰ

Punjab government will spend 2.53 crores

ਚੰਡੀਗੜ੍ਹ, 02 ਮਈ

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਅੱਜ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੀ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ‘ਤੇ 2.53 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰੋਜੈਕਟ ਦਾ ਉਦੇਸ਼ ਖੇਤਰ ਦੇ ਸਮੁੱਚੇ ਸੁਹਜ ਨੂੰ ਮੁੜ ਸੁਰਜੀਤ ਕਰਨਾ ਅਤੇ ਵਧਾਉਣਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਸਰਕਾਰ ਵੱਲੋਂ ਇਲਾਕੇ ਦੇ ਕਈ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਜਾਵੇਗਾ। ਡੇਰਾ ਖੂਹ ਵਾਲਾ ਨੇੜੇ 54.71 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੀ ਕਾਇਆ ਕਲਪ ਕੀਤੀ ਜਾਵੇਗੀ, ਜਦੋਂ ਕਿ ਵਿਸ਼ਵਕਰਮਾ ਮੰਦਰ ਨੇੜੇ 51.99 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਨਵੀਨੀਕਰਨ ਕੀਤਾ ਜਾਵੇਗਾ। ਗੁਰਦੁਆਰਾ ਮਾਨਸਰੋਵਰ ਨੇੜੇ ਛੱਪੜ ਨੂੰ 32.59 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ, ਜਦਕਿ ਕਾਲੇ ਬਾਗ ਰੋਡ ਦੇ ਛੱਪੜ ਨੂੰ 47.32 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ। 63.31 ਲੱਖ ਰੁਪਏ ਦੀ ਲਾਗਤ ਨਾਲ ਨਾਮਧਾਰੀ ਤਲਾਬ ਨੂੰ ਵੀ ਸੁਰਜੀਤ ਕੀਤਾ ਜਾਵੇਗਾ।

ਛੱਪੜਾਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ, ਸਰਕਾਰ ਵੱਲੋਂ ਵਾਰਡ ਨੰ-2 ਅਤੇ ਵਾਰਡ ਨੰ-5 ਵਿੱਚ ਦੋ ਇਨ ਸੀਟੂ (ਸਕ੍ਰੀਨਿੰਗ ਕਮ ਗਰਿੱਟ ਚੈਂਬਰ) ਵੀ ਬਣਾਏ ਜਾਣਗੇ। ਜਿਹਨਾਂ ਦੀ ਪ੍ਰਤੀ ਇਨ ਸੀਟੂ ਲਾਗਤ 1.67 ਲੱਖ ਰੁਪਏ ਹੋਵੇਗੀ।

ਡਾ: ਨਿੱਜਰ ਨੇ ਅੱਗੇ ਕਿਹਾ ਕਿ ਸੁੰਦਰੀਕਰਨ ਪ੍ਰੋਜੈਕਟ ਨਾ ਸਿਰਫ ਖੇਤਰ ਦੀ ਸਮੁੱਚੀ ਦਿੱਖ ਨੂੰ ਵਧਾਏਗਾ ਬਲਕਿ ਨਿਵਾਸੀਆਂ ਅਤੇ ਸੈਲਾਨੀਆਂ ਲਈ ਇੱਕ ਹੋਰ ਸੁਹਾਵਣਾ ਅਤੇ ਅਨੰਦਦਾਇਕ ਵਾਤਾਵਰਣ ਵੀ ਪ੍ਰਦਾਨ ਕਰੇਗਾ। ਪ੍ਰੋਜੈਕਟ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ, ਅਤੇ ਸਰਕਾਰ ਦਾ ਟੀਚਾ ਹੈ ਕਿ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।

[wpadcenter_ad id='4448' align='none']