ਪਟਿਆਲਾ (ਮਾਲਕ ਸਿੰਘ ਘੁੰਮਣ )ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ 28-29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਹੋਣ ਵਾਲੇ ਪਲੇਠੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕੀਤਾ। ਬੀਤੇ ਦਿਨ ਆਪਣੀ ਪਟਿਆਲਾ ਫੇਰੀ ਮੌਕੇ ਸਰਕਟ ਹਾਊਸ ਵਿਖੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ (ਐੱਮਐੱਲਐੱਫ) ਦਾ ਦਾਇਰਾ ਵਧਾ ਕੇ ਰਾਜ ਭਰ ‘ਚ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ ‘ਤੇ ਲਿਜਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਫੈਸਟੀਵਲ 28-29 ਜਨਵਰੀ ਨੂੰ ਕਰਵਾਉਣਾ ਉਲੀਕ ਕੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ, ਲੈਫਟੀਨੈਂਟ ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ ਅਤੇ ਲੈਫਟੀਨੈਂਟ ਕਰਨਲ (ਰਿਟਾ.) ਪੀਐੱਸ ਗਰੇਵਾਲ ਨੂੰ ਇਸ ਆਯੋਜਨ ਲਈ ਅਗੇਤੀ ਵਧਾਈ ਵੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਗੁਰਲਾਲ ਘਨੌਰ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।