ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਇਆ ਸੈਮੀਨਾਰ

ਪਟਿਆਲਾ ( ਮਾਲਕ ਸਿੰਘ ਘੁੰਮਣ ): ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ‘ਚ ਸਥਾਪਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ‘ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਮਨੁੱਖੀ ਅਧਿਕਾਰ ਵਿਸ਼ੇ’ ‘ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਨਾਲ ਅੌਰੰਗਜ਼ੇਬ ਦੇ ਅੱਤਿਆਚਾਰ ਦੀ ਜੜ੍ਹ ਪੁੱਟਣ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਧਰਤੀ ਤੋਂ ਅੌਰੰਗਜ਼ੇਬ ਦੇ ਜੁਲਮਾਂ ਦਾ ਖਾਤਮਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਪ੍ਰਕਾਸ਼ਤ ਪੁਸਤਕ ਗੁਰੂ ਤੇਗ ਬਹਾਦਰ ਸਾਹਿਬ: ਅਧਿਐਨ, ਸਰਵੇਖਣ ਅਤੇ ਮੁਲਾਂਕਣ ਨੂੰ ਰਿਲੀਜ਼ ਕਰਦਿਆਂ ਉਨਾਂ੍ਹ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਉਣ ਵਾਲੇ ਸਮੇਂ ਵਿਚ ਉੱਚ ਮਿਆਰੀ ਖੋਜ-ਕਾਰਜ ਉਲੀਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੋ੍. ਸੁਖਦਿਆਲ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇਤਿਹਾਸਕ ਪਿਛੋਕੜ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੌਰੰਗਜ਼ੇਬ ਨੇ ਆਪਣੀਆਂ ਤਾਨਾਸ਼ਾਹ ਨੀਤੀਆਂ ਲਾਗੂ ਕੀਤੀਆਂ ਸਨ ਉਹ ਹੋਰਨਾਂ ਧਰਮਾਂ ਦੇ ਚਿੰਨਾਂ੍ਹ ਅਤੇ ਸਥਾਨਾਂ ਨੂੰ ਮਲੀਆਮੇਟ ਕਰ ਰਿਹਾ ਸੀ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਅੌਰੰਗਜੇਬ ਦੇ ਜੁਲਮਾਂ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਮਹਾਂ-ਨਾਇਕ ਵਜੋਂ ਉਭਰ ਰਹੇ ਸਨ।

ਗੁਰੂ ਤੇਗ ਬਹਾਦਰ ਸਾਹਿਬ ਦੀ ਵਧ ਰਹੀ ਰੂਹਾਨੀ ਤਾਕਤ ਕਰਕੇ ਪੀੜਿਤ ਧਿਰ ਆਪਣੀ ਫਰਿਆਦ ਲੈ ਕੇ ਆਉਣ ਲੱਗੀ। ਕਸ਼ਮੀਰੀ ਪੰਡਤ ਇਸੇ ਉਮੀਦ ਨਾਲ ਗੁਰੂ ਤੇਗ ਬਹਾਦਰ ਜੀ ਕੋਲ ਆਏ। ਰਾਜਨੀਤੀ ਵਿਗਿਆਨ ਦੇ ਪੋ੍ਫੈਸਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਿਧਾਂਤਕ ਪੱਖਾਂ ਨੂੰ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਵਿਚ ਸਮਝਣ ਲਈ ਮਹੱਤਵਪੂਰਨ ਨੁਕਤੇ ਪੇਸ਼ ਕੀਤੇ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ, ਪੋ੍ਫੈਸਰ ਮੇਹਰ ਸਿੰਘ ਗਿੱਲ, ਡਾ. ਜਸਵਿੰਦਰ ਸਿੰਘ, ਡਾ. ਅਰਵਿੰਦ ਰਿਤੂਰਾਜ ਆਦਿ ਹਾਜ਼ਰ ਸਨ।