ਕੋਟਕਪੂਰਾ, 11 ਮਾਰਚ 2024 ( ) :- ਆਰਥਿਕ ਪੱਖੋਂ ਕਮਜੋਰ ਜਾਂ ਮਾਂ-ਬਾਪ ਦੇ ਆਸਰੇ ਤੋਂ ਬਿਨਾਂ ਸਰਕਾਰੀ ਸਕੂਲਾਂ ’ਚ ਪੜਦੇ ਪੜਾਈ ਵਿੱਚ ਹੁਸ਼ਿਆਰ ਬੱਚਿਆਂ ਲਈ ਫਿਕਰਮੰਦ ਰਹਿਣ ਵਾਲੀ ਸੰਸਥਾ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਜਿਸ ਤਰਾਂ ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਰੋਹ ਅਤੇ ਵੱਡੇ ਵੱਡੇ ਸਮਾਗਮ ਕਰਵਾਏ ਜਾਂਦੇ ਹਨ, ਉਸ ਤੋਂ ਹੋਰਨਾਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਪੇ੍ਰਰਨਾ ਲੈਣ ਦੀ ਲੋੜ ਹੈ। ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੁਸਾਇਟੀ ਨੂੰ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ 2 ਲੱਖ ਰੁਪਏ ਦਾ ਚੈੱਕ ਭੇਂਟ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਵੀ ਇਹੀ ਸੋਚ ਹੈ ਕਿ ਸਰਕਾਰੀ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲ ਕੇ, ਸਮੁੱਚੇ ਸਟਾਫ ਸਮੇਤ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾ ਕੇ ਅਰਥਾਤ ਵਧੀਆ ਅਤੇ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਨਾਲ ਹੀ ਪੰਜਾਬ ਦੀ ਦਿਸ਼ਾ ਤੇ ਦਸ਼ਾ ਬਦਲੇਗੀ, ਅਰਥਾਤ ਰੰਗਲਾ ਪੰਜਾਬ ਬਣੇਗਾ।
ਉਹਨਾਂ ਦੱਸਿਆ ਕਿ ਰਾਮ ਮੁਹੰਮਦ ਸਿੰਘ ਅਜਾਦ ਸੁਸਾਇਟੀ ਦੇ ਪ੍ਰਧਾਨ ਅਸ਼ੌਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਸਮੁੱਚੀ ਟੀਮ ਵਲੋਂ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਨ ਦੇ ਨਾਲ ਨਾਲ ਹੋਰਨਾ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜਾਉਣ ਅਤੇ ਪੜਾਈ ਵਿੱਚ ਉਤਸ਼ਾਹਿਤ ਕਰਨ ਦੇ ਉਪਰਾਲੇ ਪ੍ਰਸੰਸਾਯੋਗ ਹਨ।
ਉਹਨਾ ਆਖਿਆ ਕਿ ਪਿਛਲੇ ਸਾਲ ਇਸ ਸੁਸਾਇਟੀ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਤਾਂ ਇਹਨਾਂ ਨੇ ਅੱਠਵੀਂ ਤੱਕ 2000, ਦਸਵੀਂ ਤੱਕ 2500 ਅਤੇ ਬਾਰਵੀਂ ਤੱਕ 3 ਹਜਾਰ ਰੁਪਿਆ ਪ੍ਰਤੀ ਵਿਦਿਆਰਥੀ ਰਾਸ਼ੀ ਵੰਡਣ ਲਈ ਚੋਣ ਕੀਤੀ, ਮਾਤਾ-ਪਿਤਾ ਦੇ ਸਹਾਰੇ ਤੋਂ ਬਿਨਾ ਸਰਕਾਰੀ ਸਕੂਲਾਂ ’ਚ ਪੜਦੇ ਅਜਿਹੇ 40 ਹੁਸ਼ਿਆਰ ਬੱਚਿਆਂ ਦੀ ਚੋਣ ਕਰਕੇ ਸੁਸਾਇਟੀ ਨੇ ਇਕ ਲੱਖ ਰੁਪਏ ਤੋਂ ਵੀ ਜਿਆਦਾ ਰਾਸ਼ੀ ਉਕਤ ਬੱਚਿਆਂ ’ਚ ਵੰਡੀ ਤੇ ਹੁਣ ਸੁਸਾਇਟੀ ਨੂੰ ਇਸ ਸਾਲ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ।
ਉਪਰੋਕਤ ਤੋਂ ਇਲਾਵਾ ਪੋ੍ ਐੱਚ.ਐੱਸ. ਪਦਮ, ਜਸਵਿੰਦਰ ਸਿੰਘ ਬਰਾੜ, ਮੁਖਤਿਆਰ ਸਿੰਘ ਮੱਤਾ, ਗੁਰਨਾਮ ਸਿੰਘ ਭੁੱਲਰ, ਸਵਰਨ ਸਿੰਘ ਵਿਰਦੀ ਅਤੇ ਹੋਰ ਅਹੁਦੇਦਾਰਾਂ ਦੀ ਹਾਜਰੀ ਵਿੱਚ ਮਾ ਐੱਸ.ਐੱਸ. ਸੁਨਾਮੀ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਸੁਸਾਇਟੀ ਵਲੋਂ ਇਸ ਵਾਰ 40 ਤੋਂ ਵਧਾ ਕੇ 100 ਜਰੂਰਤਮੰਦ ਪਰ ਹੁਸ਼ਿਆਰ ਅਤੇ ਕਾਬਲੀਅਤ ਰੱਖਣ ਵਾਲੇ ਬੱਚਿਆਂ ਦੀ ਚੋਣ ਕਰਨ ਉਪਰੰਤ ਢਾਈ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਉਕਤ ਬੱਚਿਆਂ ਵਿੱਚ ਵੰਡੀ ਜਾਵੇਗੀ।
ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ, ਸੁਖਵੰਤ ਸਿੰਘ ਪੱਕਾ ਜਿਲਾ ਪ੍ਰਧਾਨ (ਯੂਥ ਵਿੰਗ), ਮਨਜੀਤ ਸ਼ਰਮਾ ਆਦਿ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਰਕਰ, ਆੜਤੀਏ, ਕਿਸਾਨ, ਮਜਦੂਰ, ਵਪਾਰੀ ਅਤੇ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।