ਫਾਜ਼ਿਲਕਾ 17 ਜਨਵਰੀ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇਥੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 20 ਪਿੰਡਾਂ ਵਿੱਚ ਪਿੰਡ ਪੱਧਰੀ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਬਣਾਈਆਂ ਜਾਣਗੀਆਂ। ਉਨਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਕਾਰਵਾਈ ਤੇਜ਼ੀ ਨਾਲ ਕੀਤੀ ਜਾਵੇ। ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 2.88 ਲੱਖ ਹੈਕਟੇਅਰ ਰਕਬਾ ਹੈ ਅਤੇ ਇਸ ਵਿੱਚੋਂ 2.48 ਲੱਖ ਏਕਟੇਅਰ ਰਕਬਾ ਖੇਤੀ ਅਧੀਨ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹ ਲੈਬੋਰਟਰੀਜ਼ ਬਣ ਜਾਣਗੀਆਂ ਤਾਂ ਕਿਸਾਨਾਂ ਨੂੰ ਭੂਮੀ ਪਰਖ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਇਸ ਨਾਲ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਜ਼ਦੀਕ ਹੀ ਮਿੱਟੀ ਪਰਖ ਦੀ ਸਹੂਲਤ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਜ਼ਿਲ੍ਹੇ ਵਿੱਚ ਤਿੰਨ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਚੱਲ ਰਹੀਆਂ ਹਨ ਜਿਨਾਂ ਦੀ ਪ੍ਰਤੀ ਸਾਲ 15 ਹਜਾਰ ਨਮੂਨੇ ਚੈੱਕ ਕਰਨ ਦੀ ਸਮਰੱਥਾ ਹੈ ਪਰ ਨਵੀਆਂ ਲੈਬ ਬਣਨ ਨਾਲ ਜ਼ਿਲ੍ਹੇ ਦੀ ਭੂਮੀ ਪਰਖ ਸੈਂਪਲਾਂ ਦੀ ਜਾਂਚ ਦੀ ਸਮਰੱਥਾ ਵਿੱਚ 60 ਹਜਾਰ ਸੈਂਪਲ ਪ੍ਰਤੀ ਸਾਲ ਦਾ ਵਾਧਾ ਹੋਵੇਗਾ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾ ਨੇ ਦੱਸਿਆ ਕਿ ਇਸ ਸਬੰਧੀ ਸਹਿਕਾਰੀ ਸਭਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿੱਥੇ ਇਹ ਪਿੰਡ ਪੱਧਰੀ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਬਣਾਈਆਂ ਜਾਣਗੀਆਂ। ਇਸ ਤੋਂ ਬਿਨਾਂ ਬੈਠਕ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਮੁਖੀ ਡਾ ਅਰਵਿੰਦ ਕੁਮਾਰ ਅਹਿਲਾਵਤ, ਬਲਾਕ ਖੇਤੀਬਾੜੀ ਅਫਸਰ ਪਰਮਿੰਦਰ ਸਿੰਘ ਧੰਜੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫਾਜ਼ਿਲਕਾ ਜ਼ਿਲ੍ਹੇ ਵਿੱਚ ਬਣਾਈਆਂ ਜਾਣਗੀਆਂ 20 ਪਿੰਡ ਪੱਧਰੀ ਭੂਮੀ ਪਰਖ ਪ੍ਰਯੋਗਸ਼ਾਲਾਵਾਂ -ਡਿਪਟੀ ਕਮਿਸ਼ਨਰ
Date: