ਲੁਧਿਆਣਾ, 15 ਦਸੰਬਰ – ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਵਲੋਂ ਸਥਾਨਕ ਮਾਤਾ ਸ਼ਿਵ ਦੇਵੀ ਨੋਬਲ ਹਸਪਤਾਲ ਦੁਗਰੀ ਵਿਖੇ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਉਨ੍ਹਾ ਦੇ ਨਾਲ ਡੀ.ਬੀ.ਈ.ਈ. ਤੋਂ ਰੋਜ਼ਗਾਰ ਅਫ਼ਸਰ ਜੀਵਨਦੀਪ ਸਿੰਘ, ਐਲ.ਡੀ.ਐਮ. ਲੁਧਿਆਣਾ ਸਰਬਜੀਤ ਸਿੰਘ, ਏ.ਜੀ.ਐਮ. ਸਿਡਬੀ ਈਸ਼ਾ ਗੁਪਤਾ, ਮੈਨੇਜਰ ਸਿਡਬੀ ਆਦਿਤਿਆ, ਸੀਨੀਅਰ ਜਨਰਲ ਮੈਨੇਜਰ ਰਾਜੇਸ਼ ਜੈਨ, ਜੋਗਿੰਦਰ ਸਿੰਘ, ਵਿਕਾਸ ਅਫਸਰ ਐਨ.ਐਸ.ਆਈ.ਸੀ. ਪੀ.ਪੀ. ਸਿੰਘ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਤਾ ਸ਼ਿਵ ਦੇਵੀ ਨੋਬਲ ਹਸਪਤਾਲ ਦੁਗਰੀ ਵਿਖੇ 35 ਦਿਨਾ ਸਿਡਬੀ ਸਪਾਂਸਰਡ ਹੋਮ ਹੈਲਥ ਏਡ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਫੀ ਮੰਗ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਲਈ ਜ਼ਿਲ੍ਹਾ ਲੁਧਿਆਣਾ ਦੇ 50 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਬਜੁ਼ਰਗ, ਬਿਰਧ ਵਿਅਕਤੀ ਅਤੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਦੇ ਕਿਸੇ ਵੀ ਮਰੀਜ਼ ਦੀ ਦੇਖਭਾਲ ਕਿਵੇਂ ਕਰਨੀ ਹੈ?, ਬਾਰੇ ਥਿਊਰੀ ਅਤੇ ਪ੍ਰੈਕਟੀਕਲ ਤੌਰ ‘ਤੇ ਜਾਣਕਾਰੀ ਦਿੱਤੀ ਜਾਵੇਗੀ। ਇਹ ਕੋਰਸ ਉਨ੍ਹਾਂ ਨੂੰ ਇਹ ਵੀ ਸਿਖਾਏਗਾ ਕਿ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਨੂੰ ਦਵਾਈ, ਭੋਜਨ ਅਤੇ ਨਿੱਜੀ ਰੋਜ਼ਾਨਾ ਰੂਟੀਨ ਦੀ ਦੇਖਭਾਲ ਕਿਵੇਂ ਕਰਨੀ ਹੈ। ਇਸ ਕੋਰਸ ਨੂੰ ਪੂਰਾ ਕਰਨ ਵਾਲੇ ਸਾਰੇ ਸਿਖਿਆਰਥੀਆਂ ਨੂੰ ਸਰਕਾਰੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ੳਨ੍ਹਾ ਇਹ ਵੀ ਦੱਸਿਆ ਕਿ ਇਸ ਕੋਰਸ ਦੀ ਕੋਈ ਫੀਸ ਨਹੀਂ ਰੱਖੀ ਗਈ ਸਗੋਂ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਾਨਾ ਮੁਫ਼ਤ ਦੁਪਹਿਰ ਦਾ ਖਾਣਾ ਅਤੇ ਮੁਫ਼ਤ ਟੂਲ ਕਿੱਟ ਵੀ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।