Friday, January 10, 2025

65ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

Date:


ਚੰਡੀਗੜ੍ਹ/ਜਲੰਧਰ, 21 ਅਕਤੂਬਰ:

  ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਲੋਹਾ ਲੈਂਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮੱਦੇਨਜ਼ਰ ਸੋਮਵਾਰ ਨੂੰ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ ਵਿਖੇ 65ਵਾਂ ਸੂਬਾ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ।

  ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਬੇਮਿਸਾਲ ਫੋਰਸ ਹੈ, ਜਿਸ ਨੇ ਸ਼ਾਂਤੀ ਅਤੇ ਅਸਥਿਰਤਾ  ਦੇ ਦੌਰ ਵਿੱਚ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਹੁਣ ਤੱਕ ਪੰਜਾਬ ਪੁਲਿਸ ਦੇ  1799 ਮੁਲਾਜ਼ਮਾਂ ਜਿਨ੍ਹਾਂ ਵਿੱਚ ਇਸ ਸਾਲ ਦੇ ਦੋ ਮੁਲਾਜ਼ਮ ਸ਼ਾਮਲ ਹਨ,  ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾਈ ।
  ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੀ ਬਹਾਦਰੀ, ਦਲੇਰੀ ਅਤੇ ਸਫਲਤਾਪੂਰਵਕ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਤ ਭੂਮੀ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਹਮੇਸ਼ਾ ਦ੍ਰਿੜ ਤੇ ਮੋਹਰੀ ਰਹੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਲਗਾਤਾਰ  ਯਤਨ ਕਰਦੀ ਰਹੇਗੀ।

  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਟਰੀਟ ਕ੍ਰਾਈਮ ਅਤੇ ਨਸ਼ਿਆਂ ਦੀ ਵਿਕਰੀ ਦੋ ਅਜਿਹੀਆਂ ਗੰਭੀਰ ਚੁਣੌਤੀਆਂ ਹਨ, ਜੋ ਸਿੱਧੇ ਤੌਰ ’ਤੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਟਰੀਟ ਕ੍ਰਾਈਮ ਨਾਲ ਨਜਿੱਠਣ ਲਈ, ਅਪਰਾਧ ਮੈਪਿੰਗ ਦੀ ਵਰਤੋਂ ਕਰਦੇ ਹੋਏ ਅਪਰਾਧ ਦੇ ਹੌਟਸਪੌਟਸ ਦੀ ਪਛਾਣ ਕਰਨ ਅਤੇ ਅਜਿਹੇ ਖੇਤਰਾਂ ’ਤੇ ਪੁਲਿਸ ਗਸ਼ਤ ਅਤੇ ਤਾਇਨਾਤੀ ਨੂੰ ਵਧਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ।

  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਸ਼ਿਆਂ ਦੇ ਮਕੜ-ਜਾਲ ਨੂੰ ਤੋੜਨ ਲਈ ਲੋਕਾਂ ਦੇ ਸੁਹਿਰਦ ਸਹਿਯੋਗ ਨਾਲ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲੀਆਂ ਥਾਵਾਂ ਬਾਰੇ ਸਿੱਧੀ ਤੇ ਪੁਖ਼ਤਾ ਜਾਣਕਾਰੀ ਹਾਸਲ ਕਰਨ ਲਈ  ਸੀ.ਪੀ./ਐਸ.ਐਸ.ਪੀਜ਼ ਵੱਲੋਂ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

  ਡੀਜੀਪੀ ਨੇ ਦੁਹਰਾਇਆ , ‘‘ਸਾਡੀ ਸਭ ਤੋਂ ਮੁੱਢਲੀ ਤਰਜੀਹ ਆਮ ਨਾਗਰਿਕ ਹਨ। ਅਸੀਂ ਇਹ ਪਛਾਣ ਕਰ ਰਹੇ ਹਾਂ ਕਿ ਉਹਨਾਂ ਨੂੰ ਸਭ ਤੋਂ ਵੱਧ ਕੀ ਪ੍ਰਭਾਵਿਤ ਕਰਦਾ ਹੈ ਅਤੇ ਉਹਨਾਂ ਦੀਆਂ ਸਮੱਸਿਆਂ ਨੂੰ ਹੱਲ ਕਰਨ ਲਈ ਅਸੀਂ ਬਾਕਾਈਦਗੀ ਨਾਲ ਕੰਮ ਕਰ ਰਹੇ ਹਾਂ,’’। ਉਨ੍ਹਾਂ ਜੋਰ ਦੇ ਕਿਹਾ  ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਲੋਕ ਪੱਖੀ ਅਤੇ ਪ੍ਰਭਾਵੀ ਪੁਲਿਸ ਸੇਵਾਵਾਂ ਦੇਣਾ ਚਾਹੁੰਦੇ ਹਾਂ।

  ਫ਼ਿਰੌਤੀ ਕਾਲਾਂ  ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਅਜਿਹੀਆਂ ਕਾਲਾਂ ਚੋਂ 80 ਫੀਸਦੀ ਤੋਂ ਵੱਧ ਕਾਲਾਂ ਗੈਂਗਸਟਰ ਦੀ ਆੜ ਵਿੱਚ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ, ਜਦੋਂ ਕਿ 20 ਫੀਸਦੀ ਤੋਂ ਵੀ ਘੱਟ ਅਸਲ ਫਿਰੌਤੀ ਕਾਲਾਂ ਹੁੰਦੀਆਂ ਹਨ।  ਉਨ੍ਹਾਂ ਲੋਕਾਂ ਨੂੰ ਅਜਿਹੇ ਅਪਰਾਧਾਂ ਬਾਰੇ ਤੁਰੰਤ ਸੂਚਲਾ ਦੇਣ ਦੀ ਅਪੀਲ ਕੀਤੀ ਅਤੇ  ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਹਰ ਫਿਰੌਤੀ ਕਾਲ ਜਾਂ ਸਨੈਚਿੰਗ ਵਰਗੇ ਹੋਰ ਫੁਟਕਲ ਅਪਰਾਧਾਂ ਦੀ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ  ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

  ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਵਿਰੁੱਧ ਸਰਗਰਮ ਪਹੁੰਚ ਅਪਣਾਈ ਹੈ, ਜਿਸ ਤਹਿਤ ਜੇਕਰ ਕੋਈ ਅਪਰਾਧੀ ਪੁਲਿਸ ਟੀਮ ’ਤੇ ਗੋਲੀ ਚਲਾਉਂਦਾ ਹੈ ਤਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕਰਨ ਦੀ ਖੁੱਲ੍ਹ ਹੈ।

  ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਭਰ ਦੇ 300 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿੱਥੇ ਪੁਲਿਸ ਮੁਲਾਜ਼ਮ ਲਈ ਰਿਆਇਤੀ ਦਰਾਂ ’ਤੇ ਮੈਡੀਕਲ ਸਹੂਲਤਾਂ ਉਪਲਬਧ ਹਨ।

  ਸਮਾਗਮ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਗੱਲ ਹਮਦਰਦੀ ਨਾਲ ਸੁਣਦਿਆਂ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੂਰਨ ਸਹਿਯੋਗ ਅਤੇ ਮਦਦ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦੀ ਰਹੇਗੀ।

  ਇਸ ਦੌਰਾਨ ਪੀ.ਏ.ਪੀ. ਕੈਂਪਸ ਅੰਦਰ ਬਣੇ ਪੁਲਿਸ ਸ਼ਹੀਦੀ ਸਮਾਰਕ ਵਿਖੇ ਯਾਦਗਾਰੀ ਪਰੇਡ ਵੀ ਕੀਤੀ ਗਈ। ਇਸ ਉਪਰੰਤ 75ਵੀਂ ਬਟਾਲੀਅਨ ਪੀਏਪੀ ਜਲੰਧਰ ਪੰਜਾਬ ਦੇ ਕਮਾਂਡੈਂਟ ਵਿਵੇਕ ਸ਼ੀਲ ਸੋਨੀ ਨੇ ਇਸ ਸਾਲ ਅਮਨ-ਕਾਨੂੰਨ ਲਈ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਅਤੇ ਪੀ.ਐਚ.ਜੀ. ਜਸਪਾਲ ਸਿੰਘ ਸਮੇਤ ਇਸ ਸਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ 213 ਬਹਾਦਰ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਪੜ੍ਹੇ।  ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦੀ ਸਮਾਰਕ ’ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਪੈਸ਼ਲ ਡੀਜੀਪੀ, ਏਡੀਜੀਪੀ, ਆਈਜੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ/ਕਰਮਚਾਰੀ ਸ਼ਾਮਲ ਸਨ।

Share post:

Subscribe

spot_imgspot_img

Popular

More like this
Related

ਗੁੰਮਸ਼ੁਦਾ ਲੜਕੀ ਦੀ ਤਾਲਾਸ਼

ਅੰਮ੍ਰਿਤਸਰ 9 ਜਨਵਰੀ 2025---           ਚੌਂਕੀ ਗਲਿਆਰਾ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈ ਪਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੁਆਟਰ ਨੰ 12 ਆਟਾ ਮੰਡੀ ਸਾਇਡ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਆਨ ਵਿੱਚ ਦੱਸਿਆ ਕਿ ''ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਸਭ ਤੋਂ ਵੱਡੀ ਲੜਕੀ ਅਰਸ਼ਦੀਪ ਕੌਰ ਉਮਰ 24 ਸਾਲ ਜਿਸਦੀ ਸ਼ਾਦੀ ਮਿਤੀ 21-11-2022 ਨੂੰ ਬਲਵਿੰਦਰ ਸਿੰਘ ਵਾਸੀ ਫਰੀਦਾਬਾ ਹਾਲ ਕੈਨੇਡਾ ਨਾਲ ਹੋਈ ਸੀ। ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸਦਾ ਇਲਾਜ ਅੰਮ੍ਰਿਤਸਰ ਤੋਂ ਚੱਲ ਰਿਹਾ ਸੀ ਜਿਸ ਕਰਕੇ ਉਹ ਪਿਛਲੇ ਕਰੀਬ 03 ਮਹੀਨਿਆਂ ਤੋਂ ਮੇਰੇ ਪਾਸ ਮੇਰੇ ਘਰ ਕੁਆਟਰ ਆਟਾ ਮੰਡੀ ਵਿਚ ਰਹਿ ਰਹੀ ਸੀ। ਮਿਤੀ 2-12-2024 ਨੂੰ  ਮੇਰੀ ਲੜਕੀ ਅਰਸ਼ਦੀਪ ਕੌਰ ਗੁਰਦੁਆਰਾ ਕੌਲਸਰ ਸਾਹਿਬ ਦੇ ਸਰੋਵਰ ਦੀ ਚੱਲ ਰਹੀ ਸੇਵਾ ਵਿਚ ਸ਼ਾਮਲ ਹੋਣ ਵਾਸਤੇ ਗਈ ਸੀ। ਜੋ ਸ਼ਾਮ 5:00 ਵਜੇ ਤੱਕ ਘਰ ਵਾਪਸ  ਨਹੀਂ ਆਈ, ਜਿਸਤੇ ਮੈਂ ਅਤੇ ਮੇਰੀ ਪਤਨੀ ਨੇ ਲੜਕੀ ਅਰਸ਼ਦੀਪ ਕੌਰ ਦੀ ਭਾਲ ਵੱਖ-ਵੱਖ ਰਿਸ਼ਤੇਦਾਰਾਂ, ਅੰਮ੍ਰਿਤਸਰ ਦੇ ਗੁਰਦੁਆਰਿਆਂ ਅਤੇ ਸ਼ਹਿਰ ਦੇ ਬਾਹਰ ਗੁਰਦੁਆਰਿਆਂ ਵਿੱਚ ਭਾਲ ਕੀਤੀ ਪਰ ਮੈਨੂੰ ਮੇਰੀ ਲੜਕੀ ਨਹੀਂ ਮਿਲੀ। ਜਿਸ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੌਰਾਨੇ ਤਫਤੀਸ਼ ਇਸ ਮੁਕੱਦਮਾ ਵਿਚ ਲੜਕੀ ਅਰਸ਼ਦੀਪ ਕੌਰ ਦਾ ਹੁਣ ਤੱਕ ਕੋਈ ਪਤਾ ਨਹੀਂ ਚਲ ਸਕਿਆ। ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੁੱਖ ਅਫ਼ਸਰ ਥਾਣਾ ਈ ਡਵੀਜਨ ਦੇ ਨੰਬਰ 97811-30205,  ਇੰਚਾਰਜ ਚੌਂਕੀ ਗਲਿਆਰਾ  ਦੇ ਨੰਬਰ 97811-30219 ਅਤੇ ਏਐਸਆਈ ਅਮਰਜੀਤ ਸਿੰਘ ਦੇ ਨੰਬਰ 97801-31971 ਤੇ ਸੂਚਨਾ ਦੇ ਸਕਦੇ ਹਨ।

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਪੰਜਾਬ ਸਭ ਤੋਂ ਅੱਗੇ: ਮੋਹਿੰਦਰ ਭਗਤ

ਚੰਡੀਗੜ੍ਹ, ਜਨਵਰੀ 9ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...