ਚੰਡੀਗੜ੍ਹ, 3 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਮੂੰਗੀ ਦੀ ਫ਼ਸਲ ਪਕਾਉਣ ਲਈ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ ਕੀਤੀ ਹੈ।
ਸ. ਸੰਧਵਾਂ ਨੇ ਕਿਸਾਨਾਂ ਵੱਲੋਂ ਖ਼ਤਰਨਾਕ ਕੈਮੀਕਲ ਵਰਤਣ ਦੇ ਰੁਝਾਨ ਸਬੰਧੀ ਚਿੰਤਾ ਜ਼ਾਹਰ ਕਿਹਾ ਹੈ ਕਿ ਅੱਜ ਦੇ ਦੌਰ ਵਿੱਚ ਖੇਤੀ ਉਤਪਾਦਨ ਲਈ ਵੱਖ-ਵੱਖ ਰਸਾਇਣਾਂ ਦੀ ਵਧੇਰੇ ਵਰਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁੱਝ ਕਿਸਾਨ ਮੂੰਗੀ ਦੀ ਫ਼ਸਲ ਨੂੰ ਕੁਦਰਤੀ ਤੌਰ ‘ਤੇ ਪਕਾਉਣ ਦੀ ਥਾਂ ‘ਪੈਰਾਕੁਆਟ’ ਕੈਮੀਕਲ ਦੀ ਸਪਰੇਅ ਕਰਕੇ ਸੁਕਾਉਣ ਨੂੰ ਤਰਜੀਹ ਦੇ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਕੈਮੀਕਲ ਜਿੱਥੇ ਫ਼ਸਲ ਲਈ ਨੁਕਸਾਨਦੇਹ ਹੈ, ਉੱਥੇ ਹੀ ਮਨੁੱਖ ਦੀ ਸਿਹਤ ਲਈ ਵੀ ਬਹੁਤ ਖ਼ਤਰਨਾਕ ਹੈ।
ਸ. ਸੰਧਵਾਂ ਨੇ ਅੱਗੇ ਕਿਹਾ ਕਿ ਛੇਤੀ ਝੋਨਾ ਲਾਉਣ ਲਈ ਕਿਸਾਨ ਮੂੰਗੀ ਨੂੰ ਵੱਢ ਕੇ ਸੁਕਾਉਣ ਦੀ ਥਾਂ ਖੜ੍ਹੀ ਫ਼ਸਲ ਉੱਪਰ ਸਪਰੇਅ ਕਰਕੇ 2-3 ਦਿਨ ਵਿੱਚ ਸੁਕਾਉਣ ਅਤੇ ਆਪਣਾ ਖ਼ਰਚ ਘਟਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਪੈਰਾਕੁਆਟ’ ਕੈਮੀਕਲ ਨਦੀਨਾਂ ਦੇ ਖਾਤਮੇ ਲਈ ਵਰਤਿਆਂ ਜਾਣ ਵਾਲਾ ਕੈਮੀਕਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਕੈਮੀਕਲ ਦੀ ਸਿਫ਼ਾਰਸ਼ ਨਹੀਂ ਕੀਤੀ, ਸਗੋਂ ਕਿਸਾਨ ਸਮੇਂ ਦੀ ਘਾਟ ਕਾਰਨ ਅਜਿਹਾ ਕਰ ਰਹੇ ਹਨ।
ਸ. ਸੰਧਵਾਂ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਵਡੇਰੇ ਲੋਕ ਹਿੱਤ ਮੁੱਖ ਰੱਖਦਿਆਂ ‘ਪੈਰਾਕੁਆਟ’ ਕੈਮੀਕਲ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਰਵਾਇਤੀ ਢੰਗ ਨਾਲ ਮੂੰਗੀ ਦੀ ਫ਼ਸਲ ਦਾ ਉਤਪਾਦਨ ਕਰਨ ਨੂੰ ਤਰਜੀਹ ਦੇਣ।