ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਜੁਲਾਈ, 2023)

ਗੂਜਰੀ ਮਹਲਾ ੫ ॥ 
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ॥ ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ॥ ੧॥ ਠਾਕੁਰ ਤੁਝ ਬਿਨੁ ਆਹਿ ਨ ਮੋਰਾ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮਰਾ ਧੋਰਾ॥ ੧॥ ਰਹਾਉ॥ ਬਲਿ ਬਲਿ ਬਲਿ ਬਲਿ ਚਰਣ ਤੁਮਾਰੇ ਈਹਾ ਊਹਾ ਤੁਮਾਰਾ ਜੋਰਾ॥ ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ॥ ੨॥੭॥੧੬॥

ਵੀਰਵਾਰ, ੨੯ ਹਾੜ (ਸੰਮਤ ੫੫੫ ਨਾਨਕਸ਼ਾਹੀ) ੧੩ ਜੁਲਾਈ, ੨੦੨੩   (ਅੰਗ: ੪੯੯)

ਗੂਜਰੀ ਮਹਲਾ ੫ ॥

ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ—ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ । ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ।੧। ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ । ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ । ਮੈਂ ਤੇਰਾ ਹੀ ਆਸਰਾ ਤੱਕਿਆ ਹੈ ।੧।ਰਹਾਉ। ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ । ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ । ਹੇ ਨਾਨਕ! (ਆਖ—ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ।੨।੭।੧੬।

[wpadcenter_ad id='4448' align='none']