ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਕਾਰਣ ਉਪਜੀ ਸਥਿਤੀ ਨਾਲ ਨਜਿੱਠਣ ਲਈ 62.70 ਕਰੋੜ ਰੁਪਏ ਜਾਰੀ: ਜਿੰਪਾ

PEOPLE EVACUATED TO SAFE PLACES
PEOPLE EVACUATED TO SAFE PLACES

ਸਿਰਫ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਲਈ ਹੀ 11 ਕਰੋੜ ਰੁਪਏ ਦੇ ਫੰਡ ਜਾਰੀ

ਚੰਡੀਗੜ੍ਹ, 17 ਜੁਲਾਈ:

ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਕਾਰਣ ਉਪਜੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਜ਼ਿਲ੍ਹਿਆਂ ਨੂੰ 62.70 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ।  ਇਸ ਬਾਬਤ ਜਾਣਕਾਰੀ ਦਿੰਦਿਆਂ ਮਾਲ, ਮੁੜ ਵਸੇਬ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਹ ਰਾਸ਼ੀ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ, ਹੜ੍ਹ ਕਾਰਣ ਪ੍ਰਭਾਵਿਤ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਲਈ, ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ, ਹੜ੍ਹਾਂ ਵਾਲੇ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ, ਬੇਜ਼ੁਬਾਨੇ ਪਸ਼ੂਆਂ ਦੀ ਸੰਭਾਲ ਅਤੇ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨ ਲਈ ਦਿੱਤੀ ਗਈ ਹੈ।

ਜਿੰਪਾ ਨੇ ਵਿਸਥਾਰ ਵਿਚ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ 71.50 ਕਰੋੜ ਰੁਪਏ ਦੀ ਰਾਸ਼ੀ ਵਿਚੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਾਹਤ ਫੰਡ ਵੱਜੋਂ 62.70 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਨੂੰ 1.50 ਕਰੋੜ ਰੁਪਏ, ਹੁਸ਼ਿਆਰਪੁਰ, ਬਠਿੰਡਾ, ਬਰਨਾਲਾ, ਮਾਨਸਾ, ਪਠਾਨਕੋਟ, ਮਾਲੇਰਕੋਟਲਾ ਤੇ ਫਰੀਦਕੋਟ ਨੂੰ 1-1 ਕਰੋੜ ਰੁਪਏ, ਫਿਰੋਜ਼ਪੁਰ ਨੂੰ 3.15 ਕਰੋੜ ਰੁਪਏ, ਫਾਜ਼ਿਲਕਾ ਨੂੰ 1.15 ਕਰੋੜ ਰੁਪਏ ਅਤੇ ਫਤਹਿਗੜ੍ਹ ਸਾਹਿਬ ਨੂੰ 3.15 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰ੍ਹਾਂ ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਨੂੰ 2.50-2.50 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਨੂੰ 3 ਕਰੋੜ ਰੁਪਏ, ਮੋਗਾ ਨੂੰ 1.50 ਕਰੋੜ ਰੁਪਏ, ਪਟਿਆਲਾ ਨੂੰ 5.65 ਕਰੋੜ ਰੁਪਏ ਅਤੇ ਰੂਪਨਗਰ ਨੂੰ 6.15 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਆਫਤ ਪ੍ਰਬੰਧਨ ਮੰਤਰੀ ਨੇ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਤੇ ਤਰਨ ਤਾਰਨ ਨੂੰ 2-2 ਕਰੋੜ ਰੁਪਏ, ਐਸ.ਏ.ਐਸ. ਨਗਰ ਨੂੰ 3.05 ਕਰੋੜ ਰੁਪਏ, ਐਸ.ਬੀ.ਐਸ. ਨਗਰ ਨੂੰ 1.65 ਕਰੋੜ ਰੁਪਏ ਅਤੇ ਸੰਗਰੂਰ ਨੂੰ 3.40 ਕਰੋੜ ਰੁਪਏ ਦਿੱਤੇ ਗਏ ਹਨ। ਇਸੇ ਤਰ੍ਹਾਂ ਸਾਫ ਪਾਣੀ ਸਪਲਾਈ ਲਈ ਸਿਹਤ ਵਿਭਾਗ ਨੂੰ 50 ਲੱਖ ਰੁਪਏ ਅਤੇ ਜਲ ਸਪਲਾਈ, ਡਰੇਨੇਜ਼ ਅਤੇ ਸੀਵਰੇਜ ਦੀ ਰਿਪੇਅਰ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਈ ਵਾਰ ਦੋਹਰਾ ਚੁੱਕੇ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰ ਕਿਸਮ ਦੀ ਸਹਾਇਤਾ ਕਰਨੀ ਪੰਜਾਬ ਸਰਕਾਰ ਦੀ ਪਹਿਲ ਹੈ ਅਤੇ ਇਸ ਕੰਮ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਰਾਸ਼ੀ ਤੋਂ ਇਲਾਵਾ ਮੁੱਖ ਮੰਤਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਿਛਲੇ ਹਫਤੇ ਜਾਰੀ ਕੀਤੀ ਸੀ।

ਬਾਕਸ ਨਿਊਜ਼:

ਜਿੰਪਾ ਨੇ ਦੱਸਿਆ ਕਿ ਜਾਰੀ ਕੀਤੇ ਗਏ 62.70 ਕਰੋੜ ਰੁਪਏ ਵਿਚੋਂ ਸਿਰਫ ਹੜ੍ਹ ਕਾਰਣ ਪ੍ਰਭਾਵਿਤ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਲਈ ਹੀ 11 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਰੂਪਨਗਰ ਤੇ ਪਟਿਆਲਾ ਨੂੰ 2.50-2.50 ਕਰੋੜ ਰੁਪਏ, ਐਸ.ਏ.ਐਸ. ਨਗਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਲੁਧਿਆਣਾ ਤੇ ਸੰਗਰੂਰ ਨੂੰ 1-1 ਕਰੋੜ ਰੁਪਏ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਲਈ ਦਿੱਤੇ ਗਏ ਹਨ।

[wpadcenter_ad id='4448' align='none']