Sunday, December 22, 2024

ਅਨੇਕਾਂ ਤੰਗੀਆਂ ਤੁਰਸ਼ੀਆਂ ਨੂੰ ਦਰੜਦਾ ਹੋਇਆ ਆਪਣੀ ਚਾਲੇ ਚੱਲਣ ਵਾਲਾ ਪੱਤਰਕਾਰ ‘ਜਗਜੀਤ ਸਿੰਘ ਦਰਦੀ’

Date:

ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਵਿਚ ਪੁੱਠਾ ਲਟਕਣ ਦੇ ਸਫ਼ਰ ਤੋਂ ਲੈ ਕੇ ‘ਪਦਮ ਸ੍ਰੀ’ ਤੱਕ ਪੁੱਜਣ ਵਾਲਾ ਪੱਤਰਕਾਰ ‘ਦਰਦੀ’

Journalist ‘Jagjit Singh Dardi’ ਕਈ ਵਿਅਕਤੀ ਤੰਗੀਆਂ ਤੁਰਸ਼ੀਆਂ ਵਿਚ ਆਪਣੇ ਰਾਹ ਬਣਾਉਂਦੇ ਹਨ, ਵੱਖਰੇ ਰਾਹ ਤੇ ਚੱਲਣ ਲਈ ਕਈ ਵਾਰੀ ਸਮਾਜ ਦੀਆਂ ਕਹਿਰੀਆਂ ਨਜ਼ਰਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਸਮਾਜ ਵਿਚ ਰਹਿ ਕੇ ਸਮਾਜ ਤੋਂ ਵੱਖਰਾ ਰਾਹ ਚੁਣ ਕੇ ਤਰੱਕੀ ਕਰਨ ਵਾਲਾ ਅਨੋਖਾ ਇਨਸਾਨ ਹੁੰਦਾ ਹੈ, ਉਸ ਇਨਸਾਨ ਪ੍ਰਤੀ ਲੋਕਾਂ ਦੀਆਂ ਰਾਏ ਆਪੋ ਆਪਣੀ ਬਣ ਜਾਂਦੀ ਹੈ, ਪਰ ਜੇਕਰ ਉਸ ਵਿਅਕਤੀ ਦੇ ਅੰਦਰਲੇ ਸੱਚ ਨੂੰ ਜਾਣਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਤਰੱਕੀ ਪਿੱਛੇ ਉਸ ਨੇ ਆਪਣਾ ਕੀ ਕੁਝ ਵਾਰਿਆ ਤੇ ਉਸ ਨੇ ਜ਼ਿੰਦਗੀ ਦੇ ਕਿੰਨੇ ਸਕੂਨ ਦਾਅ ਦੇ ਲਾਏ, ਪੱਤਰਕਾਰ ਖੇਤਰ ਇਕ ਅਜਿਹਾ ਖੇਤਰ ਹੈ ਜਿਸ ਖੇਤਰ ਦੀ ਚਕਾਚੌਂਧ ਤਾਂ ਹਰੇਕ ਨੂੰ ਭਾਉਂਦੀ ਹੈ ਪਰ ਇਸ ਚਕਾਚੌਂਧ ਦੇ ਅੰਦਰ ਕੀ ਹੈ ਇਸ ਬਾਰੇ ਅਖੌਤੀ ਪੱਤਰਕਾਰ ਕੀ ਜਾਣੇ। ਇਕ ਮੁਕੰਮਲ ਅਦਾਰਾ ਖੜ੍ਹਾ ਕਰ ਦੇਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਬਾਹਰ ਬੈਠ ਕੇ ਬਹੁਤ ਸਾਰੇ ਲੋਕ ਚੰਗੀਆਂ ਮਾੜੀਆਂ ਧਾਰਨਾਵਾਂ ਬਣਾ ਲੈਂਦੇ ਹਨ ਪਰ ਇਕ ਮੁਕੰਮਲ ਅਦਾਰਾ ਖੜ੍ਹਾ ਕਰਕੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਪੈਦਾ ਕਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ, ਅੱਜ ਅਸੀਂ ਅਜਿਹੇ ਹੀ ਵਿਅਕਤੀ ਦੀ ਗੱਲ ਕਰਾਂਗੇ, ਜਿਸ ਨੂੰ ਆਪਾਂ ‘ਜਗਜੀਤ ਸਿੰਘ ਦਰਦੀ’ ਦੇ ਨਾਮ ਨਾਲ ਜਾਣਦੇ ਹਾਂ। ਪੱਤਰਕਾਰਾਂ ਦੀ ਨਰਸਰੀ ਬਣੇ ਚੜ੍ਹਦੀਕਲਾ ਅਖ਼ਬਾਰ ਨੂੰ ਚਲਾਉਣ ਦੇ ਨਾਲ ਨਾਲ ਟਾਈਮ ਟੀਵੀ ਚੈਨਲ ਖੜ੍ਹਾ ਕਰ ਦੇਣਾ ਕੋਈ ਆਮ ਗੱਲ ਨਹੀਂ ਹੋ ਸਕਦੀ।

-ਮੁੱਢ ਦੇ ਪੜਾਈ-
ਪਾਕਿਸਤਾਨ ਵਿਚ ਸਾਹੁਕਾਰੀ ਸ਼ਾਹੀ ਖ਼ਾਨਦਾਨ ਦੇ ਤੌਰ ਤੇ ਮਕਬੂਲ ਪਰਿਵਾਰ। ਪਾਕਿਸਤਾਨ ਦੇ ਰਾਵਲਪਿੰਡੀ ਨਜ਼ਦੀਕ ਕਹੂਟਾ ਤਹਿਸੀਲ ਵਿਚ ਮੈਜਿਸਟ੍ਰੇਟ ਪਦਵੀ ਤੱਕ ਪੁੱਜੇ ਵੱਡੇ ਬਜ਼ੁਰਗ ਸੇਵਾ ਸਿੰਘ ਸ਼ਾਹੂਕਾਰ ਦੇ ਸਪੁੱਤਰ ਭਾਈ ਸਾਧੂ ਸਿੰਘ। 1866 ਵਿਚ ਜਨਮੇ ਤੇ 110 ਸਾਲ ਦੀ ਲੰਬੀ ਉਮਰ ਭੋਗ ਕੇ ਦੁਨੀਆ ਤੋਂ ਰੁਖ਼ਸਤ ਹੋਏ, ਜਿਨ੍ਹਾਂ ਗ਼ੁਲਾਮ ਭਾਰਤ ਦੀ ਹਵਾ ਵਿਚ ਵੀ ਸਾਹ ਲਏ ਤੇ ਅਜ਼ਾਦ ਭਾਰਤ ਦਾ ਅਨੰਦ ਵੀ ਕਾਫ਼ੀ ਸਮਾਂ ਮਾਣਿਆ। ਅਮੀਰ ਐਨੇ ਸੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਾਈ ਸਾਧੂ ਸਿੰਘ ‘ਸ਼ਾਹੂਕਾਰ’, ਸਾਧੂ ਸਿੰਘ ‘ਮਹਾਜਨ’ ਦੇ ਤੌਰ ਤੇ ਦੇਸ਼ ਕੌਮ ਲਈ ਕੀਤੇ ਕੰਮਾਂ ਦੇ ਪ੍ਰਮਾਣ ਪੱਤਰ ਦਿੰਦੀ ਸੀ। ਇਹ ਸ਼ਾਹੂਕਾਰ ਹੀ ਸਨ ਜਿਨ੍ਹਾਂ ਤੋਂ ਭਾਰਤ ਸਰਕਾਰ ਨੇ ਸੰਸਾਰ ਜੰਗ ਵੇਲੇ ਕਰਜ਼ਾ ਲਿਆ ਸੀ। ਜਿਸ ਨੇ ਪਲੇਗ ਵਰਗੀ ਭਿਆਨਕ ਬਿਮਾਰੀ ਵਿਚ ਅਹਿਮ ਰੋਲ ਨਿਭਾਇਆ। ਜਿਸ ਦੇ ਪ੍ਰਮਾਣ ਮੌਜੂਦ ਹਨ। ਅਜ਼ਾਦੀ ਨੇ ਆਪਣਾ ਰੰਗ ਵਿਖਾ ਦਿੱਤਾ, ਆਪਣੀ ਬਾਦਸ਼ਾਹਤ ਪਾਕਿਸਤਾਨ ਛੱਡ ਆਏ, ਅਨੇਕਾਂ ਰੰਗਾਂ ਵਿਚ ਖੇਡਦਾ ਪਰਿਵਾਰ ਗ਼ਰੀਬੀ ਦੀ ਦਲ-ਦਲ ਵਿਚ ਧੱਸ ਗਿਆ। ਸਾਧੂ ਸਿੰਘ ਸ਼ਾਹੂਕਾਰ ਆਪਣੇ ਪੁੱਤਰ ਹਰਨਾਮ ਸਿੰਘ ਤੇ ਨੂੰਹ ਹਰਬੰਸ ਕੌਰ ਨਾਲ ਕੁਰੂਕਸ਼ੇਤਰ ਦੇ ਰਿਫ਼ਿਊਜੀ ਕੈਂਪ ਵਿਚ ਰਿਹਾ। ਭਾਈ ਸਾਧੂ ਸਿੰਘ ਦੇ ਸਪੁੱਤਰ ਸ. ਹਰਨਾਮ ਸਿੰਘ ਦਰਦੀ ਨੇ ਗ਼ੁਲਾਮ ਭਾਰਤ ਸਮੇਂ ਜਦੋਂ ਉਹ ਏਅਰ ਫੋਰਸ ਵਿਚ ਸਨ ਤਾਂ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਬਗ਼ਾਵਤ ਕਰ ਦਿੱਤੀ ਤੇ ਅੰਡਰ ਗਰਾਊਂਡ ਰਹੇ, ਅਜਾਦੀ ਘੁਲਾਟੀਏ। ਅਜ਼ਾਦੀ ਤੋਂ ਬਾਅਦ ਵੀ ਆਪਣਾ ਸੁਭਾਅ ਨਹੀਂ ਛੱਡਿਆ। ਪੰਜਾਬੀ ਸੂਬੇ ਦੀ ਲੜਾਈ ਵਿਚ ਕੁੱਦ ਪਏ। 1951 ਵਿਚ ਗ੍ਰਿਫ਼ਤਾਰੀਆਂ ਹੋਈਆਂ ਤਾਂ ਮੈਂਬਰ ਰਾਜ ਸਭਾ ਰਹੇ ਤਰਲੋਚਨ ਸਿੰਘ ਹੋਰਾਂ ਦੇ ਗਰੁੱਪ ਨਾਲ ਨਾਭਾ ਜੇਲ੍ਹ ਵਿਚ ਕਾਫ਼ੀ ਸਮਾਂ ਬੰਦ ਰਹੇ। 1960 ਵਿਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਲਾਲ ਕਿਲ੍ਹੇ ਤੋਂ ਬੋਲ ਰਹੇ ਸਨ ਤਾਂ ਉਸ ਵੇਲੇ ਲਾਲ ਕਿਲ੍ਹੇ ਵਿਚ ਜਾ ਕੇ 30 ਨੌਜਵਾਨਾਂ ਨਾਲ ਪ੍ਰਦਰਸ਼ਨ ਕਰਦਿਆਂ ਪੰਜਾਬੀ ਸੂਬੇ ਦੇ ਪੱਖ ਵਿਚ ਨਾਅਰੇਬਾਜ਼ੀ ਕੀਤੀ ਤਾਂ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤੇ। ਹਰਨਾਮ ਸਿੰਘ ਦਰਦੀ ਦੀਆਂ ਪੰਜਾਬੀ ਸੂਬੇ ਵਿਚ ਨਿਭਾਈਆਂ ਸੇਵਾਵਾਂ ਬਦਲੇ ਉਸ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ। 19 ਜਨਵਰੀ 1949 ਨੂੰ ਜਨਮੇ ਉਸੇ ਵੇਲੇ ਜਵਾਨੀ ਦੀ ਦਹਿਲੀਜ਼ ਦੇ ਜਗਜੀਤ ਸਿੰਘ ਦਰਦੀ ਨੇ 22 ਜੂਨ 1960 ਨੂੰ ਇਕ ਵਿਦਿਆਰਥੀਆਂ ਦਾ ਜਥਾ ਲਿਆ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਗ੍ਰਿਫ਼ਤਾਰੀ ਦਿੱਤੀ। 1966 ਤੱਕ ਜਦੋਂ ਤੱਕ ਪੰਜਾਬੀ ਸੂਬਾ ਨਹੀਂ ਬਣ ਗਿਆ ਉਦੋਂ ਤੱਕ ਸੰਘਰਸ਼ ਕਰਦੇ ਰਹੇ ਤੇ ਜੇਲ੍ਹਾਂ ਵਿਚ ਜਾਂਦੇ ਰਹੇ। ਇਸੇ ਸਮੇਂ ਦੌਰਾਨ ਪਟਿਆਲਾ ਦੇ ਸਿਆਸੀ ਪਰਿਵਾਰ ਦੇ ਮੁਖੀ ਸਰਦਾਰਾ ਸਿੰਘ ਕੋਹਲੀ ਨਾਲ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿਚ 22 ਦਿਨ ਪੁਲੀਸ ਦਾ ਤਸ਼ੱਦਦ ਝੱਲਿਆ। ਉੱਥੇ ਜਾਸੂਸਾਂ ਨਾਲ ਬੰਦ ਰੱਖਿਆ। ਪੁੱਠਾ ਲਟਕਾਉਣ ਤੋਂ ਲੈ ਕੇ ਹਰ ਤਰ੍ਹਾਂ ਦਾ ਤਸ਼ੱਦਦ ਝੱਲਿਆ। ਪੰਜ ਬਾਣੀਆਂ ਦਾ ਪਾਠ ਕਰਦੇ ਸਨ ਇਸ ਕਰਕੇ ਅੰਦਰੋਂ ਤਾਕਤ ਮਿਲਦੀ ਸੀ ਤਾਂ ਡੋਲੇ ਨਹੀਂ ਤੇ ਘਬਰਾਏ ਨਹੀਂ।
ਗੱਲ ਪੜ੍ਹਾਈ ਦੀ ਕਰਦੇ ਹਾਂ, ਜਗਜੀਤ ਸਿੰਘ ਦਰਦੀ ਨੇ ਪ੍ਰਾਇਮਰੀ ਦੀ ਪੜਾਈ ਪਟਿਆਲਾ ਦੇ ਪ੍ਰੈੱਸ ਰੋਡ ਤੇ ਸਥਿਤ ਕੈਂਬਰਿਜ ਸਕੂਲ ਵਿਚ ਕੀਤੀ। ਦਸਵੀਂ ਤੱਕ ਦੀ ਪੜਾਈ ਸ਼ੇਰਾਵਾਲਾ ਗੇਟ ਕੋਲ ਇਕ ਸੀਟੀਆਈ ਸਕੂਲ ਹੁੰਦਾ ਸੀ ਜੋ ਕਿ ਅੱਜ ਕੱਲ੍ਹ ਮਲਟੀਪਰਪਜ਼ ਦੇ ਨਾਮ ਨਾਲ ਚੱਲ ਰਿਹਾ ਹੈ ਉੱਥੋਂ ਹੀ ਕੀਤੀ। ਪ੍ਰੀ ਇੰਜੀਨੀਅਰ ਦੀ ਪੜਾਈ ਮਹਿੰਦਰਾ ਕਾਲਜ ਵਿਚੋਂ ਤੇ ਇੰਜੀਨੀਅਰਿੰਗ ਦੀ ਪੜਾਈ 1969 ਵਿਚ ਥਾਪਰ ਕਾਲਜ ਤੋਂ ਕੀਤੀ ਜੋ ਕਿ ਅੱਜ ਕੱਲ੍ਹ ਯੂਨੀਵਰਸਿਟੀ ਬਣ ਚੁੱਕਿਆ ਹੈ। ਉਸ ਤੋਂ ਬਾਅਦ ਐਸਕਾਰਟ ਵਿਚ ਇੰਜੀਨੀਅਰ ਦੀ ਨੌਕਰੀ ਦੋ ਸਾਲਾਂ ਤੱਕ ਕੀਤੀ।

-ਅਖ਼ਬਾਰ ਸ਼ੁਰੂ ਕਰਨਾ-
ਜਗਜੀਤ ਸਿੰਘ ਦਰਦੀ ਨੇ ਪ੍ਰੈੱਸ ਨੋਟ ਜਾਰੀ ਕਰਨੇ ਤੇ ਖ਼ਬਰਾਂ ਲਿਖਣੀਆਂ ਤਾਂ ਸੰਘਰਸ਼ ਮੌਕੇ ਤੋਂ ਹੀ ਸ਼ੁਰੂ ਕਰ ਚੁੱਕੇ ਸਨ। 1960 ਤੋਂ ਲੈ ਕੇ ਮੋਰਚੇ ਦੀਆਂ ਖ਼ਬਰਾਂ ਲਿਖਣੀਆਂ ਤੇ ਅਖ਼ਬਾਰਾਂ ਨੂੰ ਭੇਜਣੀਆਂ, ਬਾਬਾ ਨਛੱਤਰ ਸਿੰਘ ਹੋਰਾਂ ਦਾ ਇਕ ਅਖ਼ਬਾਰ ਹੁੰਦਾ ਸੀ ‘ਹਮਦਰਦ’ ਜੋ ਸ਼ਾਮ ਵੇਲੇ ਛਪਦਾ ਸੀ, ਇਸੇ ਤਰ੍ਹਾਂ ਰਣਜੀਤ ਅਖ਼ਬਾਰ ਵੀ ਰੋਜ਼ਾਨਾ ਸਵੇਰੇ ਛਪਦਾ ਸੀ। ਜਲੰਧਰ ਤੋਂ ਅਕਾਲੀ ਅਖ਼ਬਾਰ ਵੀ ਕਾਫ਼ੀ ਮਸ਼ਹੂਰ ਸੀ, ਇਨ੍ਹਾਂ ਅਖ਼ਬਾਰਾਂ ਵਿਚ ਲੇਖ ਆਦਿ ਭੇਜਣੇ ਤੇ ਛਪ ਜਾਣੇ। ਇਹ ਕਾਰਵਾਂ ਸਕੂਲ ਵੇਲੇ ਤੋਂ ਹੀ ਸ਼ੁਰੂ ਹੋਇਆ ਸੀ ਜਦੋਂ ਜਗਜੀਤ ਸਿੰਘ ਦਰਦੀ ਤੋਂ ਸਕੂਲ ਵਿਚ ਸਵੇਰੇ ਹੁੰਦੀ ਪਰੇਅਰ ਵਿਚ ਖ਼ਬਰਾਂ ਸੁਣੀਆਂ ਜਾਂਦੀਆਂ ਸਨ, ਉਹ ਖ਼ਬਰਾਂ ਬੋਰਡ ਦੇ ਵੀ ਲਿਖਵਾਈਆਂ ਜਾਂਦੀਆਂ ਸਨ। 1965 ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਪ੍ਰਧਾਨ ਬਣ ਗਏ। ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਕੈਂਪ ਲਗਾਏ ਤੇ 500 ਤੋਂ ਵੱਧ ਮੈਂਬਰ ਫੈਡਰੇਸ਼ਨ ਤੇ ਜਗਜੀਤ ਸਿੰਘ ਨਾਲ ਜੁੜ ਗਏ। ਨਵਜੋਤ ਸਿੱਧੂ ਦੇ ਪਿਤਾ ਐਡਵੋਕੇਟ ਭਗਵੰਤ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਦੀ ਪਤਨੀ ਨਿਰਮਲ ਕੌਰ ਟੀਵੀ ਹਸਪਤਾਲ ਵਿਚ ਨਰਸ ਸੀ ਜਿਨ੍ਹਾਂ ਦਾ ਜਗਜੀਤ ਸਿੰਘ ਦਰਦੀ ਹੋਰਾਂ ਦੇ ਟੀਵੀ ਹਸਪਤਾਲ ਦੇ ਸਾਹਮਣੇ ਘਰ ਵਿਚ ਆਮ ਬੈਠਣਾ ਹੁੰਦਾ ਸੀ। ਸ਼ੇਰ ਸਿੰਘ ਗੁਪਤਾ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਹੁੰਦੇ ਸੀ, ਜਿਸ ਦੀ ਮੰਤਰੀਆਂ ਤੋਂ ਵੱਧ ਤਾਕਤ ਸਮਝੀ ਜਾਂਦੀ ਸੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਰਣਜੀਤ ਸਿੰਘ ਗਿੱਲ ਹੋਇਆ ਕਰਦੇ ਸਨ। ਇਹ ਇਕੱਠੇ ਹੀ ਹੁੰਦੇ ਸੀ, ਇਹ ਦਰਦੀ ਹੋਰਾਂ ਦੀ ਖ਼ਬਰਾਂ ਲਿਖਣ ਦੀ ਕਾਬਲੀਅਤ ਜਾਣਦੇ ਸਨ। ਜਗਜੀਤ ਸਿੰਘ ਦਰਦੀ ਤੇ ਪੁਲੀਸ ਅਨੇਕਾਂ ਕੇਸ ਦਰਜ ਕਰ ਦਿੰਦੀ ਤੇ ਪ੍ਰੇਸ਼ਾਨ ਕਰਦੀ ਰਹਿੰਦੀ, ਇਸ ਕਰਕੇ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਜੋ ਕਿ ਪੇਸ਼ੇ ਵਜੋਂ ਵਕੀਲ ਸਨ ਨੇ ਜਗਜੀਤ ਸਿੰਘ ਦਰਦੀ ਨੂੰ ਕਈ ਸਾਰੇ ਕੇਸਾਂ ਤੋਂ ਅਦਾਲਤ ਵਿਚ ਬਚਾਇਆ। ਉਹ ਕਹਿਣ ਲੱਗੇ ਕਿ ‘ਗਰ ਤੋਪ ਮੁਕਾਬਲ ਹੋ, ਅਖ਼ਬਾਰ ਨਿਕਾਲੋ’ ਉਨ੍ਹਾਂ ਵੱਲੋਂ ਅਖ਼ਬਾਰ ਕੱਢਣ ਦੇ ਕੀਤੇ ਇਸ਼ਾਰੇ ਤੋਂ ਬਾਅਦ ਮਨ ਉਸਲ ਵੱਟੇ ਲੈਣ ਲੱਗ ਪਿਆ, ਪਰ ਗ਼ਰੀਬੀ ਏਨੀ ਸੀ ਕਿ ਜਗਜੀਤ ਸਿੰਘ ਟੀਵੀ ਹਸਪਤਾਲ ਸਾਹਮਣੇ ਆਪਣੇ ਘਰ ਵਿਚ ਹੀ ਪਹਿਲਾਂ ਕੁਹਾੜਿਆਂ ਨਾਲ ਲੱਕੜਾਂ ਪਾੜਦੇ ਤੇ ਬਾਅਦ ਵਿਚ ਲੱਕੜਾਂ ਵੇਚਦੇ ਸਨ। ਰੁਪਏ ਨਹੀਂ ਸਨ ਬਣ ਰਹੇ। 1969 ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਸੀ, ਉਸ ਵੇਲੇ ਜਗਜੀਤ ਸਿੰਘ ਦਰਦੀ ਦੇ ਪਿਤਾ ਹਰਨਾਮ ਸਿੰਘ ਦਰਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੋਵੀਨਰ ਪ੍ਰਕਾਸ਼ਿਤ ਕੀਤੇ। ਇੱਥੋਂ ਹੀ ਅਖ਼ਬਾਰ ਦਾ ਮੁੱਢ ਬੰਨ੍ਹਿਆ ਗਿਆ। ਉਸ ਤੋਂ ਬਾਅਦ 1970 ਵਿਚ ਪੰਦਰ੍ਹਵਾੜਾ ਅਖ਼ਬਾਰ ‘ਚੜ੍ਹਦੀਕਲਾ’ ਦੇ ਨਾਮ ਤੇ ਸ਼ੁਰੂ ਕਰ ਲਿਆ ਗਿਆ। ਇਹ ਅਖ਼ਬਾਰ ਬਹੁਤ ਜਲਦੀ ਅਗਲੇ ਸਾਲ ਹੀ 1971 ਵਿਚ ਹਫ਼ਤਾਵਾਰੀ ਬਣ ਗਿਆ। ਲਗਾਤਾਰ ਹਫ਼ਤਾਵਾਰੀ ਅਖ਼ਬਾਰ ਛਪਦਾ ਰਿਹਾ ਤਾਂ 1977 ਵਿਚ ਚੜ੍ਹਦੀਕਲਾ ਰੋਜ਼ਾਨਾ ਹੋ ਗਿਆ। ਉੱਧਰ ਸ. ਹਰਨਾਮ ਸਿੰਘ ਸਵਰਗਵਾਸ ਹੋ ਗਏ ਤਾਂ ਜਗਜੀਤ ਸਿੰਘ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਬਣ ਗਏ। ਅਖ਼ਬਾਰ ਨੂੰ ਕਾਮਯਾਬ ਕਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ 500 ਜਣਿਆ ਨੇ ਕਾਫ਼ੀ ਮਦਦ ਕੀਤੀ। ਉਨ੍ਹਾਂ ਕਰਕੇ ਅਖ਼ਬਾਰ ਪੰਜਾਬ ਵਿਚ ਮਕਬੂਲ ਹੋ ਗਿਆ।

-ਅਖ਼ਬਾਰ ਚਲਾਉਣ ਲਈ ਪ੍ਰੈੱਸ ਲਗਾਉਣੀ-
ਪੰਜਾਬ ਵਿਚ ਕੁਝ ਕੁ ਅਖ਼ਬਾਰ ਛਪਦੇ ਸਨ ਜਿਵੇਂ ਕਿ ਜਲੰਧਰ ਤੋਂ ਅਕਾਲੀ ਪਤ੍ਰਿਕਾ, ਰੋਜ਼ਾਨਾ ਅਜੀਤ, ਕੌਮੀ ਦਰਦ, ਜਗਬਾਣੀ, ਪਟਿਆਲਾ ਤੋਂ ਰਣਜੀਤ ਅਖ਼ਬਾਰ (ਮੁੱਖ ਸੰਪਾਦਕ ਮਿਹਰ ਸਿੰਘ), ਸੱਚਾ ਹਮਦਰਦ (ਮੁੱਖ ਸੰਪਾਦਕ ਨਛੱਤਰ ਸਿੰਘ), ਇੰਤਕਾਮ (ਮੁੱਖ ਸੰਪਾਦਕ ਹਰਦੀਪ ਸਿੰਘ ਸਾਹਨੀ), ਰੂਪ (ਮੁੱਖ ਸੰਪਾਦਕ ਹਰਦੀਪ ਸਿੰਘ), ਦਲੇਰ ਪੰਜਾਬ (ਮੁੱਖ ਸੰਪਾਦਕ ਗਿਆਨੀ ਮਨਸਾ ਸਿੰਘ), ਪਹੁ ਫੁੱਟੀ (ਮੁੱਖ ਸੰਪਾਦਕ ਮੋਹਨ ਸਿੰਘ ਪ੍ਰੇਮ), ਖੇਤੀ ਦੁਨੀਆ (ਮੁੱਖ ਸੰਪਾਦਕ ਹਰਜੀਤ ਸਿੰਘ ਨੰਦਾ), ਪੇਂਡੂ ਦਰਪਣ ( ਮੁੱਖ ਸੰਪਾਦਕ ਬਲਜੀਤ ਸਿੰਘ ਬੱਲੋ) ਛਪਦੇ ਸਨ। ਚੜ੍ਹਦੀਕਲਾ ਅਖ਼ਬਾਰ ਹਫ਼ਤਾਵਾਰੀ ਛਪਦਾ ਸੀ ਤਾਂ 1972 ਵਿਚ ਸ. ਹਰਨਾਮ ਸਿੰਘ ਨੇ ਲੁਧਿਆਣਾ ਤੋਂ ਟਰੈਡਲ ਮਸ਼ੀਨ 10 ਹਜ਼ਾਰ ਵਿਚ ਲਿਆਂਦੀ। ਇਹ ਲਿਥੋ (ਚਰਬਾ) ਬਣਦਾ ਸੀ ਤੇ ਇਹ ਛਾਪਾ ਪੱਥਰ ਨਾਲ ਹੁੰਦਾ ਸੀ। ਟੀਵੀ ਹਸਪਤਾਲ ਪਟਿਆਲਾ ਦੇ ਸਾਹਮਣੇ ਟੀਨਾਂ ਹੇਠ ਹੀ ਇਹ ਮਸ਼ੀਨ ਲਗਾ ਦਿੱਤੀ ਗਈ। ਟਰੈਡਲ ਮਸ਼ੀਨ ਤੇ ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਵੀ 1982 ਤੱਕ ਛਪਦਾ ਰਿਹਾ। ਉਸ ਤੋਂ ਬਾਅਦ ਸਿਲੰਡਰ ਮਸ਼ੀਨਾਂ ਆ ਗਈਆਂ, ਇਹ ਸਿੱਕਿਆਂ ਵਾਲੀ ਮਸ਼ੀਨ ਹੁੰਦੀ ਸੀ, ਅੱਖਰ ਸਿੱਕਿਆਂ ਤੇ ਹੁੰਦੇ ਸਨ ਵਿਸ਼ੇਸ਼ ਤੌਰ ਤੇ ਇਹ ਸਿੱਕਿਆਂ ਦੇ ਅੱਖਰ ਜੋੜ ਕੇ ਬਲਾਕ ਬਣਦਾ ਸੀ, ਇਹ ਮਸ਼ੀਨ 1982 ਵਿਚ ਸਹਾਰਨਪੁਰ (ਯੂ ਪੀ) ਤੋਂ 30 ਹਜ਼ਾਰ ਵਿਚ ਲਿਆਂਦੀ। ਇਹ ਮਸ਼ੀਨ ਰੇਲ ਦੇ ਇੰਜਣ ਵਰਗੀ ਸੀ, ਇਸ ਵੱਡੀ ਮਸ਼ੀਨ ਦਾ ਵਜ਼ਨ 100 ਕੁਵਿੰਟਲ ਦੇ ਨੇੜੇ ਤੇੜੇ ਸੀ। 1988 ਤੱਕ ਚੜ੍ਹਦੀਕਲਾ ਰੋਜ਼ਾਨਾ ਸਿਲੰਡਰ ਮਸ਼ੀਨ ਤੇ ਹੀ ਛਪਦਾ ਰਿਹਾ। 1990 ਵਿੱਚ ਵੈੱਬ ਆਫਸੈੱਟ ਮਸ਼ੀਨ ਮਲਿਆਲਮ ਮਨੋਰਮਾ ਦੀ ਮਸ਼ੀਨ ਕੋਚੀਨ ਤੋਂ ਲਿਆਂਦੀ ਗਈ। ਇਸ ਤੋਂ ਪਹਿਲਾਂ ਅਜੀਤ, ਪੰਜਾਬ ਕੇਸਰੀ ਆਦਿ ਅਖ਼ਬਾਰ ਬੰਧੂ ਦੀਆਂ ਮਸ਼ੀਨਾਂ ਤੇ ਹੀ ਛਪਦੇ ਸਨ। 50 ਲੱਖ ਦੀ ਇਹ ਮਸ਼ੀਨ ਜਗਜੀਤ ਸਿੰਘ ਦਰਦੀ ਨੂੰ ਬਹੁਤ ਘੱਟ ਰੁਪਿਆਂ ਵਿਚ ਹੀ ਮਿਲ ਗਈ।

-ਪੰਜਾਬ ਦਾ ਸਭ ਤੋਂ ਪਹਿਲਾ ਅਖ਼ਬਾਰ ਚੜ੍ਹਦੀਕਲਾ ਕੰਪਿਊਟਰ ਤੇ ਹੋਇਆ- Journalist ‘Jagjit Singh Dardi’
ਜਦੋਂ ਮਸ਼ੀਨਾਂ ਆਫਸੈੱਟ ਆ ਗਈਆਂ ਸਨ ਤਾਂ ਉਸ ਵੇਲੇ ਕੰਪਿਊਟਰ ਵੀ ਜ਼ਰੂਰੀ ਸੀ ਤੇ ਨਾਲ ਹੀ ਲੇਜ਼ਰ ਪ੍ਰਿੰਟਰ ਵੀ ਲਾਜ਼ਮੀ ਸੀ ਪਰ ਆਮ ਗੱਲ ਨਹੀਂ ਸੀ ਕੰਪਿਊਟਰ ਖ਼ਰੀਦ ਲੈਣਾ, ਜਗਜੀਤ ਸਿੰਘ ਦਰਦੀ ਨੇ ਅਖ਼ਬਾਰੀ ਬਿਜ਼ਨਸ ਨੂੰ ਹੋਰ ਹੁਲਾਰਾ ਦੇਣ ਲਈ 1989 ਵਿਚ ਹੀ ਤਿੰਨ ਕੰਪਿਊਟਰ ਲੈ ਆਉਂਦੇ ਸਨ, ਉਸ ਵੇਲੇ ਦੋ ਲੱਖ ਦਾ ਇਕ ਕੰਪਿਊਟਰ ਆਉਂਦਾ ਸੀ, ਤਿੰਨ ਕੰਪਿਊਟਰ 6 ਲੱਖ ਦੇ ਆਏ। ਲੇਜ਼ਰ ਪ੍ਰਿੰਟਰ ਵੀ ਚਾਰ ਲੱਖ ਦਾ ਲਿਆਂਦਾ ਗਿਆ। ਅਖ਼ਬਾਰ ਆਫਸੈੱਟ ਮਸ਼ੀਨ ਤੇ ਛਪਣਾ ਸ਼ੁਰੂ ਹੋਇਆ। 1999 ਵਿਚ ਚੜ੍ਹਦੀਕਲਾ ਦਾ ਦਫ਼ਤਰ ਐਸਐਸਟੀ ਨਗਰ ਵਿਚ ਰਾਜਪੁਰਾ ਰੋਡ ਤੇ ਆ ਗਿਆ, ਇੱਥੇ ਹੀ ਪ੍ਰੈੱਸ ਲਗਾ ਦਿੱਤੀ ਗਈ। 150 ਪੱਤਰਕਾਰ ਚੜ੍ਹਦੀਕਲਾ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਕੰਮ ਕਰ ਰਿਹਾ ਹੈ।

-ਚੜ੍ਹਦੀਕਲਾ ਪੱਤਰਕਾਰਾਂ ਦੀ ਨਰਸਰੀ-
1991 ਤੋਂ ਲਗਾਤਾਰ ਦਰਸ਼ਨ ਸਿੰਘ ਦਰਸ਼ਕ ਚੜ੍ਹਦੀਕਲਾ ਅਖ਼ਬਾਰ ਦੇ ਨਿਊਜ਼ ਐਡੀਟਰ ਤੇ ਸੰਪਾਦਕ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਨ ਦਰਸ਼ਕ ਹੋਰਾਂ ਨੇ ਕੁਝ ਸਮਾਂ ਸ਼ਾਮ ਦਾ ਅਖ਼ਬਾਰ ਕੱ‌ਢਿਆ ਸੀ ਜਿਸ ਨੇ ਕਾਫ਼ੀ ਚਰਚਾ ਬਟੋਰੀ ਪਰ ਬੰਦ ਹੋ ਗਿਆ। ਉਸ ਤੋਂ ਬਾਅਦ ਲਗਾਤਾਰ ਚੜ੍ਹਦੀਕਲਾ ਵਿਚ ਕੰਮ ਕਰਦੇ ਆ ਰਹੇ ਹਨ, ਪ੍ਰੋ. ਅਜਾਇਬ ਸਿੰਘ, ਪ੍ਰਿ. ਸਤਵੀਰ ਸਿੰਘ ਵਰਗਿਆਂ ਨੇ ਚੜ੍ਹਦੀਕਲਾ ਵਿਚ ਕੰਮ ਕੀਤਾ। ਇੱਥੇ ਹੀ ਬੱਸ ਨਹੀਂ ਚੜ੍ਹਦੀਕਲਾ ਵਿਚ ਕੰਮ ਕਰਨ ਵਾਲੇ ਅੱਗੇ ਵੱਡੀਆਂ ਬੁਲੰਦੀਆਂ ਤੇ ਪੁੱਜੇ, ਜਿਵੇਂ ਕਿ ਚੜ੍ਹਦੀਕਲਾ ਵਿਚ ਕੰਮ ਕਰਨ ਵਾਲੇ ਮਹਿੰਦਰ ਸਿੰਘ ਗਿੱਲ ਐੱਮ ਪੀ ਬਣੇ, ਹਰਚਰਨ ਬੈਂਸ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਬਣੇ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਵਰਿੰਦਰ ਸਿੰਘ ਵਾਲੀਆ ਅੱਜ ਕੱਲ੍ਹ ਪੰਜਾਬੀ ਜਾਗਰਣ ਦੇ ਸੰਪਾਦਕ ਹਨ। ਇਸ਼ਵਿੰਦਰ ਸਿੰਘ ਗਰੇਵਾਲ, ਹਰਜੀਤ ਗਰੇਵਾਲ, ਸ਼ਮੀਲ, ਜਸਵਿੰਦਰ ਸਿੰਘ ਦਾਖਾ, ਚਰਨਜੀਤ ਸਿੰਘ ਭੁੱਲਰ, ਬਲਵਿੰਦਰ ਜੰਮੂ, ਗੁਰਉਦੇਸ਼ ਸਿੰਘ ਭੁੱਲਰ, ਬਿੰਦਰਾ, ਅਮਰਜੀਤ ਸਿੰਘ ਵੜੈਚ, ਕ੍ਰਿਸ਼ਨ ਚੰਦ ਰੱਤੂ, ਖ਼ਾਲਿਦ ਹੁਸੈਨ ਪੀਆਰਓ ਜੰਮੂ ਬਣੇ, ਜਸਪਾਲ ਸਿੰਘ ਢਿੱਲੋਂ, ਗੁਲਸ਼ਨ ਕੁਮਾਰ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ ਆਦਿ ਆਦਿ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਨੇ ਮੁਢਲੇ ਰੂਪ ਵਿਚ ਚੜ੍ਹਦੀਕਲਾ ਵਿਚ ਕੰਮ ਕੀਤਾ।

-ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਿਚ ਰੋਲ-
ਜਗਜੀਤ ਸਿੰਘ ਦਰਦੀ ਆਪਣੀ ਜ਼ੁਬਾਨੀ ਦੱਸਦੇ ਹਨ ਕਿ ਕੇਂਦਰ ਸਰਕਾਰ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਹੀਂ ਉਹ ਮੀ‌ਟਿੰਗਾਂ ਕਰਵਾਇਆ ਕਰਦੇ ਸਨ। ਰਾਜੀਵ ਗਾਂਧੀ ਨਾਲ ਨੇੜਤਾ ਬਣੀ ਹੋਈ ਸੀ। ਬੇਅੰਤ ਸਿੰਘ ਜਦੋਂ 1981 ਵਿਚ ਪੰਜਾਬ ਸਰਕਾਰ ਦੇ ਮਾਲ ਮੰਤਰੀ ਸਨ ਤਾਂ ਉਸ ਵੇਲੇ ਜਗਜੀਤ ਸਿੰਘ ਦਰਦੀ ਨੂੰ ਸਿਟੀਜ਼ਨ ਵੈੱਲਫੇਅਰ ਕੌਂਸਲ ਪਟਿਆਲਾ ਵੱਲੋਂ ‘ਸ਼ੇਰ-ਏ-ਪਟਿਆਲਾ’ ਦਾ ਖ਼ਿਤਾਬ ਦਿੱਤਾ ਗਿਆ ਸੀ। ਇਹ ਖ਼ਿਤਾਬ ਦੇਣ ਲਈ ਤਤਕਾਲੀ ਮਾਲ ਮੰਤਰੀ ਬੇਅੰਤ ਸਿੰਘ ਆਏ ਸਨ। ਇਸ ਖ਼ਿਤਾਬ ਦੇ ਨਾਲ 21 ਹਜ਼ਾਰ ਦੀ ਥੈਲੀ ਵੀ ਦਰਦੀ ਹੋਰਾਂ ਨੂੰ ਭੇਂਟ ਕੀਤੀ ਗਈ। 1991-92 ਦੌਰਾਨ ਬੇਅੰਤ ਸਿੰਘ ਦੀ ਹਾਈਕਮਾਂਡ ਨਾਲ ਕਾਫ਼ੀ ਵਿਗੜ ਗਈ ਸੀ ਤਾਂ ਉਸ ਨੂੰ ਕਾਂਗਰਸ ਵਿਚੋਂ ਕੱਢ ਦਿੱਤਾ ਗਿਆ ਸੀ। ਬੇਅੰਤ ਸਿੰਘ ਨੇ ਜਗਜੀਤ ਸਿੰਘ ਦਰਦੀ ਨਾਲ ਸੰਪਰਕ ਕੀਤਾ, ਦਰਦੀ ਪਹਿਲਾਂ ਦਿਲੀ ਜਾ ਕੇ ਰਾਜੀਵ ਗਾਂਧੀ ਨੂੰ ਮਿਲਣ ਚਲੇ ਗਏ, ਬਾਅਦ ਵਿਚ ਜਦੋਂ ਬੇਅੰਤ ਸਿੰਘ ਪੰਜਾਬ ਭਵਨ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਰਦੀ ਤਾਂ ਪਹਿਲਾਂ ਹੀ ਰਾਜੀਵ ਗਾਂਧੀ ਨੂੰ ਮਿਲਣ ਚਲੇ ਗਏ ਹਨ। ਜਦੋਂ ਜਗਜੀਤ ਸਿੰਘ ਦਰਦੀ ਵਾਪਸ ਆਏ ਤਾਂ ਬੇਅੰਤ ਸਿੰਘ ਨੇ ਦਰਦੀ ਨਾਲ ਕਾਫ਼ੀ ਗ਼ੁੱਸਾ ਕੀਤਾ। ਪਰ ਜਗਜੀਤ ਸਿੰਘ ਦਰਦੀ ਨੇ ਉਸ ਨੂੰ ਕਿਹਾ ਕਿ ਤੁਸੀਂ ਕੱਲ੍ਹ ਕਾਂਗਰਸ ਭਵਨ ਜਾਓ ਤੁਹਾਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਪੱਤਰ ਮਿਲੇਗਾ। ਇਹ ਗੱਲ ਸੱਚੀ ਹੋਈ। ਇੱਥੋਂ ਹੀ ਬੇਅੰਤ ਸਿੰਘ ਦੇ ਮੁੱਖ ਮੰਤਰੀ ਬਣਨ ਦਾ ਮੁੱਢ ਬੱਝਾ। ਇਹ ਗੱਲ ਜਸਜੀਤ ਸਿੰਘ ਰੰਧਾਵਾ ਦੇ ਭਰਾ ਨੂੰ ਚੰਗੀ ਤਰ੍ਹਾਂ ਪਤਾ ਹੈ।

-ਐੱਸ ਐੱਸ ਟੀ ਨਗਰ ਵਿਚ ਪਲਾਟ ਲੈਣਾ-
ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਤਾਂ ਐਸਐਸਟੀ ਨਗਰ ਦੀ ਥਾਂ ਤੇ ਵੱਡੇ ਵੱਡੇ ਟੋਏ ਹੁੰਦੇ ਸਨ, ਉਜਾੜ ਹੁੰਦਾ ਸੀ ਕੋਈ ਇਸ ਪਾਸੇ ਪਲਾਟ ਤਾਂ ਕੀ ਖ਼ਰੀਦਣਾ ਸੀ, ਰਹਿਣ ਦਾ ਸੋਚਦਾ ਵੀ ਨਹੀਂ ਸੀ, ਉਸ ਵੇਲੇ ਸਕੂਲ ਲਈ ਬੇਅੰਤ ਸਿੰਘ ਨੇ ਜਗਜੀਤ ਸਿੰਘ ਦਰਦੀ ਨੂੰ ਰਿਜ਼ਰਵ ਰੇਟ ਤੇ ਐਸਐਸਟੀ ਨਗਰ ਵਿਚ ਪਲਾਟ ਦਿੱਤੇ, ਉਸੇ ਵੇਲੇ ਰਾਜਪੁਰਾ ਰੋਡ ਤੇ ਐਸਐਸਟੀ ਨਗਰ ਵਿਚ ਰਿਜ਼ਰਵ ਰੇਟ ਭਾਵ ਕਿ 250 ਰੁਪਏ ਵਰਗ ਗਜ਼ ਦੇ ਹਿਸਾਬ ਨਾਲ ਬੇਅੰਤ ਸਿੰਘ ਨੇ ਇਹ ਪਲਾਟ 1992 ਵਿਚ ਦੇ ਦਿੱਤਾ ਜਿੱਥੇ ਕਿ ਅੱਜ ਕੱਲ੍ਹ ਚੜ੍ਹਦੀਕਲਾ ਟਾਈਮ ਟੀਵੀ ਦਾ ਦਫ਼ਤਰ ਚੱਲਦਾ ਹੈ। 1993 ਵਿਚ ਹੜ੍ਹ ਆ ਗਏ ਸਨ, ਉਸ ਵੇਲੇ ਕਈ ਵਿਅਕਤੀ ਦਰਦੀ ਨੂੰ ਪਾਗਲ ਵੀ ਕਹਿੰਦੇ ਸੁਣੇ ਗਏ ਸਨ ਪਰ ਅੱਜ ਇਹ ਥਾਂ ਸੋਨਾ ਬਣ ਗਈ ਹੈ।

-ਟਾਈਮ ਟੀਵੀ ਸ਼ੁਰੂ ਕਰਨਾ-
ਜਗਜੀਤ ਸਿੰਘ ਦਰਦੀ ਦੇ ਦੋ ਸਪੁੱਤਰ ਹਰਪ੍ਰੀਤ ਸਿੰਘ ਦਰਦੀ ਤੇ ਸਤਬੀਰ ਸਿੰਘ ਦਰਦੀ ਵਿਦੇਸ਼ ਤੋਂ ਟੀਵੀ ਦੀ ਐਮਬੀਏ ਕਰਕੇ ਆਏ ਸਨ। ਇਨ੍ਹਾਂ ਦਾ ਮਨ ਸੀ ਕਿ ਟੀਵੀ ਚੈਨਲ ਸ਼ੁਰੂ ਕੀਤਾ ਜਾਵੇ, ਜਗਜੀਤ ਸਿੰਘ ਦਰਦੀ ਵੀ ਸਮੇਂ ਦੀ ਪੈੜ ਚਾਲ ਨੂੰ ਸਮਝ ਰਹੇ ਸਨ। ਇਕ ਦਿਨ ਜਦੋਂ ਦਰਦੀ ਪਰਿਵਾਰ ਦਿਲੀ ਵਿਖੇ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਸੀ ਤਾਂ ਉੱਥੇ ਪਰਮਜੀਤ ਸਿੰਘ ਸਰਨਾ ਨਾਲ ਮੁਲਾਕਾਤ ਹੋ ਗਈ, ਇੱਥੋਂ ਇਹ ਵਿਚਾਰ ਹੋਇਆ ਕਿ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਨ ਚਲਾਉਣ ਲਈ ਟੀਵੀ ਚੈਨਲ ਸ਼ੁਰੂ ਕੀਤਾ ਜਾਵੇ। ਪਰਮਜੀਤ ਸਿੰਘ ਸਰਨਾ ਨੇ ਹਾਮੀ ਭਰ ਦਿੱਤੀ। ਉਸ ਵੇਲੇ ਪਰਮਜੀਤ ਸਿੰਘ ਸਰਨਾ ਨੇ ਜਗਜੀਤ ਸਿੰਘ ਦਰਦੀ ਨੂੰ 10 ਲੱਖ ਰੁਪਏ ਉਧਾਰੀ ਦੇ ਤੌਰ ਤੇ ਦਿੱਤੇ। ਸਮਾਂ ਦਰਦੀ ਹੋਰਾਂ ਦੇ ਵੱਲ ਹੋ ਗਿਆ ਸੀ ਕਿ ਪ੍ਰਗਤੀ ਮੈਦਾਨ ਵਿਚ ਇਲੈਕਟ੍ਰੋਨਿਕ ਮੇਲਾ ਲੱਗਾ ਸੀ, ਉਸ ਦਿਨ ਮੇਲੇ ਦਾ ਆਖ਼ਰੀ ਦਿਨ ਸੀ ਟੀਵੀ ਚੈਨਲ ਚਲਾਉਣ ਲਈ ਸਮਾਨ ਲੈਣਾ ਸੀ, ਮੇਲੇ ਦਾ ਆਖ਼ਰੀ ਦਿਨ ਹੋਣ ਕਰਕੇ ਟੀਵੀ ਚੈਨਲ ਦਾ ਸਮਾਨ ਬਹੁਤ ਸਸਤੇ ਰੇਟਾਂ ਵਿਚ ਮਿਲ ਗਿਆ। ਪ੍ਰਸਾਰ ਭਾਰਤੀ ਦੇ ਸੀਈਓ ਆਈਏਐਸ ਬੀਐਸ ਲਾਲੀ ਹੋਇਆ ਕਰਦੇ ਸਨ। ਸ. ਦਰਦੀ ਉਸ ਕੋਲ ਗਏ ਤੇ ਉਨ੍ਹਾਂ ਕੋਲ ‘ਫ਼ਰੀ ਡਿਸ਼’ ਵਿਚ ਚੜ੍ਹਦੀ ਕਲਾ ਟਾਈਮ ਟੀਵੀ ਪਾਉਣ ਦੀ ਬੇਨਤੀ ਕੀਤੀ ਤਾਂ ਸ. ਲਾਲੀ ਕਹਿਣ ਲੱਗੇ ਕਿ ‘ਤੇਰੇ ਟੀਵੀ ਵਿਚ ਕੀ ਹੈ?’ ਤਾਂ ਸ. ਦਰਦੀ ਨੇ ਕਿਹਾ ਕਿ ‘ਮੇਰੇ ਟੀਵੀ ਚੈਨਲ ਵਿਚ ਬੰਗਲਾ ਸਾਹਿਬ ਦਾ ਸਿੱਧਾਂ ਪ੍ਰਸਾਰਨ ਹੈ’। ਇਸ ਗੱਲੋਂ ਹੀ ਖ਼ੁਸ਼ ਹੋਕੇ ਸ. ਲਾਲੀ ਕਹਿਣ ਲੱਗੇ ‘20 ਲੱਖ ਦਾ ਇੰਤਜ਼ਾਮ ਕਰ ਸਕਦੈਂ’ ਤਾਂ ਸ. ਦਰਦੀ ਨੇ ਉਥੇ ਹਾਂ ਕਰ ਦਿੱਤੀ, ਦੂਜੇ ਦਿਨ ਹੀ ਬੈਂਕ ਤੋਂ 20 ਲੱਖ ਦਾ ਲੋਨ ਲੈ ਕੇ ਪ੍ਰਸਾਰ ਭਾਰਤੀ ਕੋਲ ਜਮਾਂ ਕਰਵਾ ਆਏ ਤੇ ਟਾਈਮ ਟੀਵੀ ‘ਫ਼ਰੀ ਡਿਸ਼’ ਤੇ ਪੈ ਗਿਆ। ਜੋ ਕਿ ਅੱਜ ਤੱਕ ਚੱਲ ਰਿਹਾ ਹੈ, ਬੇਸ਼ੱਕ ਅੱਜ ਤਾਂ ਸਵਾ ਕਰੋੜ ਤੱਕ ਫ਼ਰੀ ਡਿਸ਼ ਵਿਚ ਪੈਣ ਲਈ ਸਲਾਨਾ ਦਿੱਤਾ ਜਾ ਰਿਹਾ ਹੈ। ਉਸ ਤੋਂ ਬਾਅਦ ਤਾਂ ਚੜ੍ਹਦੀਕਲਾ ਟਾਈਮ ਟੀਵੀ ਟਾਟਾ ਸਕਾਈ ਤੋਂ ਲੈ ਕੇ ਏਅਰ ਟੈੱਲ ਤੱਕ ਹਰ ਇਕ ਡਿਸ਼ ਵਿਚ ਚੱਲਦਾ ਰਿਹਾ, ਹੁਣ ਤਾਂ ਯੂਐਸਏ ਤੇ ਕੈਨੇਡਾ ਦੀਆਂ ਡਿਸ਼ਾਂ ਵਿਚ ਵੀ ਚੱਲ ਰਿਹਾ ਹੈ। ਇਸ ਸਮੇਂ ਟਾਈਮ ਟੀਵੀ ਵਿਚ 250 ਦੇ ਕਰੀਬ ਦੇਸ਼ਾਂ ਵਿਦੇਸ਼ਾਂ ਵਿਚ ਟੀਵੀ ਰਿਪੋਰਟਰ ਕੰਮ ਕਰਦੇ ਹਨ। ਦਫ਼ਤਰ ਵਿਚ ਵੀ 100 ਤੋਂ 125 ਵਿਅਕਤੀ ਕੰਮ ਕਰਦੇ ਹਨ।

-ਵੱਡੀਆਂ ਸੰਸਥਾਵਾਂ ਦੇ ਮੈਂਬਰ ਤੇ ਕਈ ਅਹੁਦਿਆਂ ਤੇ ਰਹੇ- Journalist ‘Jagjit Singh Dardi’
1982 ਵਿਚ ਜਗਜੀਤ ਸਿੰਘ ਦਰਦੀ ਆਲ ਇੰਡੀਆ ਨਿਊਜ਼ ਪੇਪਰ ਐਡੀਟਰ ਕਾਨਫ਼ਰੰਸ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਬਣੇ। 1982 ਵਿਚ ਪੰਜਾਬ ਸਰਕਾਰ ਦੀ ਪ੍ਰੈੱਸ ਰੀਲੇਸ਼ਨਲ ਕਮੇਟੀ ਦੇ ਮੈਂਬਰ ਬਣੇ। 1986 ਵਿਚ ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈਐਨਐਸ) ਦੇ ਐਗਜ਼ੈਕਟਿਵ ਮੈਂਬਰ ਡਾਇਰੈਕਟ ਬਣੇ ਜੋ ਅੱਜ ਤੱਕ ਚਲੇ ਆ ਰਹੇ ਹਨ। 1983 ਵਿਚ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਮੀਡੀਆ ਡੈਲੀਗੇਸ਼ਨ ਮੈਂਬਰ ਬਣੇ। ਸਟੇਟ ਗੈੱਸਟ ਬਣਾਇਆ, ਉਸ ਤੋਂ ਬਾਅਦ ਬਣੇ ਸਾਰੇ ਹੀ ਪ੍ਰਧਾਨ ਮੰਤਰੀਆਂ ਜਿਵੇਂ ਕਿ ਅਟੱਲ ਬਿਹਾਰੀ ਵਾਜਪਾਈ, ਰਾਜੀਵ ਗਾਂਧੀ, ਮਨਮੋਹਨ ਸਿੰਘ ਆਦਿ ਸਾਰਿਆਂ ਦੇ ਹੀ ਨਾਲ ਜਹਾਜ਼ ਵਿਚ ਬੈਠ ਕੇ ਵਿਦੇਸ਼ਾਂ ਵਿਚ ਜਾਂਦੇ ਰਹੇ। ਹਾਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਹਾਜ਼ ਵਿਚ ਲੈ ਜਾਣਾ ਪੱਤਰਕਾਰਾਂ ਨੂੰ ਬੰਦ ਕਰ ਦਿੱਤਾ ਹੈ, ਹੁਣ ਜੇਕਰ ਕੋਈ ਪੱਤਰਕਾਰ ਜਾਣਾ ਚਾਹੇ ਤਾਂ ਦੂਜੇ ਜਹਾਜ਼ ਵਿਚ ਜਾ ਸਕਦਾ ਹੈ। 1994 ਵਿਚ ਪੰਜਾਬ ਸਰਕਾਰ ਦੀ ਪ੍ਰੈੱਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ ਬਣੇ ਜੋ ਅੱਜ ਤੱਕ ਵੀ ਚਲੇ ਆ ਰਹੇ ਹਨ। 2000 ਵਿਚ ਹਰਿਆਣਾ ਪ੍ਰੈੱਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ ਵੀ ਬਣ ਗਏ। 1996 ਵਿਚ ਲੋਕ ਸਭਾ ਪ੍ਰੈੱਸ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ ਅੱਜ ਤੱਕ ਚਲੇ ਆ ਰਹੇ ਹਨ। 2014 ਵਿਚ ਰਾਜ ਸਭਾ ਵਿਚ ਮੀਡੀਆ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ। ਜਿੱਥੇ ਕਿ ਸ. ਦਰਦੀ ਸੈਂਟਰ ਹਾਲ ਵਿਚ ਬੈਠਦੇ ਹਨ ਉੱਥੇ ਬੈਠਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ। ਇਸ ਸਮੇਂ ਜਗਜੀਤ ਸਿੰਘ ਦਰਦੀ ਨੂੰ ਲੰਬੀਆਂ ਤੇ ਸ਼ਾਨਦਾਰ ਸੇਵਾਵਾਂ ਬਦਲੇ ਐੱਲ ਐਂਡ ਡੀ ਦਾ ਸ਼ਨਾਖ਼ਤੀ ਕਾਰਡ ਪ੍ਰਾਪਤ ਹੈ। 2001 ਵਿਚ ਪ੍ਰੈੱਸ ਕੌਂਸਲ ਆਫ਼ ਇੰਡੀਆ ਤੇ ਮੈਂਬਰ ਬਣੇ ਤੇ 2007 ਤੱਕ ਰਹੇ ਉਸ ਤੋਂ ਬਾਅਦ ਤੀਜੀ ਟਰਮ ਵਿਚ 2014 ਤੱਕ ਰਹੇ। ਸ. ਦਰਦੀ ਨੇ ਧਾਕੜ ਵਿਅਕਤੀ ਜਸਟਿਸ ਕਾਟਜੂ ਨਾਲ ਵੀ ਕੰਮ ਕੀਤਾ।

-ਇਨਾਮ ਸਨਮਾਨ-
ਪਟਿਆਲਾ ਸਿਟੀਜ਼ਨ ਵੈੱਲਫੇਅਰ ਕੌਂਸਲ ਵੱਲੋਂ ‘ਸ਼ੇਰ-ਏ-ਪਟਿਆਲਾ ਦਾ ਐਵਾਰਡ 1981 ਵਿਚ ਮਿਲਿਆ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ 1992 ਵਿੱਚ ਮਿਲਿਆ। ਪੰਜਾਬ ਰਤਨ ਗਵਰਨਰ ਪੰਜਾਬ ਵੱਲੋਂ 2000 ਵਿਚ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਐਵਾਰਡ ਮਾਨਯੋਗ ਰਾਸ਼ਟਰਪਤੀ ਵੱਲੋਂ 1998 ਵਿਚ, ਸ਼੍ਰੋਮਣੀ ਪੰਜਾਬੀ ਐਵਾਰਡ ਵਿਸ਼ਵ ਪੰਜਾਬੀ ਕਾਨਫ਼ਰੰਸ ਯੂਐਸਏ ਮਿਲਵਾਕੀ ਵਿਚ ਮਿਲਿਆ। ਭਾਰਤੀ ਉਦਯੋਗ ਰਤਨ ਐਵਾਰਡ ਇੰਡੀਅਨ ‌ਇਕਨਾਮਿਕ ਰਿਸਰਚ ਐਸੋਸੀਏਸ਼ਨ ਵੱਲੋਂ ਲੋਕ ਸਭਾ ਸਪੀਕਰ ਬਲਰਾਮ ਜਾਖੜ ਵੱਲੋਂ 1996 ਵਿਚ ਦਿੱਤਾ ਗਿਆ। ਫੇਸ ਆਫ਼ ਸਕਸੈੱਸ ਐਵਾਰਡ ਹਿੰਦੁਸਤਾਨ ਟਾਈਮਜ਼, ਐਜਪ੍ਰੀਨਿਓਰ ਐਵਾਰਡ ਟਾਈਮਜ਼ ਆਫ਼ ਇੰਡੀਆ, ਭਾਈ ਸਾਹਿਬ ਦੀ ਪਦਵੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ, ਉੱਘਾ ਪੱਤਰਕਾਰ ਐਵਾਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ, ਫ਼ਖਰ ਏ ਕੌਮ ਐਵਾਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਾਰਨ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ। ਭਾਰਤ ਦਾ ਸਭ ਤੋਂ ਵੱਡਾ ਸਨਮਾਨ ‘ਪਦਮ ਸ਼੍ਰੀ’ ਮਾਨਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਮਾਨ ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ।

-ਕੋਰਟ ਕੇਸ ਧਮਕੀਆਂ-
ਉਂਜ ਤਾਂ ਜਗਜੀਤ ਸਿੰਘ ਦਰਦੀ ਦਾ ਸ਼ੁਰੂ ਤੋਂ ਹੀ ਕੋਰਟ ਕੇਸਾਂ ਧਮਕੀਆਂ ਨਾਲ ਵਾਹ ਪੈਂਦਾ ਰਿਹਾ ਪਰ ਅਖ਼ਬਾਰ ਵਿਚ ਵੀ ਧਮਕੀਆਂ ਆਮ ਆਉਂਦੀਆਂ ਸਨ, ਖਾੜਕੂਵਾਦ ਵੇਲੇ ਖਾੜਕੂ ਖ਼ਬਰਾਂ ਦਿੰਦੇ ਸਨ, ਲਾਉਣੀਆਂ ਪੈਂਦੀਆਂ ਸਨ, ਉਸ ਵੇਲੇ ਮੁੱਖ ਮੰਤਰੀ ਬੇਅੰਤ ਸਿੰਘ ਕੋਲ ਸ਼ਿਕਾਇਤਾਂ ਗਈਆਂ ਪਰ ਉਸ ਨੇ ਕੋਈ ‌ਸ਼ਿਕਾਇਤ ਦੀ ਪ੍ਰਵਾਹ ਨਹੀਂ ਕੀਤੀ। ਗੁਰਦੇਵ ਸਿੰਘ ਐਮਐਲਏ ਤੋਂ ਲੈ ਕੇ ਕੋਰਟ ਕੇਸ ਕਈ ਸਾਰੇ ਭੁਗਤੇ ਤੇ ਕੋਰਟ ਨੋਟਿਸ ਤਾਂ ਫੁੱਲਾਂ ਦੀ ਮਾਲਾ ਵਾਂਗ ਅੱਜ ਵੀ ਆਉਂਦੇ ਰਹਿੰਦੇ ਹਨ।

-ਸਿੱਖਿਆ ਸੰਸਥਾਵਾਂ ਵਿਚ ਕਾਮਯਾਬ ਸ਼ਮੂਲੀਅਤ-
ਸ੍ਰੀ ਗੁਰੂ ਹਰਕਿਸ਼ਨ ਪਬਲਿਕ 4 ਸਕੂਲ ਚਲਾਏ ਜਾ ਰਹੇ ਹਨ। ਇਕ ਗੁਰੂ ਹਰਕਿਸ਼ਨ ਕਾਲਜ ਚਲਾਇਆ ਜਾ ਰਿਹਾ ਹੈ। ਨਿਊ ਦਿਲੀ ਪਬਲਿਕ ਸਕੂਲ ਚੱਲ ਰਿਹਾ ਹੈ। ਤਿੰਨ ਸਕੂਲ ਲਿਟਲ ਮਿਲੇਨੀਅਮ ਸਕੂਲ ਨਿੱਕੇ ਬੱਚਿਆਂ ਲਈ ਚੱਲੇ ਰਹੇ ਹਨ। ਦੋ ਸਕਿੱਲ ਡਿਵੈਲਪਮੈਂਟ ਦੇ ਨਰਸਿੰਗ ਤੇ ਕੰਪਿਊਟਰ ਆਦਿ ਕਾਲਜ ਚੱਲ ਰਹੇ ਹਨ।

-ਪਰਿਵਾਰ-
ਜਗਜੀਤ ਸਿੰਘ ਦਰਦੀ ਹੋਰੀਂ ਦੋ ਭਰਾ ਹਨ, ਦੂਜਾ ਭਰਾ ਚੌਧਰੀ ਪ੍ਰਭਜੀਤ ਸਿੰਘ ਹੈ ਜਿਸ ਦੀ ਸਪਤਾਹਿਕ ਸ਼ਹੀਦ-ਏ-ਆਜ਼ਮ ਅਖ਼ਬਾਰ ਅਤੇ ਰਾਜਨੀਤੀ ਯੁੱਗ ਮੈਗਜ਼ੀਨ ਚੱਲ ਰਿਹਾ ਹੈ। ਚੌਧਰੀ ਪ੍ਰਭਜੀਤ ਸਿੰਘ ਦੀ ਸ਼ਹੀਦ-ਏ-ਆਜ਼ਮ ਨਾਲ ਨਾਲ ਪ੍ਰਿੰਟਿੰਗ ਪ੍ਰੈੱਸ ਚੱਲ ਰਹੀ ਹੈ, ਇਸ ਵੇਲੇ ਉਨ੍ਹਾਂ ਦਾ ਵੱਡਾ ਹੋਟਲ ਵੀ ਚੱਲ ਰਿਹਾ ਹੈ। ਚੌਧਰੀ ਪ੍ਰਭਜੀਤ ਸਿੰਘ ਦੇ ਦੋ ਪੁੱਤਰ ਛਤਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਹੁਣ ਅੱਗੇ ਕੰਮ ਸੰਭਾਲ ਰਹੇ ਹਨ, ਜਗਜੀਤ ਸਿੰਘ ਦਰਦੀ ਦੀ ਮਾਂ ਹਰਬੰਸ ਕੌਰ (96) ਅੱਜ ਕੱਲ੍ਹ ਚੌਧਰੀ ਪ੍ਰਭਜੀਤ ਕੋਲ ਹੀ ਰਹਿੰਦੇ ਹਨ। ਜਗਜੀਤ ਸਿੰਘ ਦਰਦੀ ਦੀ ਧਰਮ ਪਤਨੀ ਜਸਵਿੰਦਰ ਕੌਰ, ਦੋ ਪੁੱਤਰ ਹਰਪ੍ਰੀਤ ਸਿੰਘ ਦਰਦੀ ਅਤੇ ਸਤਬੀਰ ਸਿੰਘ ਦਰਦੀ। ਸਤਬੀਰ ਸਿੰਘ ਦਰਦੀ ਇਸ ਦੁਨੀਆ ਵਿਚ ਨਹੀਂ ਰਹੇ। ਦੋਵਾਂ ਦੇ ਇਕ ਇਕ ਬੇਟਾ ਤੇ ਇਕ ਇਕ ਬੇਟੀ ਹੈ।

-ਕਮੀਆਂ ਤੇ ਅਫ਼ਵਾਹਾਂ-
ਜਗਜੀਤ ਸਿੰਘ ਦਰਦੀ ਨੇ ਟੀਵੀ ਹਸਪਤਾਲ ਦੇ ਸਾਹਮਣੇ ਤੋਂ ਲੱਕੜਾਂ ਕੱਟ ਕੇ ਵੇਚਦਿਆਂ ਇਸ ਤਰੀਕੇ ਨਾਲ ਕੰਮ ਕੀਤਾ ਕਿ ਅੱਜ ਇਕ ਵੱਡੇ ਅਦਾਰੇ ਦੇ ਮਾਲਕ ਹਨ। ਉਨ੍ਹਾਂ ਵਿਚ ਇਕ ਪੱਤਰਕਾਰ ਵਜੋਂ ਕੰਮ ਕਰਨ ਵਿਚ ਕਈ ਕਮੀਆਂ ਹੋਣਗੀਆਂ, ਕਿਉਂਕਿ ਇਕ ਅਦਾਰਾ ਚਲਾਉਣਾ ਇਕ ਬਿਜ਼ਨਸਮੈਨ ਬਣ ਕੇ ਹੀ ਚਲਾਇਆ ਜਾ ਸਕਦਾ ਹੈ। ਆਮ ਤੌਰ ਤੇ ਇੰਪਲਾਈਜ਼ ਤੇ ਇੰਪਲਾਇਰ ਦਾ ਤਨਖ਼ਾਹਾਂ ਪਿੱਛੇ ਰੌਲਾ ਰਹਿੰਦਾ ਹੈ, ਬਿਜ਼ਨਸਮੈਨ ਹੁੰਦਿਆਂ ਜਗਜੀਤ ਸਿੰਘ ਦਰਦੀ ਨੇ ਕਿਤੇ ਕਿਤੇ ਪੱਤਰਕਾਰਤਾ ਦੇ ਆਦਰਸ਼ ਵੀ ਅਣਗੌਲੇ ਕੀਤੇ ਹੋਣਗੇ ਪਰ ਉਨ੍ਹਾਂ ਇਕ ਅਦਾਰਾ ਖੜ੍ਹਾ ਕਰਨ ਲਈ ਸਖ਼ਤ ਮਿਹਨਤ ਕੀਤੀ। ਜਿਸ ਕਰਕੇ ਅੱਜ ਉਨ੍ਹਾਂ ਦੇ ਅਦਾਰੇ ਤੋਂ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਪਾਲ ਰਹੇ ਹਨ। ਕਈ ਸਾਰੀਆਂ ਅਫ਼ਵਾਹਾਂ ਜਗਜੀਤ ਸਿੰਘ ਦਰਦੀ ਬਾਰੇ ਮਾਰਕਿਟ ਵਿਚ ਚੱਲਦੀਆਂ ਹਨ ਪਰ ਉਹ ਅਫ਼ਵਾਹਾਂ ਇਕ ਕਾਮਯਾਬ ਵਿਅਕਤੀ ਲਈ ਕੋਈ ਵੀ ਤਿਆਰ ਕਰ ਸਕਦਾ ਹੈ। ਜਿਸ ਵਿਅਕਤੀ ਨੂੰ ਸਿੱਖ ਸੰਸਥਾਵਾਂ ਤੋਂ ਲੈ ਕੇ ਰਾਜਨੀਤਿਕ ਤੌਰ ਤੇ ਅਤੇ ਸਮਾਜਕ ਤੌਰ ਸਨਮਾਨਿਆ ਗਿਆ ਹੋਵੇ ਉਸ ਬਾਰੇ ਕੁਝ ਲੋਕ ਚਿੜਦੇ ਹੋਏ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਜਨਮ ਦਿੰਦੇ ਹਨ। ਮੈਨੂੰ ਉਹ ਅਫ਼ਵਾਹਾਂ ਹੀ ਲੱਗੀਆਂ ਜਿਨ੍ਹਾਂ ਵਿਚ ਕੋਈ ਸਚਾਈ ਨਜ਼ਰ ਨਹੀਂ ਆਈ ਕਿਉਂਕਿ ਤੱਥਾਂ ਰਹਿਤ ਹਨ। ਵੱਡੇ ਲੋਕਾਂ ਨਾਲ ਮਿਲਣਾ, ਸਿਆਸੀ ਲੋਕਾਂ ਨਾਲ ਬਣਾ ਕੇ ਰੱਖਣਾ, ਆਪਣੇ ਬਿਜ਼ਨੈੱਸ ਨੂੰ ਬੁਲੰਦੀ ਤੇ ਲੈ ਜਾਣ ਲਈ ਦਰਦੀ ਹੋਰਾਂ ਨੇ ਵੱਡੇ ਲੋਕਾਂ ਨਾਲ ਸੰਪਰਕ ਪੈਦਾ ਕੀਤੇ ਹੋਣਗੇ ਉਨ੍ਹਾਂ ਨੂੰ ਵਰਤਿਆ ਵੀ ਹੋਵੇਗਾ, ਪਰ ਇਹ ਹਰ ਬਿਜ਼ਨਸਮੈਨ ਕਰਦਾ ਹੈ। ਜਗਜੀਤ ਸਿੰਘ ਦਰਦੀ ਦੇ ਜਿਊਣ ਦਾ ਲਹਿਜ਼ਾ ਖੁੱਲ੍ਹੀ ਕਿਤਾਬ ਵਰਗਾ ਹੈ। ਦੂਰੋਂ ਜਗਜੀਤ ਸਿੰਘ ਦਰਦੀ ਦੀ ਅਲੋਚਨਾ ਕਰਨ ਵਾਲੇ ਲੋਕ ਉਸ ਦੇ ਸਾਹਮਣੇ ਆਕੇ ਉਸ ਦੀ ਜੀ-ਹਜੂਰੀ ਵੀ ਕਰਦੇ ਦੇਖੇ ਹਨ।
ਜਗਜੀਤ ਸਿੰਘ ਦਰਦੀ, ਬਿਜ਼ਨਸਮੈਨ ਦਰਦੀ ਹੈ। ਇਕ ਚੰਗਾ ਬਿਜ਼ਨਸਮੈਨ ਉਦਯੋਗਪਤੀ ਅਤੇ ਇਕ ਚੰਗੇ ਇਨਸਾਨ ਕਰਕੇ ਉਸ ਨੂੰ ਪਦਮ ਸ੍ਰੀ ਪ੍ਰਦਾਨ ਕੀਤਾ ਗਿਆ। ਇਕ ਮਿਹਨਤਕਸ਼ ਵਿਅਕਤੀ ਹੈ ਜਗਜੀਤ ਸਿੰਘ ਦਰਦੀ, ਅੱਜ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਨੂੰ ਹੀ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹਨ ਅਜਿਹੇ ਵਿਅਕਤੀ ਤੋਂ ਸਮਾਜ ਦੀ ਸੇਧ ਦੀਆਂ ਵੱਡੀਆਂ ਆਸਾਂ ਰੱਖੀਆਂ ਜਾ ਸਕਦੀਆਂ ਹਨ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਗਜੀਤ ਸਿੰਘ ਦਰਦੀ ਨੂੰ ਹੋਰ ਬੁਲੰਦੀਆਂ ਬਖ਼ਸ਼ੇ, ਤੇ ਉਸ ਨੂੰ ਦੇਸ਼ ਕੌਮ ਲਈ ਚੰਗੇ ਕੰਮ ਕਰਨ ਬਲ ਬਖਸ਼ੇ… ਆਮੀਨ।

ਗੁਰਨਾਮ ਸਿੰਘ ਅਕੀਦਾ
8146001100

Also read: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਮਾਸਟਰਕਾਰਡ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਲਈ ਕੀਤਾ ਨਾਮਜ਼ਦ

Journalist ‘Jagjit Singh Dardi’

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...