ਬਹੁਪੱਖੀ ਯੋਜਨਾਬੰਦੀ ਅਤੇ ਕਿਸਾਨਾਂ ਨਾਲ ਸਿੱਧੇ ਸੰਵਾਦ ਦਾ ਅਸਰ, ਫਾਜਿ਼ਲਕਾ ਜਿ਼ਲ੍ਹੇ ਵਿਚ 35 ਫੀਸਦੀ ਘੱਟ ਸੜੀ ਪਰਾਲੀ

ਫਾਜਿ਼ਲਕਾ, 6 ਦਸੰਬਰ

                ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਬਹੁਪੱਖੀ ਯੋਜਨਾਬੰਦੀ ਅਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਵੱਖ ਵੱਖ ਤਰੀਕਿਆਂ ਦੀ ਵਰਤੋਂ ਨਾਲ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 35 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪਿੱਛਲੇ ਸਾਲ ਫਾਜਿ਼ਲਕਾ ਸਭ ਤੋਂ ਜਿਆਦਾ ਪਰਾਲੀ ਸੜਨ ਵਾਲੇ ਜਿ਼ਲਿ੍ਹਆਂ ਵਿਚ ਸੁਮਾਰ ਸੀ ਪਰ ਇਸ ਸਾਲ ਪਿੱਛਲੇ ਸਾਲ ਦੇ 2856 ਮਾਮਲਿਆਂ ਦੇ ਮੁਕਾਬਲੇ ਪਰਾਲੀ ਸੜਨ ਦੇ ਸਿਰਫ 1854 ਮਾਮਲੇ ਹੀ ਦਰਜ ਕੀਤੇ ਗਏ ਹਨ।

                ਜਿਕਰਯੋਗ ਹੈ ਕਿ ਇੰਨ੍ਹਾਂ ਵਿਚ 197 ਮਾਮਲੇ ਗੁਰੁੂਹਰਸਹਾਏ ਦੇ 44 ਪਿੰਡਾਂ ਨਾਲ ਸਬੰਧਤ ਹਨ ਜੋ ਖੇਤੀਬਾੜੀ ਵਿਭਾਗ ਜਿ਼ਲ੍ਹਾ ਫਿਰੋਜਪੁਰ ਅਧੀਨ ਆਉਂਦੇ ਹਨ ਜਦ ਕਿ ਰਵਿਨਿਊ ਜਿ਼ਲ੍ਹਾ ਫਾਜਿ਼ਲਕਾ ਵਿਚ ਪਂੈਦੇ ਹਨ।

                ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਲਈ ਜਿ਼ਲ੍ਹੇ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਪਰਾਲੀ ਦੇ ਮਾਮਲੇ ਘੱਟ ਕਰਨਾ ਇਸ ਲਈ ਵੀ ਚੁਣੌਤੀ ਪੂਰਨ ਸੀ ਕਿਉਂਕਿ ਜਿ਼ਲ੍ਹੇ ਵਿਚ ਪਰਾਲੀ ਦੀ ਵਰਤੋਂ ਕਰਨ ਵਾਲੀ ਕੋਈ ਵੱਡੀ ਇੰਡਸਟਰੀ ਨਹੀਂ ਹੈ, ਪਰ ਜਿ਼ਲ੍ਹਾ ਪ੍ਰਸ਼ਾਸਨ ਨੇ ਇਕ ਟੀਮ ਵਜੋਂ ਕੰਮ ਕਰਦਿਆਂ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਇਸ ਟੀਚੇ ਨੁੂੰ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਉਧਮੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿ਼ਲ੍ਹੇ ਵਿਚ ਪਰਾਲੀ ਅਧਾਰਤ ਸਨਅੱਤ ਲਗਾਉਣ ਲਈ ਅੱਗੇ ਆਊਣ ਕਿਉਂਕਿ ਜਿ਼ਲ੍ਹੇ ਵਿਚ ਇਸ ਲਈ ਭਰਪੂਰ ਸੰਭਾਵਨਾਵਾਂ ਹਨ।

                ਫਾਜਿ਼ਲਕਾ ਜਿ਼ਲ੍ਹੇ ਵਿਚ 1.01 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸਤ ਕੀਤੀ ਗਈ ਸੀ ਅਤੇ ਇਸ ਵਿਚੋਂ 5.87 ਲੱਖ ਟਨ ਪਰਾਲੀ ਦਾ ਉਤਪਾਦਨ ਹੋਇਆ। ਜਿ਼ਲ੍ਹਾ ਪ੍ਰਸ਼ਾਸਨ ਨੇ ਜਿ਼ਲ੍ਹੇ ਤੋਂ ਬਾਹਰਲੀਆਂ ਇੰਡਸਟਰੀ ਅਤੇ ਜਿ਼ਲ੍ਹੇ ਵਿਚਲੇ ਕੁਝ ਛੋਟੇ ਯੁਨਿਟਾਂ ਨਾਲ ਤਾਲਮੇਲ ਕਰਕੇ ਇਸ ਵਿਚੋਂ 162200 ਟਨ ਪਰਾਲੀ ਦਾ ਐਕਸ ਸਿਟੂ ਤਰੀਕੇ ਨਾਲ ਨਿਪਟਾਰਾ ਕੀਤਾ ਗਿਆ।

                ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲੇ ਘੱਟ ਕਰਨ ਲਈ ਪ੍ਰਸ਼ਾਸਨ ਨੇ ਸਤੰਬਰ ਤੋਂ ਹੀ ਵਿਊਂਤਬੰਦੀ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਹਰ ਤਰੀਕਾ ਵਰਤਿਆ ਗਿਆ।

                ਜਿ਼ਲ੍ਹੇ ਦੇ ਨਿਵੇਕਲੇ ਪ੍ਰੋਜੈਕਟ ਤਹਿਤ ਗਉ਼ਸਾਲਾਵਾਂ ਵਿਚ ਪਸ਼ੂ ਚਾਰੇ ਵਜੋਂ ਵਰਤੋਂ ਲਈ ਪਰਾਲੀ ਭਿਜਵਾਈ ਗਈ ਜਿਸ ਨਾਲ ਜਿੱਥੇ ਗਊਆਂ ਲਈ ਚਾਰੇ ਦੀ ਵਿਵਸਥਾ ਹੋਈ ਉਥੇ ਹੀ ਪਰਾਲੀ ਵੀ ਸੰਭਾਲੀ ਗਈ। ਇਸ ਲਈ ਜਿ਼ਲ੍ਹੇ ਦੀਆਂ ਗਉਸ਼ਾਲਾਵਾਂ ਵਿਚ 11 ਹਜਾਰ ਕੁਇੰਟਲ ਪਰਾਲੀ ਇੱਕਤਰ ਕੀਤੀ ਗਈ ਹੈ।

                ਜਿ਼ਲ੍ਹੇ ਵਿਚ ਸਤੰਬਰ ਮਹੀਨੇ 289 ਅਤੇ ਅਕਤੂਬਰ ਮਹੀਨੇ 285 ਕਿਸਾਨ ਸਿਖਲਾਈ ਕੈਂਪ ਪਿੰਡ ਪੱਧਰ ਤੇ ਲਗਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਸਮਝਾ ਕੇ ਇਸਦੇ ਇਨਸਿਟੂ ਤਰੀਕੇ ਨਾਲ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ ਦੇ ਤਰੀਕੇ ਕਿਸਾਨਾਂ ਨੂੰ ਸਮਝਾਏ ਗਏ।

                ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਜਾਗਰੂਕਤਾ ਮੁਹਿੰਮ ਵਿਚ ਸਾਥ ਦੇਣ ਲਈ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ।

                ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੇ 15 ਪ੍ਰਦਰਸ਼ਨੀਆਂ, 15 ਸਕੂਲ ਪੱਧਰ ਦੇ ਜਾਗਰੂਕਤਾ ਮੁਕਾਬਲੇ ਕਰਵਾਏ ਅਤੇ ਦੋ ਪ੍ਰਚਾਰ ਵੈਨਾਂ ਨੇ ਦੋ ਦੋ ਵਾਰ ਹਰੇਕ ਪਿੰਡ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।ਇਸ ਸਬੰਧੀ ਖੇਤੀ ਸਾਹਿਤ ਘਰ ਘਰ ਪਹੁੰਚਾਇਆ ਗਿਆ।ਇਸੇ ਤਰਾਂ ਸਰਕਾਰ ਦੀ ਸਬਸਿਡੀ ਸਕੀਮ ਤਹਿਤ 2028 ਮਸ਼ੀਨਾਂ ਕਿਸਾਨਾਂ ਨੂੰ ਮੁਹਈਆ ਕਰਵਾਈਆਂ ਗਈਆਂ।

                ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਰਾਹੀਂ ਜਿ਼ਲ੍ਹੇ ਦੇ ਸਾਰੇ ਪੇਂਡੂ 230 ਸਕੂਲਾਂ ਰਾਹੀਂ ਪਿੰਡਾਂ ਵਿਚ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ। 920 ਵਾਤਾਵਰਨ ਮਿੱਤਰ ਬਣਾਏ ਗਏ ਜਿ਼ਨ੍ਹਾਂ ਨੇ ਆਪੋ ਆਪਣੇ ਪਿੰਡਾਂ ਵਿਚ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। 200 ਸਕੂਲਾਂ ਵਿਚ ਪੋਸਟਰ ਮੇਕਿੰਗ ਮੁਕਾਬਲਿਆਂ ਰਾਹੀਂ ਵਿਦਿਆਰਥੀ ਸੈਨਾ ਨੂੰ ਆਪਣੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਗਿਆ।ਪਿੰਡਾਂ ਵਿਚ ਨੁਕੜ ਨਾਟਕ ਕਰਵਾਏ ਗਏ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪਰਾਲੀ ਦੀ ਸੰਭਾਲ ਲਈ ਹਰੇਕ ਕਿਸਾਨ ਨੂੰ ਮਸ਼ੀਨ ਮਿਲ ਸਕੇ ਇਸ ਲਈ ਖੇਤੀਬਾੜੀ ਵਿਭਾਗ ਸਮੇਤ ਹੋਰ ਵਿਭਾਗਾਂ ਤੋਂ ਹਰੇਕ ਪਿੰਡ ਲਈ ਇਕ ਨੋਡਲ ਅਫ਼ਸਰ ਲਗਾਇਆ ਗਿਆ ਜਿਸ ਨੇ ਪਿੰਡ ਪੱਧਰ ਤੇ ਕਿਸਾਨਾਂ ਦਾ ਸਾਥ ਦਿੱਤਾ। ਇਸੇ ਤਰਾਂ ਸਰਫੇਸ ਸੀਡਿੰਗ ਤਕਨੀਕ ਨੂੰ ਵੀ ਵਿਸੇਸ਼ ਤੌਰ ਤੇ ਹੁਲਾਰਾ ਦਿੱਤਾ ਗਿਆ ਜਿਸ ਨਾਲ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਇਸੇ ਤਰਾਂ ਆਸ਼ਾ ਵਰਕਰਾਂ ਦੇ ਮਾਰਫਤ ਕਿਸਾਨ ਬੀਬੀਆਂ ਤੱਕ ਵੀ ਪਰਾਲੀ ਨਾ ਸਾੜਨ ਦਾ ਸੰਦੇਸ਼ ਪਹੁੰਚਾਇਆ ਗਿਆ ਤਾਂ ਜੋ ਉਹ ਆਪਣੇ ਪਰਿਵਾਰਾਂ ਵਿਚ ਪਰਾਲੀ ਸਾੜਨ ਖਿਲਾਫ ਆਵਾਜ ਬੁੰਲਦ ਕਰਨ।

[wpadcenter_ad id='4448' align='none']