ਲੁਧਿਆਣਾ, 19 ਦਸੰਬਰ –
ਵਿਸ਼ੇਸ਼ ਸਕੱਤਰ ਖੇਤੀਬਾੜੀ, ਸ੍ਰੀ ਸੰਯਮ ਅਗਰਵਾਲ ਵੱਲੋਂ ਸਟੇਟ ਐਗਮਾਰਕ ਲੈਬਾਟਰੀ, ਲੁਧਿਆਣਾ ਦਾ ਦੌਰਾ ਕੀਤਾ ਗਿਆ ਜਿੱਥੇ ਮੁੱਖ ਖੇਤੀਬਾੜੀ ਅਫਸਰ ਡਾ਼ ਨਰਿੰਦਰ ਸਿੰਘ ਬੈਨੀਪਾਲ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਸਟੇਟ ਐਗਮਾਰਕ ਲੈਬ ਦੇ ਇੰਚਾਰਜ ਡਾ਼ ਮਨਮੀਤ ਮਾਨਵ ਵਲੋਂ ਉਨ੍ਹਾਂ ਨੂੰ ਸਵਾਗਤ ਵੱਜੋਂ ਪਲਾਂਟਰ ਭੇਟ ਕੀਤਾ।
ਜ਼ਿਕਰਯੋਗ ਹੈ ਕਿ ਸਟੇਟ ਐਗਮਾਰਕ ਲੈਬ, ਲੁਧਿਆਣਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ) ਖੇਤੀਬਾੜੀ ਵਿਭਾਗ, ਪੰਜਾਬ ਦੀ ਰਾਜ ਪੱਧਰੀ ਕਵਾਲਿਟੀ ਪ੍ਰਮਾਣੀਕਰਨ ਪ੍ਰਯੋਗਸ਼ਾਲਾ ਹੈ, ਜਿੱਥੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਤੋਂ ਪ੍ਰਾਪਤ ਉਤਪਾਦਾਂ (ਸ਼ਹਿਦ, ਮਸਾਲੇ, ਆਟਾ, ਵੇਸਣ, ਦੇਸੀ ਘਿਓ, ਤੇਲ ਆਦਿ) ਦੀ ਭਾਰਤ ਸਰਕਾਰ ਦੀ ਐਗਮਾਰ ਸਕੀਮ ਅਧੀਨ ਗ੍ਰੇਡਿੰਗ, ਲੇਬਲਿੰਗ ਅਤੇ ਮਾਰਕਿੰਗ ਕੀਤੀ ਜਾਂਦੀ ਹੈ।
ਇਸ ਮੌਕੇ ਵਿਸ਼ੇਸ਼ ਸਕੱਤਰ ਖੇਤੀਬਾੜੀ ਸ੍ਰੀ ਸੰਯਮ ਅਗਰਵਾਲ ਵੱਲੋਂ ਲੈਬ ਦੇ ਕਵਾਲਿਟੀ ਨਿਰੀਖਣ ਸਬੰਧੀ ਕੰਮ-ਕਾਜ, ਮਸ਼ੀਨਰੀ ਤੇ ਕੈਮੀਕਲਜ਼ ਦੇ ਫੰਡਜ਼, ਐਗਮਾਰਕ ਐਕਟ, ਗ੍ਰੇਡ ਸਟੈਡਰਡਜ਼ ਬਾਰੇ ਜਾਣਕਾਰੀ ਲਈ ਗਈ।
ਇਸ ਤੋਂ ਇਲਾਵਾ ਐਗਮਾਰਕ ਲਾਇਸੈਂਸ ਲੈਣ ਦੀ ਪ੍ਰਕਿਰਿਆ ਅਤੇ ਇਸ ਦਾ ਕਿਸਾਨਾਂ/ਪ੍ਰੋਸੈਸਰਾਂ ਨੂੰ ਹੋਣ ਵਾਲੇ ਲਾਭ ਬਾਰੇ ਵੀ ਜ਼ਾਇਜਾ ਲਿਆ ਗਿਆ। ਉਨ੍ਹਾਂ ਲੈਬ ਦੇ ਕੰਮ-ਕਾਜ ਅਤੇ ਐਗਮਾਰਕ ਕਵਾਲਿਟੀ ਪ੍ਰਮਾਣਿਕਤਾ ਨਾਲ ਖਪਤਕਾਰ ਨੂੰ ਸ਼ੁੱਧਤਾ ਦਾ ਭਰੋਸਾ, ਉਤਪਾਦਕ ਨੂੰ ਆਪਣੇ ਉਤਪਾਦਾਂ ਦਾ ਉੱਚ ਮੁੱਲ ਅਤੇ ਸਫਲ ਸਵੈ ਮੰਡੀਕਰਨ ਦੇ ਹੋਣ ਵਾਲੇ ਲਾਭਾ ਦੀ ਵੀ ਸ਼ਲਾਘਾ ਕੀਤੀ ਗਈ। ਉਹਨਾਂ ਨੂੰ ਮਾਰਕੀਟਿੰਗ ਵਿੰਗ ਵੱਲੋਂ ਸੈਲਫ ਹੈਲਪ ਗਰੁੱਪ ਬਣਾਉਣ, ਉਹਨਾਂ ਦੇ ਉਤਪਾਦਾਂ ਦੀ ਪੈਕਿੰਗ, ਲੇਬਲਿੰਗ, ਬਰਾਂਡਿੰਗ ਕਰਵਾਉਣ ਅਤੇ ਉੱਦਮਤਾ ਹਿੱਤ ਸਫਲ ਖੇਤੀ ਵਪਾਰ ਲਈ ਤਕਨੀਕੀ ਅਤੇ ਵਿਗਿਆਨਕ ਜਾਣਕਾਰੀ ਅਤੇ ਟ੍ਰੇਨਿੰਗਾਂ ਦੇਣ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।
ਉਨ੍ਹਾਂ ਡਾ਼ ਮਨਮੀਤ ਮਾਨਵ ਵੱਲੋਂ ਕਿਸਾਨਾਂ ਦੇ ਉੱਦਮੀਕਰਨ ਹਿੱਤ ਲਿਖੀ ਪੁਸਤਕ ‘ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ’ ਅਤੇ ਉਹਨਾਂ ਵੱਲੋਂ ਸ਼ਹਿਦ ਦੀ ਕਵਾਲਿਟੀ ਟੈਸਟ ਲਈ ਬਣਾਈ ਜਾ ਰਹੀ ਕਿੱਟ ਦੀ ਸ਼ਲਾਘਾ ਕੀਤੀ। ਡਾ਼ ਮਾਨਵ ਵੱਲੋਂ ਉਹਨਾਂ ਨੂੰ ‘ਮਾਰਕੀਟਿੰਗ ਵਿੰਗ ਦੇ ਮਜ਼ਬੂਤੀਕਰਨ’ ਲਈ ਅਤੇ ‘ਐਗਰੋ ਪ੍ਰੋਸੈਸਿੰਗ ਕੰਪਲੈਕਸ’ ਬਣਾਉਣ ਦੀਆਂ ਦੋ ਲਿਖਤ ਤਜ਼ਵੀਜ਼ਾਂ ਪੇਸ਼ ਕੀਤੀਆਂ ਗਈਆਂ, ਜਿਸ ਸਬੰਧੀ ਸ੍ਰੀ ਅਗਰਵਾਲ ਵੱਲੋਂ ਇਹਨਾਂ ਤਜ਼ਵੀਜਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਗਿਆ।
ਉਹਨਾਂ ਦੇ ਇਸ ਦੌਰੇ ਦੌਰਾਨ ਡਾ਼ ਜਗਦੇਵ ਸਿੰਘ (ਐਗਰੋਨੋਮਿਸਟ) ਅਤੇ ਡਾ਼ ਹਰਪ੍ਰੀਤ ਸਿੰਘ (ਏ.ਡੀ.ਓ) ਵੀ ਲੈਬ ਵਿੱਚ ਮੌਜੂਦ ਸਨ। ਐਗਮਾਰਕ ਲੈਬ ਤੋਂ ਬਾਅਦ ਉਹਨਾਂ ਖੇਤੀਬਾੜੀ ਵਿਭਾਗ ਪੰਜਾਬ ਦੀਆਂ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਸਥਿਤ ਖਾਦ ਪਰਖ ਅਤੇ ਕੀਟਨਾਸ਼ਕ ਪਰਖ ਲੈਬਾਟਰੀਆਂ ਦਾ ਵੀ ਦੌਰਾ ਕੀਤਾ, ਜਿੱਥੇ ਉਹਨਾਂ ਨੇ ਲੈਬ ਦੇ ਕੰਮ-ਕਾਜ਼, ਮਸ਼ੀਨਰੀ, ਫੰਡਜ਼ ਦਾ ਜਾਇਜ਼ਾ ਲਿਆ। ਲੈਬਾਂ ਵੱਲੋਂ ਸਟਾਫ ਦੀ ਕਮੀ ਬਾਰੇ ਵੀ ਜਾਣੂ ਕਰਵਾਇਆ ਗਿਆ।
ਵਿਸ਼ੇਸ਼ ਸਕੱਤਰ ਖੇਤੀਬਾੜੀ, ਸ੍ਰੀ ਸੰਯਮ ਅਗਰਵਾਲ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਸਾਰੀਆਂ ਲੈਬਾਟਰੀਆਂ ਦੇ ਵਧੀਆਂ ਕੰਮ-ਕਾਜ ਦੀ ਸ਼ਲਾਘਾ ਕਰਦਿਆਂ ਤਸੱਲੀ ਪ੍ਰਗਟਾਈ।