ਲੁਧਿਆਣਾ, 28 ਦਸੰਬਰ –
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਸੰਗਤਾ ਨਾਲ ਭਰੀ ਬੱਸ ਨੂੰ ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਇਹ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, ਚਿੰਤਪੂਰਨੀ ਅਤੇ ਜਵਾਲਾ ਜੀ ਵਿਖੇ ਨਤਮਸਤਕ ਹੋਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੇ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉੱਥੇ ਵੱਖ-ਵੱਖ ਕਾਰਨਾਂ ਕਰਕੇ ਗੁਰੂ ਘਰਾਂ, ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਅਸਮਰੱਥ ਲੋਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸੁ਼ਰੂ ਕੀਤੀ ਗਈ ਹੈ ਜਿਸਦੀ ਆਮ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਅੱਜ ਹਲਕਾ ਪੂਰਬੀ ਤੋਂ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਬਸ ਰਵਾਨਾ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬੱਸਾਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ।
ਇਸ ਦੌਰਾਨ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਣ ਵਾਲੀਆਂ ਸੰਗਤਾਂ ਨੇ ਸੂਬਾ ਸਰਕਾਰ ਦੇ ਨਾਲ ਨਾਲ ਵਿਧਾਇਕ ਗਰੇਵਾਲ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ, ਰਾਜ ਗਰੇਵਾਲ, ਪੱਪੂ ਗਰੇਵਾਲ, ਮਹਿੰਦਰ ਭੱਟੀ, ਅੰਕੁਰ ਗੁਲਾਟੀ, ਬਿੱਟੂ ਪ੍ਰਧਾਨ, ਧਰਮਿੰਦਰ ਸਿੰਘ ਫੌਜੀ, ਰਵਿੰਦਰ ਸਿੰਘ ਰਾਜੂ, ਦਫਤਰ ਇੰਚਾਰਜ ਅਸ਼ਵਨੀ ਸ਼ਰਮਾ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।