ਜ਼ਿਲ੍ਹੇ ਨੂੰ 14 ਨਵੇਂ ਪਟਵਾਰੀ ਮਿਲੇ, ਕੁੱਲ ਗਿਣਤੀ 111 ਹੋਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜਨਵਰੀ, 2024:
ਜ਼ਿਲ੍ਹੇ ਵਿੱਚ ਮਾਲ ਮਹਿਕਮੇ ਨਾਲ ਸਬੰਧਤ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਅੱਜ ਜ਼ਿਲ੍ਹੇ ਵਿੱਚ 14 ਨਵੇਂ ਮਾਲ ਪਟਵਾਰੀ ਸ਼ਾਮਲ ਕੀਤੇ ਗਏ, ਜਿਸ ਨਾਲ ਕੁੱਲ ਗਿਣਤੀ 111 ਹੋ ਗਈ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮਾਲ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਪਟਵਾਰੀਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ ਗਿਆ।
     ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 136 ਰੈਵੀਨਿਊ ਪਟਵਾਰੀ ਫੀਲਡ ਤੇ 5 ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਹਨ। ਇਨ੍ਹਾਂ  14 ਨਵੇਂ ਪਟਵਾਰੀਆਂ ਦੇ ਸ਼ਾਮਲ ਹੋਣ ਨਾਲ ਹੁਣ ਇਹ ਗਿਣਤੀ 111 ਹੋ ਗਈ ਹੈ ਜੋ ਕਿ ਜ਼ਿਲ੍ਹੇ ਵਿੱਚ ਮਾਲ ਵਿਭਾਗ ਦੀਆਂ ਸੇਵਾਵਾਂ ਚਲਾਉਣ ਲਈ ਕਾਫੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 85 ਰੈਗੂਲਰ ਅਤੇ 12 ਮੁੜ-ਰੁਜ਼ਗਾਰ (ਠੇਕੇ ਉੱਤੇ) ਮਾਲ ਪਟਵਾਰੀ ਕੰਮ ਕਰ ਰਹੇ ਸਨ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੇਂ ਆਏ ਪਟਵਾਰੀਆਂ ਨੂੰ ਦੋ-ਦੋ ਮਾਲ ਪਟਵਾਰ ਸਰਕਲਾਂ ਦਾ ਕੰਮ ਸੌਂਪਿਆ ਗਿਆ ਹੈ।  ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਨਵੇਂ ਪਟਵਾਰੀਆਂ ਦੇ ਆਉਣ ਨਾਲ ਆਮ ਲੋਕਾਂ ਨੂੰ ਯਕੀਨੀ ਤੌਰ ‘ਤੇ ਸਹੂਲਤ ਮਿਲੇਗੀ ਅਤੇ ਬਕਾਇਆ ਕੰਮਾਂ ਨੂੰ ਨਿਪਟਾਉਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਜ਼ਿਲ੍ਹੇ ਵਿੱਚ ਮਾਲ ਦਫ਼ਤਰਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ।
    ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਵੇਂ ਕਿ ਮਾਲ ਰਿਕਾਰਡ ਸਬ ਰਜਿਸਟਰਾਰ ਅਤੇ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਸਾਰੇ ਕੰਮਾਂ ਵਿੱਚ ਮਦਦ ਕਰਦਾ ਹੈ, ਇਸ ਲਈ ਨਵੇਂ ਪਟਵਾਰੀ ਆਪਣੇ ਕੰਮ ਸਮੇਂ ਸਿਰ ਨਿਪਟਾ ਕੇ ਆਮ ਲੋਕਾਂ ਦੀ ਤਕਲੀਫ਼ ਨੂੰ ਘੱਟ ਕਰਨਗੇ।
    ਉਨ੍ਹਾਂ ਨਵੇਂ ਪਟਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਸੂਰਤ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਟਵਾਰੀਆਂ ਨੂੰ ਜ਼ਿਆਦਾਤਰ ਨਾਗਰਿਕ ਕੇਂਦਰਿਤ ਸੇਵਾਵਾਂ ਬਾਰੇ ਰਿਪੋਰਟ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਨੂੰ ਸੇਵਾਵਾਂ ਦੀ ਸਪਲਾਈ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਧੇਰੇ ਸਟੀਕਤਾ ਨਾਲ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਵੀ ਹਾਜ਼ਰ ਸਨ।

[wpadcenter_ad id='4448' align='none']