ਬਠਿੰਡਾ, 3 ਜਨਵਰੀ : ਅੱਜ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਵਿਖੇ ਮਾਣਕ ਬਿਉਰੇ (BIS) ਵੱਲੋਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ)ਸ੍ਰੀ ਇਕਬਾਲ ਸਿੰਘ ਬੁੱਟਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਿਦਿਆਰਥੀਆਂ ਨੂੰ ਹਰੇਕ ਉਤਪਾਦ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਣਕਾਰੀ ਉਹਨਾਂ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਾਣਕ ਬਿਊਰੋ ਨੇ ਆਪਣੇ ਮਾਪਦੰਡਾਂ ਨਾਲ ਹਰੇਕ ਉਤਪਾਦ ਨੂੰ ਆਪਣੀ ਕਸਵੱਟੀ ਤੇ ਖਰਾ ਉਤਾਰਨ ਉਪਰੰਤ ਹੀ ਮਾਰਕਾ ਲਗਾਇਆ ਜਾਂਦਾ ਹੈ। ਇਸ ਦੌਰਾਨ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ।ਇਸ ਸੰਸਥਾ ਵੱਲੋਂ ਇਸ ਮੌਕੇ ਭਾਰਤੀ ਮਾਣਕ ਬਿਊਰੋ ਦੇ ਸਟੇਟ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਵਿਕਸਿਤ ਕੁਮਾਰ ਅਤੇ ਬਠਿੰਡਾ ਦੇ ਰਿਸੋਰਸ ਪਰਸਨ ਸ੍ਰੀ ਅਮਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਮਾਣਕ ਬਿਊਰੋ ਦੇ ਮੁੱਖ ਉਦੇਸ਼ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਵੱਲੋਂ ਸਮਾਜਿਕ ਸਿੱਖਿਆ ਅਧਿਆਪਕ ਸ੍ਰੀ ਰਾਮ ਸਿੰਘ ਅਤੇ ਸਾਇੰਸ ਅਧਿਆਪਕਾ ਸ਼੍ਰੀਮਤੀ ਸਮ੍ਰਿਤੀ ਬਤੌਰ ਮੈਂਟਰ, ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹੇ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤੀ ਮਾਣਕ ਬਿਊਰੋ ਦੇ ਰੀਜਨਲ ਪੱਧਰ ਦੇ ਮੁਕਾਬਲਿਆਂ ਵਿੱਚ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸੀਕਾ ਨੇ ਕੁਆਲੀਫਾਈ ਕੀਤਾ ਹੈ ਅਤੇ ਇਹ ਵਿਦਿਆਰਥਣ ਸਟੇਟ ਪੱਧਰ ਦੇ ਸਨਮਾਨ ਵਾਸਤੇ 6 ਜਨਵਰੀ ਚੰਡੀਗੜ੍ਹ ਨੂੰ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੀ ਇਸ ਮੋਹਰੀ ਵਿਦਿਅਕ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿੱਚ ਅਗਾਹ ਵੱਧ ਕੇ ਨਵੀਆਂ ਪੈੜਾਂ ਪਾ ਕੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ।