ਮੋਗਾ, 12 ਜਨਵਰੀ:
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਵੱਧ ਤੋਂ ਵੱਧ ਲੜਕੀਆਂ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਲਈ ਪੁਰਜ਼ੋਰ ਯਤਨ ਜਾਰੀ ਹਨ। ਇਸ ਮਿਸ਼ਨ ਦੇ ਜ਼ਿਲ੍ਹਾ ਮਿਸ਼ਨ ਡਾਇਰੈਕਟਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੋਗ ਹੁਨਰਮੰਦ ਲੜਕੀਆਂ ਨੂੰ ਆਪਣਾ ਰੋਜ਼ਗਾਰ ਸਥਾਪਿਤ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ ਤੇ ਮੋਗਾ ਦੀਆਂ ਲੜਕੀਆਂ ਇਸ ਮਿਸ਼ਨ ਜਰੀਏ ਪੂਰਨ ਲਾਭ ਪ੍ਰਾਪਤ ਕਰ ਵੀ ਰਹੀਆਂ ਹਨ।
ਇਸ ਮਿਸ਼ਨ ਤਹਿਤ ਜ਼ਿਲ੍ਹਾ ਮੋਗਾ ਵਿੱਚ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਦੇ ਬਣੇ ਸਮਾਨ ਦੀ ਮਾਰਕੀਟਿੰਗ ਕਰਨ ਲਈ ਅਮਰੀਨ (ਭੈਣਾਂ ਦੀ ਹੱਟੀ) ਦਾ ਅੱਜ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਉਦਘਾਟਨ ਕੀਤਾ ਅਤੇ ਇੱਥੇ ਕੰਮ ਕਰ ਰਹੀਆਂ ਲੜਕੀਆਂ ਨਾਲ ਵਿਚਾਰ ਸਾਂਝੇ ਕੀਤੇ। ਲੜਕੀਆਂ ਨੇ ਦੱਸਿਆ ਕਿ ਮਿਸ਼ਨ ਤਹਿਤ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਖੁਦ ਦੇ ਤਿਆਰ ਕੀਤੇ ਉਤਪਾਦਾਂ ਦੀ ਕਮਾਈ ਨਾਲ ਰੋਟੀ ਕਮਾ ਕੇ ਬੜਾ ਹੀ ਮਾਣ ਮਹਿਸੂਸ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਕੜੀ ਮਿਹਨਤ ਤੇ ਲਗਨ ਕਿਸੇ ਵੀ ਖੇਤਰ ਵਿੱਚ ਅੱਗੇ ਵਧਣ ਦੇ ਮੂਲ ਮੰਤਰ ਹਨ, ਉਨ੍ਹਾਂ ਲੜਕੀਆਂ ਨੂੰ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਹੁਨਰ ਤੇ ਵਿਲੱਖਣ ਉਤਪਾਦਾਂ ਦੀ ਸਰਾਹਣਾ ਕੀਤੀ। ਉਨ੍ਹਾਂ ਲੜਕੀਆਂ ਨੂੰ ਆਪਣੇ ਉਤਪਾਦਾਂ ਜਰੀਏ ਮਾਰਕੀਟਿੰਗ ਦੇ ਖੇਤਰ ਵਿੱਚ ਪੈਰ ਜਮਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਮਿਸ਼ਨ ਡਾਇਰੈਕਟਰ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਮੋਗਾ ਦੇ ਵੱਖ ਵੱਖ ਬਲਾਕਾਂ ਵਿੱਚ ਲੜਕੀਆਂ ਨੂੰ ਆਪਣੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ ਤੇ ਲੜਕੀਆਂ ਵੀ ਆਪਣੀ ਕੜ੍ਹੀ ਮਿਹਨਤ ਨਾਲ ਵਿਲੱਖਣ ਉਤਪਾਦਾਂ ਨਾਲ ਮਾਰਕਿਟ ਵਿੱਚ ਪੈਰ ਜਮ੍ਹਾਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਮੋਗਾ-1 ਵਿੱਚ ‘ਮੋਤੀ ਮਹਿਰਾ ਆਜੀਵਿਕਾ ਸੈਲਫ਼ ਹੈਲਪ ਗਰੁੱਪ’ ਦੀਆਂ ਲੜਕੀਆਂ ਵੱਲੋਂ ਜੂਟ ਬੈਗ, ਲੈਪਟਾਪ ਬੈਗ, ਬੋਤਲ ਕਵਰ, ਬੈਗ, ਫਾਈਲ ਕਵਰ, ‘ਰਾਜਗੁਰੂ ਅਜੀਵਿਕਾ ਸੈਲਫ ਹੈਲਪ ਗਰੁੱਪ’ ਦੀਆਂ ਲੜਕੀਆਂ ਵੱਲੋਂ ਦਰੀਆਂ, ਚਾਦਰਾਂ, ਸਪੈਸ਼ਲ ਬਰ਼ਫੀ ਤਿਆਰ ਕਰਕੇ ਵਧੀਆ ਮਾਰਕੀਟਿੰਗ ਕੀਤੀ ਜਾ ਰਹੀ ਹੈ। ਬਲਾਕ ਬਾਘਾਪੁਰਾਣਾ ਦੇ ‘ਕ੍ਰਿਸ਼ਨਾ ਆਜੀਵਿਕਾ ਸੈਲਫ਼ ਹੈਲਪ ਗਰੁੱਪ’ ਵੱਲੋਂ ਜੈਕਟ, ਟੋਪੀਆਂ, ‘ਮਾਤਾ ਗੁਜਰੀ ਅਜੀਵਿਕਾ ਸੈਲਫ਼ ਹੈਲਪ ਗਰੁੱਪ’ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਪੈਸ਼ਲ ਆਚਾਰ ਬਣਾਏ ਜਾਂਦੇ ਹਨ। ਇਸੇ ਤਰ੍ਹਾਂ ਬਲਾਕ ਕੋਟ ਈਸੇ ਖਾਂ ਦੇ ‘ਮੰਨਤ ਬਾਬਾ ਫੁੱਗਾ ਜੀ ਅਜੀਵਿਕਾ ਸੈਲਫ਼ ਹੈਲਪ’ ਗਰੁੱਪ ਦੀਆਂ ਲੜਕੀਆਂ ਵੱਲੋਂ ਜੈਕਟਾਂ, ਪਰਾਂਦਾ ਆਦਿ ਬਣਾ ਕੇ ਵੇਚੇ ਜਾਂਦੇ ਹਨ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਲੜਕੀਆਂ ਨੂੰ ਅਰਥਿਕ ਪੱਖੋਂ, ਟ੍ਰੇਨਿੰਗ ਪੱਖੋਂ ਜਾਂ ਹੋਰ ਕਿਸੇ ਵੀ ਪੱਖ ਤੋਂ ਕੋਈ ਵੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ ਤੇ ਮੋਗਾ ਦੀਆਂ ਹੋਰ ਲੜਕੀਆਂ ਨੂੰ ਵੀ ਰੋਜ਼ਗਾਰ ਲੈਣ ਵਾਲਿਆਂ ਦੀ ਕਤਾਰ ਵਿੱਚੋਂ ਕੱਢ ਕੇ ਰੋਜ਼ਗਾਰ ਮੁਹੱਈਆ ਕਰਵਾਉਣ ਵਾਲਿਆਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਬਣੀ ਅਮਰੀਨ ਭੈਣਾਂ ਦੀ ਹੱਟੀ ਦਾ ਉਦਘਾਟਨ
Date: