ਬਠਿੰਡਾ, 12 ਜਨਵਰੀ : ਜ਼ਿਲ੍ਹੇ ਨੇ ਵਧੀਆ ਕਾਰਗੁਜ਼ਾਰੀ ਦੇ ਅਧਾਰ ਤੇ ਰਾਸ਼ਟਰੀ ਓ.ਡੀ.ਓ.ਪੀ (ਵਨ ਡਿਸਟਰਿਕਟ ਵਨ ਪ੍ਰੋਡੈਕਟ) ਐਵਾਰਡ ਹਾਸਲ ਕੀਤਾ ਹੈ। ਇਹ ਐਵਾਰਡ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਨਵੀਂ ਦਿੱਲੀ ਵਿਖੇ ਹੋਏ ਆਤਮ ਨਿਰਭਰ ਭਾਰਤ ਉਤਸਵ ਦੌਰਾਨ ਵਿਦੇਸ਼ ਮੰਤਰੀ ਭਾਰਤ ਸਰਕਾਰ ਸ਼੍ਰੀ ਜੈ ਸ਼ੰਕਰ ਪ੍ਰਸ਼ਾਦ ਤੇ ਉਦਯੋਗ ਅਤੇ ਕਮਰਸ ਮੰਤਰੀ ਭਾਰਤ ਸਰਕਾਰ ਸ਼੍ਰੀ ਪਿਊਸ਼ ਗੋਇਲ ਤੋਂ ਹਾਸਿਲ ਕੀਤਾ। ਇਥੇ ਇਹ ਵੀ ਦੱਸਣ ਯੋਗ ਹੈ ਕਿ ਜ਼ਿਲ੍ਹੇ ਵਿਚ ਭਾਰਤ ਸਰਕਾਰ ਦੀ ਵਨ ਡਿਸਟਰਿਕਟ ਵਨ ਪ੍ਰੋਡੈਕਟ ਸਕੀਮ ਅਧੀਨ ਮੁੱਖ ਪ੍ਰੋਡੈਕਟ ਸ਼ਹਿਦ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਚ ਤਕਰੀਬਨ 2500 ਮਧੂ ਮੱਖੀ ਪਾਲਕਾਂ ਵਲੋਂ ਸਾਲਾਨਾ ਤੌਰ ਤੇ ਤਕਰੀਬਨ 1100 ਟਨ ਸ਼ਹਿਦ ਦਾ ਉਤਪਾਦਨ ਕੀਤਾ ਜਾਂਦਾ ਹੈ। ਭਾਰਤ ਸਰਕਾਰ ਦੀ ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਸ਼ਹਿਦ ਨੂੰ ਪ੍ਰੋਸੈਸ ਕਰਨ ਲਈ 22 ਪਲਾਂਟ ਲਗਾਏ ਜਾ ਚੁੱਕੇ ਹਨ। ਇਸ ਸਕੀਮ ਅਧੀਨ ਉਤਪਾਦਾਂ ਨੂੰ ਉੱਚ ਕਵਾਲਟੀ ਦੇ ਮਾਪ ਦੰਡ ਤਿਆਰ ਕਰ ਕੇ ਵਧੀਆ ਤਰੀਕੇ ਨਾਲ ਡੱਬਾ ਬੰਦ ਕਰਨ ਉਪਰੰਤ ਮਾਰਕਟਿੰਗ ਕਰਨ ਲਈ ਮਦਦ ਕੀਤੀ ਜਾਂਦੀ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਵਿਖੇ ਭਾਰਤ ਸਰਕਾਰ ਦੀ ਸਫੂਰਤੀ ਸਕੀਮ ਅਧੀਨ ਮਧੂ ਮੱਖੀ ਪਾਲਕਾਂ ਵਲੋਂ ਇਕ ਕਲਸਟਰ ਸਥਾਪਤ ਕੀਤਾ ਗਿਆ ਹੈ। ਜਿਸ ਵਿਚ ਸ਼ਹਿਦ ਨੂੰ ਪ੍ਰੋਸੈਸ ਕਰਨ ਦਾ ਪਲਾਂਟ, ਲਕੜੀ ਦੇ ਬਣੇ ਮਧੂ ਮੱਖੀਆਂ ਦੇ ਬਕਸੇ ਤੇ ਸ਼ਹਿਦ ਨੂੰ ਇਕੱਠਾ ਕਰਨ ਲਈ ਵਰਤੋਂ ਵਿਚ ਆਉਂਦੀਆਂ ਪਲਾਸਟਿਕ ਦੀਆਂ ਬਾਲਟੀਆਂ ਨੂੰ ਤਿਆਰ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਓ.ਡੀ.ਓ.ਪੀ. ਸਕੀਮ ਅਧੀਨ ਸ਼ਹਿਦ ਦੀ ਪ੍ਰਾਸੈਸਿੰਗ ਤੇ ਮਾਰਕਟਿੰਗ ਸੰਬੰਧੀ ਹੋਰ ਉਪਰਾਲਿਆਂ ਲਈ ਵਚਨਬਧ ਹੈ ਤਾਂ ਜੋ ਇਸ ਨਾਲ ਜ਼ਿਲ੍ਹੇ ਦੇ ਸ਼ਹਿਦ ਉਤਪਾਦਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।