ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ, 2024:
ਰੋਟਰੀ ਕਲੱਬ ਮੋਹਾਲੀ ਮਿਡਟਾਊਨ ਨੇ 0 ਤੋਂ 6 ਸਾਲ ਦੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਕੰਮ ਵਿੱਚ ਸਹਿਯੋਗ ਦੇਣ ਲਈ ਆਂਗਣਵਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਇਆ ਹੈ।
ਇਸ ਦੀ ਸ਼ੁਰੂਆਤ ਵਜੋਂ, ਕਲੱਬ ਨੇ ਜ਼ਰੂਰੀ ਵਸਤਾਂ ਦੀਆਂ 20 ਕਿੱਟਾਂ ਜਿਵੇਂ ਕਿ ਕੁਰਸੀਆਂ, ਭੋਜਨ ਪਰੋਸਣ ਵਾਲੀਆਂ ਪਲੇਟਾਂ, ਗਲਾਸ, ਪਾਣੀ ਦਾ ਡਿਸਪੈਂਸਰ ਤੋਂ ਇਲਾਵਾ ਖਾਣਾ ਪਕਾਉਣ ਲਈ ਇੱਕ ਵੱਡਾ ਪਤੀਲਾ ਸੌਂਪਿਆ। ਕਲੱਬ ਨੇ ਅਗਲੇ ਤਿੰਨ ਸਾਲਾਂ ਤੱਕ ਬਾਕੀ ਆਂਗਣਵਾੜੀਆਂ ਲਈ ਅਜਿਹੀਆਂ 500 ਹੋਰ ਕਿੱਟਾਂ ਮੁਹੱਈਆ ਕਰਵਾਉਣ ਲਈ ਵੀ ਵਚਨਬੱਧਤਾ ਪ੍ਰਗਟਾਈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਰੋਟਰੀ ਕਲੱਬ ਮੁਹਾਲੀ ਮਿਡਟਾਊਨ ਜ਼ਿਲ੍ਹਾ 3080 ਦਾ ਧੰਨਵਾਦ ਕਰਦਿਆਂ ਕੋਵਿਡ ਅਤੇ ਹੜ੍ਹਾਂ ਆਦਿ ਵਰਗੇ ਔਖੇ ਸਮਿਆਂ ਤੋਂ ਲੈ ਕੇ ਪ੍ਰਸ਼ਾਸਨ ਨਾਲ ਕਲੱਬ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਪ੍ਰਤੀਯੋਗੀ ਅਤੇ ਚੈਰੀਟੇਬਲ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਰਹੇ ਹਨ ਅਤੇ ਕਲੱਬ ਨਾਲ ਜੁੜੇ ਮੈਂਬਰਾਂ ਦੀ ਇਮਾਨਦਾਰੀ, ਸੰਜੀਦਗੀ ਅਤੇ ਸਮਰਪਣ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਲੋਕ ਭਲਾਈ ਹਮੇਸ਼ਾ ਹੀ ਸਰਕਾਰਾਂ ਦਾ ਸਭ ਤੋਂ ਉਪਰਲਾ ਏਜੰਡਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਇਨ੍ਹਾਂ ਸੰਸਥਾਵਾਂ ਦਾ ਕੰਮ ਵੀ ਹੈ, ਜੋ ਸਮਾਜ ਦੀ ਬਿਹਤਰੀ ਲਈ ਇਕ ਜਾਂ ਦੂਜੇ ਢੰਗ ਨਾਲ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 0 ਤੋਂ 6 ਸਾਲ ਦੀ ਉਮਰ ਦੇ ਹਰੇਕ ਬੱਚੇ ਦੇ ਕੁਪੋਸ਼ਣ ਨੂੰ ਦੂਰ ਕਰਨ ਲਈ ਵਚਨਬੱਧ ਹੈ। ਕਿਉਂਕਿ ਕੋਮਲ ਉਮਰ ਨਾਜ਼ੁਕ ਹੁੰਦੀ ਹੈ ਅਤੇ ਪੂਰਕ ਭੋਜਨ ਪੋਸ਼ਣ ਦੀ ਲੋੜ ਹੁੰਦੀ ਹੈ, ਇਸ ਲਈ ਅਸੀਂ ਮੋਹਾਲੀ ਵਿੱਚ ਆਉਣ ਵਾਲੀ ਪੀੜ੍ਹੀ ਦੀ ਸਿਹਤ ਲਈ ਕਾਫ਼ੀ ਸੁਹਿਰਦ ਹਾਂ ਅਤੇ ਸਕੂਲਾਂ ਦੇ ਨਾਲ-ਨਾਲ ਆਂਗਣਵਾੜੀਆਂ ਵਿੱਚ ਘਰੇਲੂ ਰਸੋਈ ਬਗ਼ੀਚੀਆਂ ਸ਼ੁਰੂ ਕੀਤੀਆਂ ਹਨ ਜਿੱਥੇ ਜਿੱਥੇ ਵੀ ਹਰੀਆਂ ਸਬਜ਼ੀਆਂ ਉਗਾਉਣ ਲਈ ਜਗ੍ਹਾ ਉਪਲਬਧ ਹੈ। ਅਨੀਮੀਆ ਅਤੇ ਹੋਰ ਕਮੀਆਂ ਨੂੰ ਦੂਰ ਕਰਨ ਲਈ ਪੂਰਕ ਪੋਸ਼ਣ, ਗੁੜ ਅਤੇ ਮਿਡ-ਡੇ-ਮੀਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮਾਨਵ ਸੇਵਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਰੋਟਰੀ ਕਲੱਬ ਮੋਹਾਲੀ ਮਿਡਟਾਊਨ ਦਾ ਧੰਨਵਾਦ ਕੀਤਾ।
ਕਲੱਬ ਦੇ ਜ਼ਿਲ੍ਹਾ ਗਵਰਨਰ ਰਵੀ ਪ੍ਰਕਾਸ਼, ਪ੍ਰਧਾਨ ਅਮਰਜੀਤ ਸਿੰਘ, ਡਾਇਰੈਕਟਰ ਕਮਿਊਨਿਟੀ ਸਰਵਿਸ ਹਰਜੀਤ ਸਿੰਘ ਸਮੇਤ ਕਲੱਬ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਭਵਿੱਖ ਵਿੱਚ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਨ੍ਹਾਂ ਸਮਾਜ ਸੇਵੀ ਕੰਮਾਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਪ੍ਰੀਸ਼ਦ, ਐਸ.ਏ.ਐਸ ਨਗਰ (ਮੁਹਾਲੀ) ਕੰਪਲੈਕਸ ਵਿਖੇ ਹੋਏ ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਿੰਦਰ ਪਾਲ ਸਿੰਘ ਚੌਹਾਨ ਵੀ ਹਾਜ਼ਰ ਸਨ।
ਆਂਗਣਵਾੜੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰੋਟਰੀ ਕਲੱਬ ਮੁਹਾਲੀ ਮਿਡਟਾਊਨ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਾਇਆ ਹੱਥ
Date: