ਅੰਮ੍ਰਿਤਸਰ , 25 ਜਨਵਰੀ:
ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਇਸ ਲਈ ਹੈ ਕਿਉਂਕਿ ਇਸ ਦੇ ਸਾਰੇ ਯੋਗ ਨਾਗਰਿਕ ਆਪਣੀ ਵੋਟ ਦਾ ਇਸਮੇਤਾਲ ਕਰਕੇ ਲੋਕਾਂ ਵੱਲੋਂ, ਲੋਕਾਂ ਲਈ ਤੇ ਲੋਕਾਂ ਦੀ ਸਰਕਾਰ ਚੁਨਣ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਹਨ। ਵੋਟ ਬਣਵਾਉਣਾ ਤੇ ਉਸ ਦਾ ਬਿਨਾਂ ਕਿਸੇ ਲਾਲਚ ਜਾਂ ਭੇਦਭਾਵ ਤੋਂ ਇਸਤੇਮਾਲ ਕਰਨਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਵੋਟ ਦਾ ਸਹੀ ਇਸਤੇਮਾਲ ਸਾਡੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ। ਇਸ ਲਈ ਸਾਨੂੰ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ 14ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਬੀ ਬੀ ਕੇ ਡੀ ਏ ਵੀ ਕਾਲਜ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਇਮਾਨਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਸੁਫਨਿਆਂ ਦੀ ਸਰਕਾਰ ਬਣਾਈ ਜਾ ਸਕੇ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਅਕਸਰ ਸਾਡੀ ਨੌਜਵਾਨ ਪੀੜ੍ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਅਵੇਸਲੀ ਹੋ ਜਾਂਦੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ । ਉਨ੍ਹਾਂ ਕਿਹਾ ਕਿ ਨੌਜਵਾਨ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਨੂੰ ਆਪਣੀ ਵੋਟ ਬਣਵਾ ਕੇ ਉਸ ਦਾ ਸਹੀ ਇਸਤੇਮਾਲ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਜਰੂਰ ਨਿਭਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜਬੂਤ ਲੋਕਤੰਤਰ ਪ੍ਰਣਾਲੀ ਸੌਂਪੀ ਜਾ ਸਕੇ। ਉਨ੍ਹਾਂ ਕਿਹਾ ਕਿ ਤਕਨਾਲੌਜੀ ਦੇ ਵਿਕਾਸ ਨਾਲ ਚੋਣ ਪ੍ਰਕ੍ਰਿਆ ਪਹਿਲਾਂ ਨਾਲੋਂ ਬਹੁਤ ਪਾਰਦਰਸ਼ੀ ਅਤੇ ਸੁਖਾਲੀ ਹੋਈ ਹੈ। ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਵੋਟਰਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵ ਤੋਂ ਆਪਣੀ ਵੋਟ ਦੇ ਇਸਤੇਮਾਲ ਦੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ। ਇਸ ਮੌਕੇ 18-19 ਸਾਲ ਦੇ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਮਜੀਠਾ ਦੇ ਈ.ਆਰ.ਓ. ਡਾ. ਹਰਨੂਰ ਕੌਰ ਢਿਲੋਂ ਨੂੰ ‘ਬੈਸਟ ਈ.ਆਰ.ਓ.’ ਸਭ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸ੍ਰੀਮਤੀ ਸਪਨਾ ਸਹਾਇਕ ਪ੍ਰੋਫੈਸਰ ਨੂੰ ‘ਬੈਸਟ ਨੋਡਲ ਅਫ਼ਸਰ ਕਾਲਜਾਂ’ ਸਭ ਤੋਂ ਵੱਧ ਲੜਕੀਆਂ ਦੇ ਵੋਟ ਬਣਾਉਣ ਅਤੇ ਵੋਟਰ ਹੈਲਪਲਾਈਨ ਪ੍ਰਤੀ ਜਾਗਰੂਕ ਕਰਨ ਅਤੇ ਸ੍ਰੀਮਤੀ ਬਲਜੀਤ ਕੌਰ ਆਸ਼ਾ ਵਰਕਰ ਨੂੰ ‘ਬੈਸਟ ਬੀ.ਐਲ.ਓ.’ ਆਪਣੇ ਇਲਾਕੇ ਵਿੱਚ 18 ਤੋਂ 19 ਸਾਲ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਸਨਮਾਨਿਤ ਕੀਤਾ ਗਿਆ। ਪੋਸਟਰ ਮੇਕਿੰਗ ਲਈ ਮੰਥਨ ਅਤੇ ਸ਼ਾਮ ਕੁਮਾਰ, ਸਲੋਗਨ ਰਾਈਟਿੰਗ ਲਈ ਅਨੂਦੀਪ ਕੌਰ, ਭਾਸ਼ਣ ਤੇ ਲੇਖ ਮੁਕਾਬਲੇ ਲਈ ਪਲਕ ਅਤੇ ਪਵਨ, ਪ੍ਰਸ਼ਨੋਤਰੀ ਮੁਕਾਬਲੇ ਲਈ ਕ੍ਰਿਤਿਕਾ ਅਤੇ ਕੰਨਣ, ਗਿੱਧੇ ਲਈ ਸਕੂਲ ਆਫ਼ ਐਮੀਨੈਂਸ ਮਾਲ ਰੋਡ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣ ਦਫ਼ਤਰ ਦੇ ਕਰਮਚਾਰੀ ਇਲੈਕਸ਼ਨ ਕਾਨੂੰਨਗੋ ਸ੍ਰੀ ਦੀਪਕ ਮੋਹਨ, ਸ੍ਰੀ ਵਰਿੰਦਰ ਕੁਮਾਰ ਤੇ ਸ੍ਰੀ ਅਮਰਿੰਦਰਪਾਲ ਸਿੰਘ, ਕਲਰਕ ਸੰਜੀਵ ਕੁਮਾਰ, ਨਰਿੰਦਰ ਕੌਰ, ਸੀਮਾ ਦੇਵੀ ਤੇ ਕਿਰਨ ਠਾਕੁਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਮਦੀਪ ਕੌਰ, ਇਲੈਕਸ਼ਨ ਤਹਿਸੀਲਦਾਰ ਰਜਿੰਦਰ ਸਿੰਘ, ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।