MP Simranjit Mann
ਆਪਣੇ ਪੱਤਰ ਵਿੱਚ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਕਿਹਾ ਹੈ ਕਿ ‘ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਇੰਡੀਅਨ ਵਿਧਾਨ ਦੀ ਧਾਰਾ 14, 19, 21 ਜੋ ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ, ਪੂਰਨ ਆਜਾਦੀ ਤੇ ਜਮਹੂਰੀਅਤ ਢੰਗ ਨਾਲ ਵਿਚਾਰ ਪ੍ਰਗਟ ਕਰਨ, ਰੋਸ਼ ਕਰਨ ਅਤੇ ਇੰਡੀਆ ਦੇ ਕਿਸੇ ਵੀ ਹਿੱਸੇ ਵਿਚ ਬਿਨ੍ਹਾਂ ਕਿਸੇ ਡਰ ਭੈ ਦੇ ਵਿਚਰਣ ਅਤੇ ਜਿੰਦਗੀ ਦੀ ਸੁਰੱਖਿਆ ਦੇ ਅਧਿਕਾਰ ਦਿੰਦੀਆ ਹਨ । ਉਨ੍ਹਾਂ ਦਾ ਉਲੰਘਣ ਕਰਕੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਅੱਜ ਮਿਤੀ 01 ਫਰਵਰੀ 2024 ਨੂੰ ਮੇਰੇ ਗ੍ਰਹਿ ਕਿਲ੍ਹਾ ਹਰਨਾਮ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ ਵਿਖੇ ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਦੀ ਛਾਉਣੀ ਬਣਾਕੇ ਘੇਰਾ ਪਾਉਦੇ ਹੋਏ ਹਾਉਸ ਅਰੈਸਟ ਕਰ ਲਿਆ ਹੈ । ਜਦੋਕਿ ਮੈਂ ਪੰਜਾਬ ਦੇ ਸੰਗਰੂਰ ਐਮ.ਪੀ. ਪਾਰਲੀਮੈਂਟ ਹਲਕੇ ਦੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਅਤੇ ਆਪਣੇ ਹੱਕ ਹਕੂਕਾ ਅਤੇ ਫਰਜਾਂ ਦੀ ਪੁਰੀ ਜਾਣਕਾਰੀ ਰੱਖਦਾ ਹਾਂ । ਫਿਰ ਇਕ ਐਮ.ਪੀ ਹੁੰਦੇ ਹੋਏ ਪੰਜਾਬ ਸਰਕਾਰ ਵੱਲੋ ਬਿਨ੍ਹਾਂ ਵਜਹ ਭੜਕਾਹਟ ਵਾਲੀ ਕਾਰਵਾਈ ਕਰਦੇ ਹੋਏ ਮੈਨੂੰ ਅਤੇ ਮੇਰੀ ਪਾਰਟੀ ਦੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਗੈਰ ਵਿਧਾਨਿਕ, ਗੈਰ ਜਮਹੂਰੀਅਤ ਅਤੇ ਮਾਹੌਲ ਨੂੰ ਖੁਦ ਸਰਕਾਰ ਵੱਲੋ ਗੰਧਲਾ ਕਰਨ ਵਾਲੀ ਅਸਹਿ ਕਾਰਵਾਈ ਕੀਤੀ ਗਈ ਹੈ ।
ਜਦੋਕਿ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਾਡੀ ਪਾਰਟੀ ਵੱਲੋ ਅੱਜ ਧੁਰੀ (ਸੰਗਰੂਰ) ਵਿਖੇ ਸਾਡੇ ਇਕ ਬੇਕਸੂਰ ਨੌਜਵਾਨ ਸ. ਭਾਨਾ ਸਿੱਧੂ ਦੀ ਗੈਰ ਵਿਧਾਨਿਕ ਢੰਗ ਨਾਲ ਕੀਤੀ ਗ੍ਰਿਫਤਾਰੀ ਨੂੰ ਲੈਕੇ ਰੋਸ ਵੱਜੋ ਧੁਰੀ ਰੇਲਵੇ ਫਾਟਕ ਕੋਲ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ । ਅਜਿਹਾ ਅਮਲ ਕਰਦੇ ਹੋਏ ਸਾਡੀ ਪਾਰਟੀ ਤੇ ਮੇਰੇ ਵੱਲੋ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਵਿਵਸਥਾਂ ਨੂੰ ਪ੍ਰਭਾਵਿਤ ਕਰਨ ਵਾਲੀ ਜਾਂ ਗੈਰ ਕਾਨੂੰਨੀ ਅਮਲ ਨਹੀਂ ਸੀ ਕੀਤਾ ਜਾ ਰਿਹਾ। ਫਿਰ ਵੀ ਸਾਨੂੰ ਆਪਣੇ ਘਰਾਂ ਵਿਚ ਗ੍ਰਿਫਤਾਰ ਕਰਕੇ ਅਤੇ ਦਹਿਸਤ ਪਾਉਣ ਦੀ ਕਾਰਵਾਈ ਕਰਕੇ ਮੇਰੇ ਤੇ ਮੇਰੀ ਪਾਰਟੀ ਦੇ ਮੈਬਰਾਂ ਦੇ ਜਮਹੂਰੀਅਤ ਅਤੇ ਵਿਧਾਨਿਕ ਹੱਕਾਂ ਨੂੰ ਕੁੱਚਲਿਆ ਗਿਆ ਹੈ’ ।
‘ਐਮ.ਪੀ ਦੇ ਅਹਿਮ ਅਹੁਦੇ ਉਤੇ ਬਿਰਾਜਮਾਨ ਹੁੰਦੇ ਹੋਏ ਜੇਕਰ ਪੰਜਾਬ ਸਰਕਾਰ ਤੇ ਪੁਲਿਸ ਮੇਰੇ ਵਰਗੇ ਇਨਸਾਨ ਨਾਲ ਗੈਰ ਵਿਧਾਨਿਕ ਅਤੇ ਜ਼ਬਰ ਕਰ ਸਕਦੀ ਹੈ ਤਾਂ ਫਿਰ ਆਮ ਨਾਗਰਿਕ ਨਾਲ ਸਰਕਾਰ ਤੇ ਪੁਲਿਸ ਦੇ ਵਤੀਰੇ ਦੀ ਗੱਲ ਤਾਂ ਸਪੱਸਟ ਜਾਹਰ ਹੈ ਕਿ ਸਰਕਾਰ ਤੇ ਪੁਲਿਸ ਉਨ੍ਹਾਂ ਉਤੇ ਕਿੰਨਾ ਜ਼ਬਰ ਕਰਦੀ ਹੋਵੇਗੀ। ਮੇਰੀ ਆਪ ਜੀ ਨੂੰ ਬਤੌਰ ਪਾਰਲੀਮੈਂਟ ਦੇ ਨਿਰਪੱਖਤਾ ਵਾਲੇ ਸਪੀਕਰ ਦੇ ਅਹੁਦੇ ਉਤੇ ਬਿਰਾਜਮਾਨ ਹੋਣ ਦੇ ਨਾਤੇ ਬੇਨਤੀ ਹੈ ਕਿ ਮੇਰੇ ਨਾਲ ਪੰਜਾਬ ਸਰਕਾਰ ਤੇ ਪੁਲਿਸ ਵੱਲੋ ਕੀਤੀ ਇਸ ਜਿਆਦਤੀ ਵਿਰੁੱਧ ਵਿਧਾਨ ਅਨੁਸਾਰ ਘੜੇ ਕਾਨੂੰਨਾਂ ਦੀ ਰਖਵਾਲੀ ਕਰਦੇ ਹੋਏ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਜਾਵੇ ।
ਦੂਸਰਾ ਮੈਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋ ਇਕ ਕੇਸ ਵਿਚ ਫਾਰਗ ਕਰਦੇ ਹੋਏ ਇਹ ਸਰਕਾਰ ਤੇ ਪੁਲਿਸ ਨੂੰ ਹੁਕਮ ਕੀਤੇ ਹੋਏ ਹਨ ਕਿ ਮੇਰੀ ਗ੍ਰਿਫਤਾਰੀ ਕਰਨ ਤੋ 7 ਦਿਨ ਪਹਿਲੇ ਮੈਨੂੰ ਕਾਰਨ ਦੱਸਦੇ ਹੋਏ ਸੂਚਿਤ ਕੀਤਾ ਜਾਵੇ । ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਵੀ ਘੋਰ ਉਲੰਘਣਾ ਕੀਤੀ ਹੈ । ਉਮੀਦ ਕਰਦੇ ਹਾਂ ਕਿ ਆਪ ਜੀ ਇਸ ਸੰਬੰਧੀ ਵੱਡੇ ਸਤਿਕਾਰਯੋਗ ਅਹੁਦੇ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਹਿੱਤ ਪੰਜਾਬ ਸਰਕਾਰ ਵਿਰੁੱਧ ਇਸ ਹੋਈ ਅਵੱਗਿਆ ਲਈ ਅਗਲੇਰੀ ਕਾਰਵਾਈ ਕਰਦੇ ਹੋਏ ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਦੇ ਇਨਸਾਫ ਦਿਵਾਉਣ ਦੀ ਭੂਮਿਕਾ ਨਿਭਾਉਗੇ ਅਤੇ ਅਜਿਹਾ ਪ੍ਰਬੰਧ ਕਰੋਗੇ ਕਿ ਕਿਸੇ ਵੀ ਇਨਸਾਨ ਦੇ ਵਿਧਾਨਿਕ ਹੱਕਾਂ ਨੂੰ ਪੰਜਾਬ ਸਰਕਾਰ ਜਾਂ ਪੁਲਿਸ ਕੁੱਚਲ ਨਾ ਸਕੇ । ਧੰਨਵਾਦੀ ਹੋਵਾਂਗਾ’
ਦੇਖਣ ਵਾਲੀ ਗੱਲ ਰਹੇਗੀ ਇਸ ਪੱਤਰ ਤੋਂ ਬਾਅਦ ਕਿਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਪੰਜਾਬ ਸਰਕਾਰ ਉੱਤੇ ਕੋਈ ਕਾਰਵਾਈ ਦੀ ਪਹਿਲ ਕਰਦੇ ਨੇ ਜਵਾਬ ਮੰਗਦੇ ਨੇ ਜਾਂ ਤਾਂ ਸੰਸਦ ਸਿਮਰਨਜੀਤ ਸਿੰਘ ਮਾਨ ਦਾ ਇਹ ਪੱਤਰ ਸਿਰਫ ਇੱਕ ਕਾਗਜ਼ੀ ਰਿਕਾਰਡ ਬਣ ਕੇ ਪਾਰਲੀਮੈਂਟ ਪਿਆ ਰਹੇਗਾ ।
MP Simranjit Mann