ਸਿਹਤ ਅਤੇ ਸਿੱਖਿਆ ਦੇ ਖੇਤਰ ਚ ਸੂਬਾ ਸਰਕਾਰ ਲਿਆ ਰਹੀ ਹੈ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ : ਜਗਰੂਪ ਸਿੰਘ ਗਿੱਲ

ਬਠਿੰਡਾ, 5 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਚ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਕੈਨਾਲ ਕਲੋਨੀ ਨੇੜੇ ਸਰਕਾਰੀ ਆਦਰਸ਼ ਸਕੂਲ ਵਿਖੇ ਪਬਲਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

          ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਪਬਲਿਕ ਲਾਇਬ੍ਰੇਰੀ ਦਾ ਨੀਂ ਪੱਥਰ ਰੱਖਣ ਉਪਰੰਤ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਬਲਿਕ ਲਾਇਬ੍ਰੇਰੀ ਲਾਇਨੋਂਪਾਰ ਨਿਵਾਸੀਆਂ ਲਈ ਬਹੁਤ ਸਿੱਧ ਸਹਾਈ ਹੋਵੇਗੀ। ਇਸ ਲਾਇਬ੍ਰੇਰੀ ਤੇ 48.36 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਦਾ ਫ਼ਾਇਦਾ ਕੈਨਾਲ ਕਲੋਨੀ ਦੇ ਨਿਵਾਸੀਆਂ ਦੇ ਨਾਲ-ਨਾਲ ਆਸਪਾਸ ਦੇ ਵਸਨੀਕਾਂ ਨੂੰ ਵੀ ਹੋਵੇਗਾ। ਇਸ ਤੋਂ ਇਲਾਵਾ ਸਰਕਾਰੀ ਆਦਰਸ਼ ਸਕੂਲ ਵਿੱਚ ਪੜ੍ਹ ਰਹੇ ਕਰੀਬ 5500 ਵਿਦਿਆਰਥੀਆਂ ਲਈ ਵੀ ਇਹ ਪਬਲਿਕ ਲਾਇਬ੍ਰੇਰੀ ਚਾਨਣ ਮੁਨਾਰਾ ਸਾਬਤ ਹੋਵੇਗੀ।

ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਸ਼ਾਨਦਾਰ ਸਮਾਰਟ ਸਕੂਲ ਬਣਾਏ ਜਾਣ ਦੇ ਨਾਲ-ਨਾਲ ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੋਲ੍ਹੇ ਜਾ ਰਹੇ ਹਨ।

          ਇਸ ਦੌਰਾਨ ਵਿਧਾਇਕ ਸ. ਗਿੱਲ ਨੇ ਬਠਿੰਡਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਣਾਉਣ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਪਿੰਡ ਝੁੰਬਾ ਵਿਖੇ 7.50 ਕਰੋੜ ਦੀ ਲਾਗਤ ਨਾਲ ਗਊਸ਼ਾਲਾ ਬਣਾਈ ਜਾਵੇਗੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਜਲਦ ਛੁਟਕਾਰਾ ਮਿਲੇਗਾ।

          ਇਸ ਮੌਕੇ ਨਿਗਰਾਨ ਇੰਜੀਨੀਅਰ ਸ਼੍ਰੀ ਸੰਦੀਪ ਗੁਪਤਾ, ਕਾਰਜਕਾਰੀ ਇੰਜਨੀਅਰ ਸ਼੍ਰੀ ਰਾਜਿੰਦਰ ਕੁਮਾਰ, ਕੌਂਸਲਰ ਸ਼੍ਰੀ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਆਮ ਲੋਕ ਆਦਿ ਹਾਜ਼ਰ ਸਨ। 

[wpadcenter_ad id='4448' align='none']