Saturday, December 28, 2024

ਰਾਜ ਪੱਧਰੀ ਬਸੰਤ ਪੰਚਮੀ ਮੇਲੇ ਵਿਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹੋਣਗੇ ਮੁੱਖ ਮਹਿਮਾਨ

Date:

ਫ਼ਿਰੋਜ਼ਪੁਰ, 09 ਫਰਵਰੀ 2024:



            ਰਾਜ ਪੱਧਰੀ ਬਸੰਤ ਪੰਚਮੀ ਮੇਲੇ ਵਿਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਬਸੰਤ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਤਕਸੀਮ ਕਰਨਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।



            ਉਨ੍ਹਾਂ ਕਿਹਾ ਕਿ ਇਹ ਪਤੰਗਬਾਜ਼ੀ ਮੁਕਾਬਲੇ ਵਾਤਾਵਰਣ ਦੀ ਸੰਭਾਲ, ਨਾਰੀ ਸ਼ਕਤੀ, ਲਿੰਗ ਸਮਾਨਤਾ, ਦਿਵਿਆਂਗਜਨਾਂ ਦੇ ਸਨਮਾਨ ਅਤੇ ਨਿਆਂਸੰਗਤ ਵਿਵਹਾਰ, ਵੋਟ ਬਣਾਉਣ ਅਤੇ ਸੁਚੱਜੀ ਵਰਤੋਂ ਨੂੰ ਸਮਰਪਿਤ ਵਿਸ਼ਿਆਂ ਤਹਿਤ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਰਾਜ ਵਿੱਚ ਸ਼ੁਰੂ ਕੀਤੇ ਗਏ ਮੇਲਿਆਂ ਦੀ ਲੜੀ ਤਹਿਤ 10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ।



            ਉਨ੍ਹਾਂ ਦੱਸਿਆ ਕਿ ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ 5 ਫ਼ਰਵਰੀ 2024 ਤੋਂ ਸ਼ੁਰੂ ਹੋ ਚੁੱਕੇ ਸਨ ਅਤੇ ਵੱਡੀ ਗਿਣਤੀ ਵਿਚ ਪਤੰਗਬਾਜ਼ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦਾ ਅੰਤਿਮ ਮੁਕਾਬਲਾ 11 ਫਰਵਰੀ ਨੂੰ ਕੈਬਨਿਟ ਮੰਤਰੀ ਦੀ ਹਾਜ਼ਰੀ ਵਿਚ ਕਰਵਾਇਆ ਜਾਵੇਗਾ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਕੈਬਨਿਟ ਮੰਤਰੀ ਵੱਲੋਂ ਇਨਾਮੀ ਰਾਸ਼ੀ ਤਕਸੀਮ ਕੀਤੀ ਜਾਵੇਗੀ।

            ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਇਸ ਮੇਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਤੰਗ ਮੇਲੇ ਦੌਰਾਨ ਮਰਦਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਔਰਤਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਜੇਤੂ ਨੂੰ ਵੀ 1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਤੋਂ 18 ਸਾਲ ਦੀ ਉਮਰ ਵਾਲੇ ਲੜਕੇ-ਲੜਕੀਆਂ ਵਿਚੋਂ ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ ਕੈਟਾਗਰੀ ਪਤੰਗਬਾਜੀ ਮੁਕਾਬਲਿਆਂ ਦੇ ਜੇਤੂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦਿਵਿਆਂਗ ਵਰਗ ਲਈ ਵੱਖਰਾ ਪਤੰਗਬਾਜੀ ਮੁਕਾਬਲਾ ਹੋਏਗਾ।

            ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਆਕਰਸ਼ਿਤ ਮੁਕਾਬਲਾ “ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ” ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਜਗਜੀਤ ਜੀਤੀ ਤੋਂ ਇਲਾਵਾ ਹੋਰ ਨਾਮੀ ਕਲਾਕਾਰ ਮੇਲੇ ਦੌਰਾਨ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਲੋਕਾਂ ਨੂੰ ਇਸ ਰਾਜ ਪੱਧਰੀ ਮੇਲੇ ਵਿੱਚ ਹੁੰਮ ਹੁਮਾ ਕੇ ਪੁੱਜ ਕੇ ਆਨੰਦ ਮਾਣਨ ਦਾ ਸੱਦਾ ਦਿੱਤਾ।


            ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐਸ.ਪੀ. (ਡੀ) ਰਣਧੀਰ ਕੁਮਾਰ, ਸਹਾਇਕ ਕਮਿਸ਼ਨਰ ਸੂਰਜ ਕੁਮਾਰ, ਡੀ.ਐਸ.ਪੀ. ਰਜੇਸ਼ ਕੁਮਾਰ, ਡੀ ਡੀ ਪੀ ਓ ਜਸਵੰਤ ਸਿੰਘ ਬੜੈਚ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਜਗਦੀਪ ਸਿੰਘ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼. ਦੇ ਨੁਮਾਂਇੰਦੇ ਹਾਜ਼ਰ ਸਨ।

Share post:

Subscribe

spot_imgspot_img

Popular

More like this
Related