Donald Trump
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਦਾਅਵੇਦਾਰੀ ਦੀ ਦੌੜ ’ਚ ਅੱਗੇ ਚੱਲ ਰਹੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 16 ਸੂਬਿਆਂ ’ਚ ਹੋਣ ਵਾਲੀਆਂ ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੈਪੀਟਲ ਹਿਲ ਮਾਮਲੇ ’ਚ ਟਰੰਪ ’ਤੇ ਚੋਣ ਲੜਨ ਤੋਂ ਰੋਕ ਹਟਾਉਂਦੇ ਹੋਏ ਇਸ ਨੂੰ ਸੂਬੇ ਦੇ ਅਧਿਕਾਰ ਖੇਤਰ ਤੋਂ ਬਾਹਰ ਦੱਸਿਆ ਹੈ। ਕਿਹਾ ਕਿ ਇਹ ਅਧਿਕਾਰ ਕਾਂਗਰਸ ਕੋਲ ਹੈ। ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅਮਰੀਕੀ ਜਨਤਾ ਦੀ ਜਿੱਤ ਦੱਸਿਆ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਕੋਲੋਰਾਡੋ, ਇਲਿਨੋਇਸ, ਮਾਇਨੇ ਸਮੇਤ ਉਨ੍ਹਾਂ ਸੂਬਿਆਂ ’ਚ ਜਿੱਥੇ ਟਰੰਪ ਨੂੰ ਪ੍ਰਾਇਮਰੀ ਚੋਣ ਦੌਰਾਨ ਬੈਲਟ ਪੇਪਰ ਤੋਂ ਹਟਾਉਣ ਦੀ ਕਵਾਇਦ ਚੱਲ ਰਹੀ ਸੀ, ਉਸ ’ਤੇ ਰੋਕ ਲੱਗ ਗਈ ਹੈ। ਹਾਲਾਂਕਿ ਇਸ ਨਾਲ ਟਰੰਪ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ। ਉਨ੍ਹਾਂ ’ਤੇ ਚਾਰ ਅਪਰਾਧਕ ਮਾਮਲੇ ਚੱਲ ਰਹੇ ਹਨ ਜਿਨ੍ਹਾਂ ’ਤੇ ਫ਼ੈਸਲਾ ਆਉਣਾ ਬਾਕੀ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਕੋਈ ਵੀ ਸੂਬਾ ਸੰਵਿਧਾਨ ਦੀ 14ਵੀਂ ਸੋਧ ਦਾ ਹਵਾਲਾ ਦਿੰਦਿਆਂ ਜਿਸ ’ਚ ਹਥਿਆਰਬੰਦ ਵਿਦਰੋਹ ਕਰਨ ’ਤੇ ਚੋਣ ਲੜਨ ਤੋਂ ਵਾਂਝਾ ਕਰਨ ਦੀ ਤਜਵੀਜ਼ ਹੈ, ਨੂੰ ਲਾਗੂ ਨਹੀਂ ਕਰ ਸਕਦਾ। ਕੋਲੋਰਾਡੋ ਦੀ ਸਿਖਰਲੀ ਅਦਾਲਤ ਨੇ 6 ਜਨਵਰੀ, 2021 ਨੂੰ ਕੈਪੀਟਲ ਹਿਲ ਹਿੰਸਾ ਨੂੰ ਉਕਸਾਉਣ ਦੇ ਦੋਸ਼ ’ਚ ਟਰੰਪ ਦੇ ਚੋਣ ਲੜਨ ’ਤੇ ਰੋਕ ਲਗਾ ਦਿੱਤੀ ਸੀ। ਇਸ ’ਚ 14ਵੀਂ ਸÇੰਵਧਾਨਕ ਸੋਧ ਦੇ ਖੰਡ-3 ਦਾ ਹਵਾਲਾ ਦਿੱਤਾ ਗਿਆ ਸੀ।
READ ALSO: ਡਰੱਗ ਮਾਮਲੇ ‘ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ SIT ਸਾਹਮਣੇ ਪੇਸ਼ ਹੋਣ ਲਈ ਪੁੱਜੇ..
ਦੂਜੇ ਪਾਸੇ, ਟਰੰਪ ਨੇ ਰਿਪਬਲਿਕਨ ਉਮੀਦਵਾਰੀ ’ਚ ਨਿਕੀ ਹੇਲੀ ਖ਼ਿਲਾਫ਼ ਉੱਤਰੀ ਡਕੋਟਾ ਕਾਕਸ ’ਚ ਸੋਮਵਾਰ ਨੂੰ ਜਿੱਤ ਹਾਸਲ ਕੀਤੀ ਹੈ। ਇਹ ਸੁਪਰ ਟਿਊਜ਼ਡੇ ਯਾਨੀ 16 ਸੂਬਿਆਂ ’ਚ ਪੰਜ ਮਾਰਚ ਨੂੰ ਹੋਣ ਵਾਲੀ ਪ੍ਰਾਇਮਰੀ ਚੋਣ ਤੋਂ ਪਹਿਲਾਂ ਹੌਸਲਾ ਵਧਾਉਣ ਵਾਲਾ ਹੈ। ਜਿਨ੍ਹਾਂ ਸੂਬਿਆਂ ’ਚ ਪੰਜ ਮਾਰਚ ਨੂੰ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ’ਚ ਅਲਾਸਕਾ, ਕੈਲੀਫੋਰਨੀਆ, ਵਰਜੀਨੀਆ ਆਦਿ ਸੂਬੇ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ 16 ਸੂਬਿਆਂ ਦੇ ਪ੍ਰਾਇਮਰੀ ਚੋਣ ਨਤੀਜਿਆਂ ਨਾਲ ਰਿਪਬਲਿਕਨ ਉਮੀਦਵਾਰੀ ਵੀ ਤੈਅ ਹੋ ਜਾਵੇਗੀ। ਚੋਣ ਸਰਵੇ ਮੁਤਾਬਕ, ਇਨ੍ਹਾਂ ਚੋਣਾਂ ’ਚ ਟਰੰਪ ਹੇਲੀ ਤੋਂ ਅੱਗੇ ਚੱਲ ਰਹੇ ਹਨ। ਇਸ ਤਰ੍ਹਾਂ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਜੋਅ ਬਾਇਡਨ ਤੇ ਰਿਪਬਲਿਕਨ ਡੋਨਾਲਡ ਟਰੰਪ ਵਿਚਾਲੇ ਮੁੜ ਮੁਕਾਬਲਾ ਹੋ ਸਕਦਾ ਹੈ।
Donald Trump