ਇਸ ਵਰ੍ਹੇ 6116 ਪਸ਼ੂ ਪਾਲਕਾਂ ਅਤੇ ਕਿਸਾਨਾਂ ਨੇ ਐਡਵਾਂਸ ਡੇਅਰੀ ਫ਼ਾਰਮਿੰਗ ਸਿਖਲਾਈ ਪ੍ਰਾਪਤ ਕੀਤੀ: ਲਾਲਜੀਤ ਸਿੰਘ ਭੁੱਲਰ

Date:

ਪਸ਼ੂ ਪਾਲਣ ਮੰਤਰੀ ਵੱਲੋਂ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਦੀ ਅਪੀਲ

ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ 20 ਫ਼ਰਵਰੀ ਤੋਂ ਹੋਵੇਗਾ ਸ਼ੁਰੂ

ਚਾਹਵਾਨ ਡੇਅਰੀ ਫ਼ਾਰਮਰ 13 ਫ਼ਰਵਰੀ ਨੂੰ ਆਪਣੇ ਸਰਟੀਫਿਕੇਟ ਤੇ ਦਸਤਾਵੇਜ਼ ਲੈ ਕੇ ਨਜ਼ਦੀਕੀ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵਿਖੇ ਕੌਂਸਲਿੰਗ ਲਈ ਪਹੁੰਚਣ ਜਾਂ ਸਬੰਧਤ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰਨ

ਮਾਨ ਸਰਕਾਰ ਪ੍ਰਦਾਨ ਕਰ ਰਹੀ ਹੈ 17,500 ਤੋਂ 23,100 ਰੁਪਏ ਪ੍ਰਤੀ ਦੁਧਾਰੂ ਪਸ਼ੂ ਵਿੱਤੀ ਸਹਾਇਤਾ

ਹਰੇ ਚਾਰੇ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ 5.60 ਲੱਖ ਰੁਪਏ ਸਬਸਿਡੀ ਸਣੇ ਮਿਲਕਿੰਗ ਮਸ਼ੀਨ ‘ਤੇ 50% ਮਿਲਦੀ ਹੈ ਸਬਸਿਡੀ

ਚੰਡੀਗੜ੍ਹ, 12 ਫ਼ਰਵਰੀ:

ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਕਰਵਾਏ ਜਾਂਦੇ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਤਹਿਤ ਇਸ ਵਰ੍ਹੇ ਹੁਣ ਤੱਕ 6116 ਕਿਸਾਨਾਂ ਨੇ ਐਡਵਾਂਸ ਡੇਅਰੀ ਫ਼ਾਰਮਿੰਗ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 9 ਡੇਅਰੀ ਸਿਖਲਾਈ ਅਤੇ ਵਿਸਥਾਰ  ਕੇਂਦਰਾਂ ਰਾਹੀਂ ਪੇਂਡੂ ਨੌਜਵਾਨਾਂ ਨੂੰ ਡੇਅਰੀ ਕਿੱਤੇ ਰਾਹੀਂ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ 20 ਫ਼ਰਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਅਰੀ ਫ਼ਾਰਮਰਾਂ ਨੂੰ ਕੁਸ਼ਲ ਡੇਅਰੀ ਪ੍ਰਬੰਧਕ ਬਣਾਉਣ ਲਈ ਇਹ ਪ੍ਰੋਗਰਾਮ ਚਤਾਮਲੀ (ਜ਼ਿਲ੍ਹਾ ਰੋਪੜ), ਬੀਜਾ (ਜ਼ਿਲ੍ਹਾ ਲੁਧਿਆਣਾ), ਗਿੱਲ (ਜ਼ਿਲ੍ਹਾ ਮੋਗਾ), ਫਗਵਾੜਾ (ਜ਼ਿਲ੍ਹਾ ਜਲੰਧਰ), ਅਬੁਲ ਖੁਰਾਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ), ਵੇਰਕਾ (ਜ਼ਿਲ੍ਹਾ ਅੰਮ੍ਰਿਤਸਰ), ਤਰਨ ਤਾਰਨ, ਸਰਦੂਲਗੜ੍ਹ (ਜ਼ਿਲ੍ਹਾ ਮਾਨਸਾ) ਅਤੇ ਸੰਗਰੂਰ ਸਥਿਤ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਵਿਖੇ ਸ਼ੁਰੂ ਹੋਵੇਗਾ ਜਿਸ ਵਿੱਚ ਮੌਜੂਦਾ ਡੇਅਰੀ ਫ਼ਾਰਮਿੰਗ ਨੂੰ ਸਮੇਂ ਦਾ ਹਾਣੀ ਬਣਾ ਕੇ ਵਿਗਿਆਨਿਕ ਤਰੀਕੇ ਨਾਲ ਚਲਾਉਣ ਲਈ ਐਡਵਾਂਸ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਚਾਹਵਾਨ ਡੇਅਰੀ ਫ਼ਾਰਮਰ ਘੱਟੋ-ਘੱਟ ਦਸਵੀਂ ਪਾਸ ਹੋਵੇ, ਦਿਹਾਤੀ ਖੇਤਰ ਦਾ ਵਸਨੀਕ ਹੋਵੇ, ਉਸ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇ, ਉਸ ਦੇ ਘਰ ਵਿੱਚ 10 ਦੁਧਾਰੂ ਪਸ਼ੂ ਰੱਖੇ ਹੋਣ ਅਤੇ ਹਰੇ ਚਾਰੇ ਦੀ ਬਿਜਾਈ ਲਈ ਜ਼ਮੀਨ ਦਾ ਪ੍ਰਬੰਧ ਹੋਵੇ, ਉਹ 13 ਫ਼ਰਵਰੀ, 2023 ਨੂੰ ਆਪਣਾ ਦਸਵੀਂ ਦਾ ਸਰਟੀਫ਼ਿਕੇਟ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਵਿਭਾਗ ਦੇ ਨਜ਼ਦੀਕੀ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵਿਖੇ ਕੌਂਸਲਿੰਗ ਲਈ ਪਹੁੰਚ ਸਕਦਾ ਹੈ ਜਾਂ ਸਬੰਧਤ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਸਪੈਕਟਸ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਦਫ਼ਤਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਿਖਲਾਈ ਵਿੱਚ ਦੁਧਾਰੂ ਪਸ਼ੂਆਂ ਦੀ ਖ਼ਰੀਦ ਤੋਂ ਲੈ ਕੇ ਰੱਖ-ਰਖਾਅ, ਖਾਧ ਖ਼ੁਰਾਕ, ਨਸਲ ਸੁਧਾਰ, ਮਨਸੂਈ ਗਰਭਦਾਨ, ਗੱਭਣ ਚੈਕ ਕਰਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ, ਦੁੱਧ ਪਦਾਰਥ ਬਣਾਉਣ, ਪਸ਼ੂਆਂ ਦੀਆਂ ਮੌਸਮੀ ਬਿਮਾਰੀਆਂ, ਘਰੇਲੂ ਪਸ਼ੂ ਫੀਡ ਤਿਆਰ ਕਰਨ ਅਤੇ ਸੁੱਚਜੇ ਮੰਡੀਕਰਨ ਆਦਿ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਵਿੱਚ ਹਰ ਸਾਲ “ਦੋ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ” ਤਹਿਤ 6600 ਕਿਸਾਨਾਂ/ਨੌਜਵਾਨਾਂ ਅਤੇ “4 ਹਫ਼ਤੇ ਦੇ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ” ਤਹਿਤ 1000 ਕਿਸਾਨਾਂ/ਨੌਜਵਾਨਾਂ ਨੂੰ ਐਡਵਾਂਸ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਜਾਂਦਾ ਹੈ ਅਤੇ ਹੁਣ ਤੱਕ ਦੋਵਾਂ ਪ੍ਰੋਗਰਾਮਾਂ ਦੇ 21 ਬੈਚ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕਰੀਬ 6116 ਕਿਸਾਨ ਇਹ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।

ਸਿਖਲਾਈ ਉਪਰੰਤ ਕਿਸਾਨ ਲੈ ਸਕਦੇ ਹਨ ਵਿੱਤੀ ਸਕੀਮਾਂ ਦਾ ਲਾਭ

ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਤਹਿਤ ਸਰਟੀਫ਼ਿਕੇਟ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਨਵਾਂ ਡੇਅਰੀ ਯੂਨਿਟ ਸਥਾਪਤ ਕਰਨ ਅਤੇ ਲੋੜੀਂਦੀਆਂ ਮਸ਼ੀਨਾਂ ਖ਼ਰੀਦਣ ਲਈ ਵਿਭਾਗ ਦੀ ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸਾਨੀ ਦੇ ਨਾਲ-ਨਾਲ ਖੇਤੀਬਾੜੀ ਦੇ ਸਹਾਇਕ ਕਿੱਤੇ ਅਪਨਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੁਣਵੱਤਾ ਭਰਪੂਰ ਦੁੱਧ ਉਤਪਾਦਨ ਲਈ ਸਿਖਲਾਈ ਦੇਣ ਅਤੇ ਡੇਅਰੀ ਕਿੱਤਾ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 50 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਨਵਾਂ ਡੇਅਰੀ ਯੂਨਿਟ ਸਥਾਪਤ ਕਰਨ ਲਈ 2 ਤੋਂ 20 ਦੁਧਾਰੂ ਪਸ਼ੂਆਂ ਦੀ ਖ਼ਰੀਦ ਵਾਸਤੇ ਜਨਰਲ ਵਰਗ ਨੂੰ 17,500 ਰੁਪਏ ਪ੍ਰਤੀ ਪਸ਼ੂ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਨੂੰ 23,100 ਰੁਪਏ ਪ੍ਰਤੀ ਪਸ਼ੂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੁੱਧ ਉਤਪਾਦਕਾਂ ਨੂੰ ਸਾਫ਼ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਡਬਲ ਟੀਟ ਕੱਪ ਮਿਲਕਿੰਗ ਮਸ਼ੀਨ ‘ਤੇ 50% (ਵੱਧ ਤੋਂ ਵੱਧ 24,366 ਰੁਪਏ) ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰੇ ਚਾਰੇ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ 5.60 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਦੁੱਧ ਉਤਪਾਦਕ/ਕਿਸਾਨ ਵਾਧੂ ਹਰੇ ਚਾਰੇ ਵਾਲੇ ਮਹੀਨਿਆਂ ਦੌਰਾਨ ਹਰੇ ਚਾਰੇ ਤੋਂ ਸਾਈਲੇਜ ਜਾਂ ਆਚਾਰ ਬਣਾ ਕੇ, ਚਾਰੇ ਦੀ ਤੋਟ ਵਾਲੇ ਮਹੀਨਿਆਂ ਦੌਰਾਨ ਇਨ੍ਹਾਂ ਗੱਠਾਂ ਨੂੰ ਵੇਚ ਸਕਦੇ ਹਨ। ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰਨਾਂ ਰਾਜਾਂ ਵਿੱਚ ਵੀ ਭੇਜ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਛੋਟੇ ਅਤੇ ਸ਼ਹਿਰੀ ਡੇਅਰੀ ਫ਼ਾਰਮਰਾਂ ਨੂੰ ਵਾਜਬ ਕੀਮਤ ਉੱਤੇ ਸਾਰਾ ਸਾਲ ਸੰਤੁਲਿਤ ਪਸ਼ੂ ਖ਼ੁਰਾਕ ਉਪਲਬਧ ਹੋ ਸਕਦੀ ਹੈ ਅਤੇ ਨੌਜਵਾਨ ਨੂੰ ਰੋਜ਼ਗਾਰ ਹਾਸਲ ਹੋਵੇਗਾ।

ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਹੈਲਪਲਾਈਨ ਨੰਬਰ 0172-5027285 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

—-

ਕੈਪਸ਼ਨ:

1. ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਸਵੀਰ

2, 3 ਅਤੇ 4. ਡੇਅਰੀ ਸਿਖਲਾਈ ਦੇ ਪਿਛਲੇ ਬੈਚ ਮੁਕੰਮਲ ਹੋਣ ਸਮੇਂ ਦੀਆਂ ਤਸਵੀਰਾਂ

—————

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...