ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਗਾਂ ਦੇ ਦੌਰੇ, ਕਿਸਾਨਾਂ ਨੂੰ ਦਿੱਤੀ ਤਕਨੀਕੀ ਸਲਾਹ

ਅਬੋਹਰ (ਫਾਜ਼ਿਲਕਾ)  25 ਜੂਨ
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਜਤਿੰਦਰ ਸਿੰਘ ਨੇ ਗਿੱਦੜਾਂਵਾਲੀ, ਖੂਈਆਂ ਸਰਵਰ ਅਤੇ ਪੰਜ ਕੋਸੀ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੇ ਕਿੰਨੂ ਬਾਗਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੇ ਨਾਲ ਬਾਗਵਾਨੀ ਵਿਕਾਸ ਅਫਸਰ ਮਨਜੀਤ ਰਾਣੀ ਵੀ ਹਾਜ਼ਰ ਸਨ।
 ਇਸ ਮੌਕੇ ਸਹਾਇਕ ਡਾਇਰੈਕਟਰ ਬਾਗਵਾਨੀ ਸ੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਗਾਂ ਵਿੱਚ ਡਰਿਪ ਸਿਸਟਮ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨਵੇਂ ਬਾਗਾਂ ਤੇ ਡਰਿਪ ਸਿਸਟਮ ਲਗਾਉਂਦੇ ਹਾਂ ਤਾਂ ਪੰਜਾਬ ਸਰਕਾਰ ਦੁਆਰਾ 10 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਡਰਿਪ ਸਿਸਟਮ ਨਾਲ ਬਾਗਾਂ ਦੀ ਸਿੰਚਾਈ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਘਾਟ ਨਹੀਂ ਆਊਂਦੀ ਤੇ ਬਾਗ ਇਕਸਾਲ ਵਾਧਾ ਕਰਦਾ ਹੈ ਅਤੇ ਕਿਸਾਨਾਂ ਨੂੰ ਚੰਗਾ ਝਾੜ ਮਿਲਦਾ ਹੈ।
ਉਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਬਾਗਾਂ ਵਿੱਚ ਪਰਾਲੀ ਨਾਲ ਮਲਚਿੰਗ ਕੀਤੀ ਜਾਵੇ ਤਾਂ ਜੋ ਜਮੀਨ ਦੇ ਤਾਪਮਾਨ ਨੂੰ ਘਟਾਇਆ ਜਾ ਸਕੇ ਅਤੇ ਤੇਜ਼ ਗਰਮੀ ਦੇ ਪ੍ਰਭਾਵ ਤੋਂ ਬਾਗਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰਨ ਨਾਲ ਬਾਗਾਂ ਨੂੰ ਬਹੁਤ ਲਾਭ ਹੁੰਦਾ ਹੈ।
 ਇਸ ਤੋਂ ਇਲਾਵਾ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਬਾਗਾਂ ਵਿੱਚ ਕੁਝ ਬੂਟੇ ਬਿਮਾਰੀ ਜਾਂ ਹੋਰ ਕਾਰਨਾਂ ਕਾਰਨ ਸੁੱਕੇ ਹੋਏ ਹਨ ਪਰ ਕਿਸਾਨਾਂ ਵੱਲੋਂ ਉਨਾਂ ਬੂਟਿਆਂ ਨੂੰ ਪੁੱਟਿਆਂ ਨਹੀਂ ਗਿਆ ਹੈ ਅਤੇ ਇਹਨਾਂ ਬੂਟਿਆਂ ਤੋਂ ਬਿਮਾਰੀ ਦੇ ਕਣ ਹੋਰਨਾ ਬੂਟਿਆਂ ਤੱਕ ਫੈਲ ਕੇ ਖੇਤ ਵਿੱਚ ਬਿਮਾਰੀ ਵਿੱਚ ਹੋਰ ਵਾਧਾ ਕਰ ਸਕਦੇ ਹਨ, ਇਸ ਲਈ ਬਾਗਬਾਨੀ ਵਿਭਾਗ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਜਿਹੜੇ ਬੂਟੇ ਸੁੱਕ ਚੁੱਕੇ ਹਨ ਉਨਾਂ ਬੂਟਿਆਂ ਨੂੰ ਪੁੱਟ ਕੇ ਖੇਤ ਤੋਂ ਬਾਹਰ ਕਰ ਦਿੱਤਾ ਜਾਵੇ ਅਤੇ ਜਿਹੜੇ ਬੂਟੇ ਹਜੇ ਥੋੜੇ ਨੁਕਸਾਨੇ ਹਨ ਉਹਨਾਂ ਨੂੰ ਰਿਡੋਮਿਲ ਗੋਲਡ ਜਾਂ ਸੋਡੀਅਮਹਾਈਪੋਕਲੋਰਾਈਡ @ 5%  ਨਾਲ ਡਰੈਂਚ ਕੀਤਾ ਜਾਵੇ ਤਾਂ ਜੋ ਮੁੜ ਤੋਂ ਬਾਗਾਂ ਨੂੰ ਬਹਾਲ ਕੀਤਾ ਜਾ ਸਕੇ। ਉਨਾਂ ਨੇ ਅਪੀਲ ਕੀਤੀ ਕਿ ਬਾਗਬਾਨ ਭਰਾ ਬਾਗਾਂ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਤਕਨੀਕੀ ਜਾਣਕਾਰੀ ਲਈ ਬਾਗਬਾਨੀ ਵਿਭਾਗ ਦੇ ਦਫਤਰ ਨਾਲ ਰਾਬਤਾ ਕਰਨ।

[wpadcenter_ad id='4448' align='none']