ਫਰੀਦਕੋਟ: 4 ਅਗਸਤ 2024 ( )
ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਆਰ ਜੀ ਆਰ ਸ਼ੈਲ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਫਰੀਦਕੋਟ ਦੇ ਪਿੰਡ ਢੁੱਡੀ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ਅਤੇ ਡਾ. ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫਸਰ ਵਿਸ਼ੇਸ਼ ਤੌਰ ਸ਼ਾਮਿਲ ਹੋਏ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਵਿੱਚ ਚਾਲੂ ਸੀਜ਼ਨ ਦੌਰਾਨ ਇੱਕ ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨਾ ਅਤੇ ਬਾਸਮਤੀ ਦੀ ਲਵਾਈ ਕੀਤੀ ਗਈ ਹੈ ।ਉਨਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਫਸਲ ਬਹੁਤ ਵਧੀਆ ਹੈ ਅਤੇ ਫਸਲ ਉੱਪਰ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਕੋਈ ਹਮਲਾ ਨਹੀਂ ਦੇਖਿਆ ਗਿਆ ਪਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਵਿੱਚ ਦੁਕਾਨਦਾਰਾਂ ਜਾਂ ਆਂਢੀਆਂ ਗੁਆਂਢੀਆਂ ਦੇ ਕਹਿਣ ਤੇ ਦਾਣੇਦਾਰ ਕੀਟਨਾਸ਼ਕ ਦੀ ਵਰਤੋਂ ਕਰ ਰਹੇ ਹਨ, ਜਿਸ ਦੀ ਇਸ ਸਮੇਂ ਕੋਈ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਇਸ ਸਮੇਂ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਖੇਤੀ ਲਾਗਤ ਖਰਚੇ ਹੀ ਵਧਣਗੇ ਅਤੇ ਫਾਇਦਾ ਕੋਈ ਨਹੀਂ ਹੋਣਾ।ਉਨਾਂ ਕਿਹਾ ਕਿ ਮਿਆਰੀ ਬਾਸਮਤੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ਵਿੱਚ ਕੀੜਿਆਂ ਅਤੇ ਬਿਮਾਰੀਆ ਦੀ ਰੋਕਥਾਮ ਲਈ 10 ਕੀਟਨਾਸ਼ਕਾਂ ਕਾਰਬੈਂਡਾਜ਼ਿਮ, ਕਲੋਰੋਪਾਈਰੀਫਾਸ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ, ਐਸੀਫੇਟ, ਬੂਫਰੋਜਿਨ, ਇਮਿਡਾਕਲੋਪਰਡਿ, ਪ੍ਰੋਪੀਕੋਨਾਜ਼ੋਲ, ਹੈਕਸਾਕੋਨਾਜ਼ੋਲ ਅਤੇ ਪ੍ਰੋਫਿਨੋਫਾਸ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਜੇਕਰ ਜ਼ਰੂਰਤ ਪਵੇ ਤਾਂ ਬਾਸਮਤੀ ਦੀ ਫਸਲ ਉੱਪਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਬਦਲਵੇਂ ਰਸਾਇਣਾਂ ਦਾ ਛਿੜਕਾਅ ਕਰੋ।
ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਅਨਜਾਣ ਵਿਆਕਤੀ ਦੀ ਗਲਤ ਸਲਾਹ ਨਾਲ ਕਿਸੇ ਗਲਤ ਕੀਟਨਾਸ਼ਕ ਦਾ ਛਿੜਕਾਅ ਫਸਲ ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ।ਉਨਾਂ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਦੀ ਚਾਹਤ ਨਾਲ ਕਿਸਾਨਾਂ ਵੱਲੋਂ ਅੰਨੇਵਾਹ ਅਤੇ ਬਗੈਰ ਸਿਫਾਰਸ਼ਾਂ ਤੋਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਖਾਦ ਪਦਾਰਥ,ਵਾਤਾਵਰਣ ਪ੍ਰਦੂਸ਼ਿਤ ਤਾਂ ਹੋ ਹੀ ਰਿਹਾ ਹੈ ਅਤੇ ਨਾਲ ਹੀ ਖੇਤੀ ਲਾਗਤ ਖਰਚੇ ਵਧਣ ਕਾਰਨ ਸ਼ੁੱਧ ਖੇਤੀ ਆਮਦਨ ਘੱਟ ਰਹੀ ਹੈ।ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਦਵਾਈਆਂ ਵਰਤਣ ਦੀ ਬਿਜਾਏ, ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਹੀ ਸਮੱਸਿਆਂ ਦਾ ਹੱਲ ਕੱਢਿਆ ਜਾਵੇ ਤਾਂ ਬੇਹਤਰ ਰਹੇਗਾ। ਉਨਾਂ ਕਿਹਾ ਕਿ ਨਿੱਜੀ ਕੰਪਨੀਆਂ ਦੇ ਨੁਮਾਇੰਦੇ ਕਈ ਵਾਰ ਕਿਸਾਨਾਂ ਨੂੰ ਕਿਸੇ ਕੀਟਨਾਸ਼ਕ ਬਾਰੇ ਇੰਨੇ ਸਬਜ਼ਬਾਗ ਦਿਖਾ ਦਿੰਦੇ ਹਨ,ਕਿ ਕਿਸਾਨ ਨਾਂ ਚਾਹੁੰਦਾ ਹੋਇਆ ਵੀ ਉਸ ਦਵਾਈ ਦੀ ਵਰਤੋਂ ਫਸਲ ਉੱਪਰ ਕਰ ਦਿੰਦਾ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਪਨੀਰੀ ਦੀ ਲਵਾਈ ਤੋਂ 2-3 ਦਿਨਾਂ ਦੇ ਅੰਦਰ ਅੰਦਰ ਸਿਫਾਰਸ਼ਸ਼ੁਦਾ ਨਦੀਨਾਸ਼ਕਾਂ ਦੀ ਸਿਫਾਰਸ਼ ਮਾਤਰਾ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਰਲਾ ਕੇ ਖੜੇ ਪਾਣੀ ਵਿੱਚ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ ਅਤੇ ਜੇਕਰ ਫਿਰ ਵੀ ਨਦੀਨ ਉੱਗ ਪੈਂਦੇ ਹਨ ਤਾਂ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਈਰੀਬੈਕ10 ਈ ਸੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ।ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਟਿਊਬਵੈਲਾਂ ਤੇ ਲਗਾੳੇਣ ਲਈ ਕਿਸਾਨਾਂ ਨੂੰ ਛਾਂਦਾਰ ਬੂਟੇ ਵੰਡੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਰਣਬੀਰ ਸਿੰਘ ਖੇਤੀਬਾੜੀ ਉਪ ਨਿਰੀਖਕ,ਰਮਨਦੀਪ ,ਪਰਦੀਪ ਕੁਮਾਰ ਅਤੇ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।