ਚੰਡੀਗੜ੍ਹ, 5 ਅਗਸਤ:
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਕਾਰਗਿਲ ਵਿਜੈ ਦੀ ਰਜਤ ਜੈਯੰਤੀ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੇਹ ਵਿੱਚ ਕਾਰਗਿਲ ਜੰਗ ਸਮਾਰਕ ਤੋਂ 1200 ਕਿਲੋਮੀਟਰ ਦੀ ਸਾਈਕਲ ਯਾਤਰਾ ‘ਤੇ ਨਿਕਲਣ ਵਾਲੇ ਹਰਿਆਣਾ ਦੇ 12 ਸਾਲਾ ਲੜਕੇ ਆਰਵ ਭਾਰਦਵਾਜ ਦੀ ਦੇਸ਼ ਭਗਤੀ ਦੀਆਂ ਭਾਵਨਾਵਾਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਸਲਾਮ ਕੀਤਾ। ਦੱਸਣਯੋਗ ਹੈ ਕਿ 27 ਜੁਲਾਈ, 2024 ਨੂੰ ਸ਼ੁਰੂ ਹੋਈ ਇਹ ਸਾਈਕਲ ਯਾਤਰਾ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸਮਾਪਤ ਹੋਵੇਗੀ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਆਰਵ ਨੂੰ ਆਸ਼ੀਰਵਾਦ ਦਿੰਦਿਆਂ ਉਸਨੂੰ ਪੰਜਾਬ ਪੁਲਿਸ ਦਾ ਯਾਦਗਾਰੀ ਚਿੰਨ੍ਹ ਦਿੱਤਾ ਅਤੇ ਨਸ਼ਿਆਂ ਵਿਰੁੱਧ ਸੰਦੇਸ਼ ਫੈਲਾਉਣ ਲਈ “ਨਸ਼ਿਆਂ ਨੂੰ ਕਹੋ ਨਾਹ, ਪੰਜਾਬ ਨੂੰ ਕਹੋ ਹਾਂ” ਸੰਦੇਸ਼ ਵਾਲਾ ਇੱਕ ਪੋਸਟਰ ਵੀ ਸੌਂਪਿਆ।
ਉਨ੍ਹਾਂ ਕਿਹਾ ਕਿ ਆਰਵ ਭਾਰਦਵਾਜ ਇੱਕ ਅਜਿਹਾ ਰਾਜਦੂਤ ਹੈ ਜੋ ਨਸ਼ਿਆਂ ਵਿਰੁੱਧ ਸੰਦੇਸ਼ ਫੈਲਾਉਣ ਦੇ ਨਾਲ ਨਾਲ ਕਾਰਗਿਲ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।
ਲੇਹ ਤੋਂ ਚੰਡੀਗੜ੍ਹ ਤੱਕ ਦੀ ਆਪਣੀ ਯਾਤਰਾ ਦੌਰਾਨ ਆਰਵ ਨੇ ਜ਼ੋਜਿਲਾ, ਬਦਾਮੀ ਬਾਗ, ਅਤੇ ਪੰਜਾਬ ਸਟੇਟ ਵਾਰ ਮੈਮੋਰੀਅਲ ਸਮੇਤ ਵੱਖ-ਵੱਖ ਜੰਗੀ ਸਮਾਰਕਾਂ ‘ਤੇ ਸ਼ਰਧਾਂਜਲੀ ਭੇਟ ਕੀਤੀ। ਆਪਣੀ ਇਸ 13 ਦਿਨਾਂ ਦੀ ਯਾਤਰਾ ਦੌਰਾਨ ਉਹ ਆਪਣੇ ਪਿਤਾ ਨਾਲ ਜੰਮੂ ਅਤੇ ਕਸ਼ਮੀਰ, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀ ਯਾਤਰਾ ਕਰੇਗਾ।
ਜ਼ਿਕਰਯੋਗ ਹੈ ਕਿ ਹੈਰੀਟੇਜ ਸਕੂਲ ਨਵੀਂ ਦਿੱਲੀ ਵਿਖੇ ਪੜ੍ਹ ਰਹੇ 8ਵੀਂ ਜਮਾਤ ਦੇ ਵਿਦਿਆਰਥੀ ਆਰਵ ਭਾਰਦਵਾਜ ਨੇ 2022 ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਅਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਆਈਐਨਏ ਵਾਰ ਮੈਮੋਰੀਅਲ, ਮੋਇਰਾਂਗ, ਮਣੀਪੁਰ ਤੋਂ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਤੱਕ 32 ਦਿਨਾਂ ਦੀ 2612 ਕਿਲੋਮੀਟਰ ਲੰਮੀ ਯਾਤਰਾ ਵੀ ਕੀਤੀ।
ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਇਕਲ ਯਾਤਰਾ ਸ਼ੁਰੂ ਕਰਨ ਵਾਲੇ ਹਰਿਆਣਾ ਦੇ 12 ਸਾਲਾ ਲੜਕੇ ਨੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨਾਲ ਕੀਤੀ ਮੁਲਾਕਾਤ
Date: