Wednesday, January 15, 2025

ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ-ਮੁੱਖ ਮੰਤਰੀ ਵੱਲੋਂ ਸਖ਼ਤ ਅਲੋਚਨਾ

Date:

ਚੰਡੀਗੜ੍ਹ, 7 ਅਗਸਤ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੈਰਿਸ ਓਲੰਪਿਕ ਵਿਖੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਿੱਧ ਹੋਣ ਲਈ ਕੇਂਦਰ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਹੈ।


ਮੁੱਖ ਮੰਤਰੀ ਨੇ ਅੱਜ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਪਿੰਡ ਚਰਖੀ ਦਾਦਰੀ ਵਿਖੇ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੈਰਿਸ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਇਸ ਗੰਭੀਰ ਮੁੱਦੇ ਉਤੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਫੋਗਾਟ ਨੂੰ ਓਲੰਪਿਕ ਦੇ ਫਾਈਨਲ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ, ਭਾਵੇਂ ਉਸ ਨੇ ਸੈਮੀਫਾਈਨਲ ਤੱਕ ਹੋਰ ਮੁਲਕਾਂ ਦੀਆਂ ਖਿਡਾਰਨਾਂ ਨੂੰ ਚਿੱਤ ਕੀਤਾ ਅਤੇ ਉਹ ਓਲੰਪਿਕ ਵਿੱਚ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ ਸੀ। ਇਸੇ ਤਰ੍ਹਾਂ ਹਾਕੀ ਖਿਡਾਰੀਆਂ ਨੂੰ ਬਿਨਾਂ ਕਿਸੇ ਕਸੂਰ ਦੇ ਰੈੱਡ ਕਾਰਡ ਦਿਖਾਉਣਾ ਅਣ-ਉਚਿਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਭਾਰਤ ਸਰਕਾਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਮੂਕ ਦਰਸ਼ਨ ਬਣੇ ਹੋਏ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੋਣ ਦੇ ਦਮਗਜ਼ੇ ਮਾਰ ਰਹੀ ਹੈ ਜਦਕਿ ਦੂਜੇ ਪਾਸੇ ਸਾਡੇ ਮੁਲਕ ਦੇ ਖਿਡਾਰੀਆਂ ਦੇ ਹਿੱਤ ਮਹਿਫੂਜ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਓਲੰਪਿਕ ਖੇਡਾਂ ਦੌਰਾਨ ਮਿਸਾਲੀ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ ਪਰ ਕੇਂਦਰ ਸਰਕਾਰ ਦੀਆਂ ਗਲਤੀਆਂ ਕਾਰਨ ਉਹ ਮੈਡਲ ਜਿੱਤਣ ਤੋਂ ਖੁੰਝ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ 200 ਗ੍ਰਾਮ ਦੇ ਭਾਰ ਕਰਕੇ ਖੇਡ ਮੁਕਾਬਲੇ ਤੋਂ ਵਿਰਵਾ ਰਹਿਣਾ ਪਵੇ ਤਾਂ ਫਿਰ ਕੋਚ, ਫਿਜ਼ੀਓਥਰੈਪੀ ਅਤੇ ਹੋਰ ਸਾਧਨਾਂ ਲਈ ਕੀਤੇ ਜਾ ਰਹੇ ਵੱਡੇ ਖਰਚੇ ਦੀ ਕੀ ਤੁੱਕ ਬਣਦੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਅਧਿਕਾਰੀ ਉਥੇ ਸਿਰਫ ਛੁੱਟੀਆਂ ਮਨਾਉਣ ਲਈ ਗਏ ਹਨ ਜਦਕਿ ਉਨ੍ਹਾਂ ਨੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਨਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਯੂਕਰੇਨ ਦੀ ਜੰਗ ਰੋਕਣ ਵਿੱਚ ਦਖ਼ਲ ਦੇਣ ਬਾਰੇ ਹਰ ਰੋਜ਼ ਵੱਡੇ ਦਾਅਵੇ ਕਰ ਰਹੀ ਹੈ ਪਰ ਓਲੰਪਿਕ ਖੇਡਾਂ ਲਈ ਸਖ਼ਤ ਮਿਹਨਤ ਕਰ ਰਹੇ ਸਾਡੇ ਖਿਡਾਰੀਆਂ ਨੂੰ ਲਾਵਾਰਸ ਛੱਡ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰਾ ਮੁਲਕ ਇਸ ਵੇਲੇ ਬਹਾਦਰ ਲੜਕੀ ਵਿਨੇਸ਼ ਫੋਗਾਟ ਨਾਲ ਡਟ ਕੇ ਖੜ੍ਹਾ ਹੈ ਜੋ ਮੈਡਲ ਜਿੱਤਣ ਤੋਂ ਇਸ ਕਰਕੇ ਖੁੰਝ ਗਈ ਕਿਉਂਕਿ ਕੇਂਦਰ ਸਰਕਾਰ ਨੇ ਉਸ ਨੂੰ ਅਯੋਗ ਠਹਿਰਾਏ ਜਾਣ ਦੇ ਖਿਲਾਫ਼ ਅਪੀਲ ਪਾਉਣ ਦੀ ਪ੍ਰਵਾਹ ਨਹੀਂ ਕੀਤੀ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...