ਨਗਰ ਨਿਗਮ ਅਬੋਹਰ ਵੱਲੋਂ 19 ਤੋਂ 23 ਅਗਸਤ ਤੱਕ ਸ਼ਹਿਰ ਵਿੱਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ-ਸੇਨੂ ਦੁੱਗਲ

ਅਬੋਹਰ 16 ਅਗਸਤ

ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ 2024 ਤੱਕ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਬੋਹਰ ਸ਼ਹਿਰ ਵਿਖੇ ਸਾਫ-ਸਫਾਈ ਮੁਹਿੰਮ ਨੂੰ ਇੰਨ-ਬਿੰਨ ਲਾਗੂ ਕਰਨ ਲਈ ਵਚਨਬੱਧ ਹੈ।

ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਸਾਫ-ਸਫਾਈ ਮੁਹਿੰਮ ਦੌਰਾਨ ਵੱਖ-ਵੱਖ ਦਿਨਾਂ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆ। ਉਨ੍ਹਾ ਕਿਹਾ ਕਿ ਨਗਰ ਨਿਗਮ ਵਿੱਚ ਗਾਰਬੇਜ ਵਲਨੇਰੇਬਲ ਪੁਆਇੰਟਸ (ਜੀ.ਵੀ.ਪੀ.) ਨੂੰ ਪੱਕੇ ਤੌਰ ‘ਤੇ ਹਟਾਉਣ ਅਤੇ ਕੂੜਾ ਪ੍ਰਬੰਧਨ ਨੂੰ ਉਤਸਾਹਿਤ ਕਰਨ ਲਈ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸ਼ਹਿਰ ਦੀ ਦਿਖ ਹੋਰ ਬਿਹਤਰ ਹੋ ਸਕੇ।

ਉਨ੍ਹਾਂ ਕਿਹਾ ਕਿ 19 ਤੋਂ 23 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19 ਤੋਂ 20 ਅਗਸਤ ਤੱਕ ਸ਼ਹਿਰ ਵਿੱਚ ਮੌਜੂਦ ਜੀ.ਵੀ.ਪੀ ਏਰੀਆ ਵਿੱਚ ਕੁੜਾ ਚੁੱਕਣ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸਾਫ ਕੀਤੇ ਗਏ ਜੀ.ਵੀ.ਪੀ ਖੇਤਰਾਂ ਵਿੱਚ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਅਤੇ ਸਥਾਨਕ ਲੋਕਾ ਦੀ ਮਦਦ ਨਾਲ ਉਨ੍ਹਾਂ ਦੀ ਨਿਗਰਾਨੀ ਲਈ ਨਿਗਰਾਨ ਪ੍ਰਣਾਲੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਉਥੇ ਕੂੜਾ ਨਾ ਸੁੱਟੇ।

21 ਤੋਂ 22 ਅਗਸਤ ਦੀ ਸਾਫ-ਸਫਾਈ ਦੀ ਗਤੀਵਿਧੀ ਦੌਰਾਨ ਸੁੱਕਾ ਕਚਰਾ, ਖਾਸ ਤੌਰ ‘ਤੇ ਪਲਾਸਟਿਕ ਦੀਆਂ ਬੋਤਲਾਂ, ਡੱਬਿਆ, ਲਿਫਾਫੇ ਆਦਿ ਨੂੰ ਸੜਕਾਂ, ਗਲੀਆਂ, ਗਰੀਨ ਬੈਲਟ, ਜਨਤਕ ਖੇਤਰਾਂ ਆਦਿ ਤੋਂ ਇਕੱਠਾ ਕੀਤਾ ਜਾਵੇਗਾ ਅਤੇ ਐੱਮ.ਆਰ.ਐੱਫ. ਕੇਂਦਰਾ ਤੱਕ ਪਹੁੰਚਾਇਆ ਜਾਵੇਗਾ ਅਤੇ ਪਲਾਸਟਿਕ ਨੂੰ ਗੱਠਾਂ ਬਣਾ ਕੇ ਰੀਸਾਈਕਲ ਕੀਤਾ ਜਾਵੇਗਾ। 23 ਅਗਸਤ ਨੂੰ ਸ਼ਹਿਰ ਦੇ ਵੱਖ-ਵੱਖ ਕੰਪੋਸਟ ਸੈਂਟਰਾਂ ਵਿੱਚ ਨਿਗਮ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਜਾ ਰਹੀ ਜੈਵਿਕ ਖਾਦ ਨੂੰ ਸ਼ਹਿਰ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਵਿੱਚ ਵੰਡਿਆ ਜਾਵੇਗਾ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਜ ਦਿਨਾ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਲੋਕਾ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ.ਵੀ.ਪੀ ਹੈ ਤਾਂ ਤੁਰੰਤ ਇਸ ਬਾਰੇ ਨਗਰ ਨਿਗਮ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਸਬੰਧੀ ਐਮ-ਸੇਵਾ ਐਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਜੋ ਉਥੇ ਕੂੜੇ ਨੂੰ ਸਾਫ ਕੀਤਾ ਜਾ ਸਕੇ। ਸ਼ਹਿਰ ਵਾਸੀ ਆਪਣੇ ਇਲਾਕੇ ਦੇ ਸੈਨੇਟਰੀ ਇੰਸਪੈਕਟਰਾਂ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਕੰਮ ਕਰਦੇ ਫੈਸੀਲੀਟੇਟਰਾਂ ਤੇ ਪ੍ਰੇਰਕਾ ਨਾਲ ਸੰਪਰਕ ਕਰਕੇ ਇਸ ਮੁਹਿੰਮ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ। 

[wpadcenter_ad id='4448' align='none']