ਸ਼ੁਭ ਸਵੇਰ ਦੋਸਤੋ,
ਜੇਕਰ ਦੌਲਤ-ਸ਼ੌਹਰਤ ਹੁੰਦਿਆਂ ਹੋਇਆ ਵੀ ਸਾਨੂੰ ਕਿਆਸੀ ਹੋਈ ਪ੍ਰਸੰਨਤਾ ਨਹੀਂ ਮਿਲ ਰਹੀ ਤਾਂ ਮਤਲਬ ਪੂਰਾ ਸਪੱਸ਼ਟ ਹੈ ਕਿ ਅਸੀਂ ਖੁਦ ਕੁਝ ਕੀਤਾ ਨਹੀਂ, ਵਿਰਸੇ ਵਿਚੋਂ ਜਾਇਦਾਦ ਮਿਲ ਸਕਦੀ ਹੈ ਪਰ ਖੁਸ਼ਹਾਲੀ ਨਹੀਂ। ਪੈਸਾ ਥੋੜ੍ਹਾ ਹੋਵੇ ਭਾਵੇਂ ਵਾਹਲਾ ਪਰ ਖੁਦ ਸਿਰਜਨਾਤਮਕ ਹੋਏ ਤੋਂ ਬਿਨਾ ਵਰਤਣ ਦਾ ਢੰਗ ਤਰੀਕਾ ਪੂਰੀ ਉਮਰ ਨਹੀਂ ਆਉਂਦਾ ਇਨਸਾਨ ਨੂੰ। ਇਸ ਪੱਖ ਤੋਂ ਊਣੇ ਲੋਕ ਜੀਵਨ ਜਾਂਚ ਪ੍ਰਤੀ ਅਵੇਸਲੇ ਹੁੰਦੇ ਹਨ। ਕਿਉਂਕਿ ਅਕਲ ਦੇ ਅੰਨ੍ਹਿਆਂ ਨੂੰ ਅੱਖਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਪਰ ਇੱਕ ਚੰਗੇ ਸੰਸਕਾਰਾਂ ਵਾਲੇ ਮਨੁੱਖ ਦੇ ਦੋ ਨਹੀਂ ਸੌ ਹੱਥ ਹੁੰਦੇ ਹਨ।
ਜਰੂਰੀ ਇਹ ਵੀ ਨਹੀਂ ਹੁੰਦਾ ਕਿ ਸਿਆਣਪ ਕੋਠੀਆਂ, ਕਾਰਾਂ ਅਤੇ ਸੋਹਣੇ ਕੱਪੜਿਆਂ ਵਿਚ ਹੋਵੇ। ਸਿਆਣਪ ਕਈ ਵਾਰੀ ਟੁੱਟੀ ਜੁੱਤੀ ਨਾਲ ਵੀ ਤੁਰਦੀ ਨਜ਼ਰ ਆ ਜਾਂਦੀ ਹੈ। ਜੇਕਰ ਸਾਡਾ ਨਜ਼ਰੀਆ ਅਮੀਰ ਹੋਵੇ।
ਜੀਵਨ ਦਾ ਭਰਪੂਰ ਅਨੰਦ ਲੈਣ ਲਈ ਸਾਨੂੰ ਸਮਝਣਾ ਪਵੇਗਾ ਕਿ…
ਜਿਵੇਂ…’ਕੋਈ ਵੀ ਇਕੱਲਾ ਰੁੱਖ ਜੰਗਲ ਨਹੀਂ ਬਣ ਸਕਦਾ’,
ਇਵੇਂ ਇਕੱਲਾ ਮਨੁੱਖ ਸੰਸਾਰ ਦਾ ਮਾਲਿਕ ਨੀ ਬਣ ਸਕਦਾ!
also read : ਸ਼ਾਹੀ ਪਨੀਰ ‘ਦੁਨੀਆ ਦੇ ਸਭ ਤੋਂ ਵਧੀਆ ਪਨੀਰ ਪਕਵਾਨਾਂ’ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ
ਟਾਹਣੀ ਨੂੰ ਲੱਗਿਆ ਗੁਲਾਬੀ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਪਰ ਹਰੇ ਪੱਤਿਆਂ ਬਿਨ ਉਸਦੀ ਸੁੰਦਰਤਾ ਅਧੂਰੀ ਹੁੰਦੀ ਹੈ। ਮਨੁੱਖ ਕੋਲ ਕਿੰਨੀ ਵੀ ਦੌਲਤ-ਸੌਹਰਤ ਹੋਵੇ, ਸੱਜਣਾਂ ਬਿਨਾਂ ਗਤੀ ਨਹੀਂ ਪੈਂਦੀ।ਕਿਉਂਕਿ ਇਕੱਲਾ ਸ਼ਤੀਰ ਘਰ ਦੀ ਛੱਤ ਦਾ ਸਹਾਰਾ ਨਹੀਂ ਬਣ ਸਕਦਾ।
ਆਪਣੀ ਸਥਿਤੀ, ਹਾਲਾਤਾਂ ਤੇ ਆਰਥਿਕ ਪੱਖ ਅਨੁਸਾਰ ਪ੍ਰਸੰਨ ਤੇ ਸੰਤੁਸ਼ਟ ਹੋਣਾ ਚੰਗੇ ਸਲੀਕੇ, ਲਿਆਕਤਾਂ ਤੇ ਸਿਆਣਪ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਹੰਕਾਰੀ ਮਨ ਕਦੇ ਵੀ ਨਹੀਂ ਸੋਚਦਾ ਕਿ… ਜੋ ਮੇਰੇ ਕੋਲ ਹੈ ਉਸ ਨੂੰ ਪ੍ਰਾਪਤ ਕਰਨ ਲਈ ਹਾਲੇ ਲੱਖਾਂ ਲੋਕ ਯਤਨ ਕਰ ਰਹੇ ਹਨ।
ਮੰਜ਼ਿਲ ਤੇ ਅਸੀਂ ਦੂਜਿਆਂ ਦੇ ਸਹਿਯੋਗ ਤੇ ਸਹਾਰੇ ਤੋਂ ਬਿਨਾਂ ਨਹੀਂ ਪਹੁੰਚ ਸਕਦੇ, ਵਰਤਮਾਨ ਸਥਿਤੀ ‘ਤੇ ਅੱਪੜਨ ਲਈ, ਉਨ੍ਹਾਂ ਸਹਾਰਿਆਂ ਪ੍ਰਤੀ ਧੰਨਵਾਦੀ ਬਣੇ ਰਹਿਣਾ ਸਾਡੇ ਸਲੀਕੇ ਵਾਲੇ ਹੋਣ ਦੀ ਬੁਨਿਆਦ ਹੁੰਦੀ ਹੈ। ਦੂਜਿਆਂ ਦੇ ਸਹਿਯੋਗ ਬਿਨਾਂ ਅਸੀਂ ਕੱਖ ਦੇ ਨਹੀਂ, ਜਦੋਂ ਇਹ ਅਵਸਥਾ ਆ ਜਾਵੇ ਤਾਂ ਸਾਡੇ ਸਾਰੇ ਹੰਕਾਰ ਖ਼ਤਮ ਹੋ ਜਾਂਦੇ ਹਨ ਤੇ ਸਾਡਾ ਮਨ ਕੋਮਲ, ਸ਼ਾਤ ਤੇ ਨਿਰਮਲ ਹੋ ਜਾਦਾ, ਖੁਸ਼ੀਆਂ ਦੇ ਢੋਲ ਵੱਜਦੇ ਨੇ।
ਡੂੰਘੀਆਂ ਟੁੱਭੀਆਂ ਮਾਰਕੇ ਮੋਤੀ ਲੱਭਣ ਵਾਲੇ ਕਦੇ ਵੀ ਕਿਸੇ ਦੇ ਹੱਕਾਂ ਤੇ ਜਿਊਂਦੇ ਜੀਅ ਡਾਕਾ ਨਹੀਂ ਮਾਰਦੇ। ਸਗੋਂ ਜਿਊਂਦੇ ਜੀਅ ਦੂਜਿਆਂ ਦੇ ਦਿਲ ਫਰੋਲਦੇ ਹਨ, ਮਰਨ ਉਪਰੰਤ ਸਿਵੇ ਤਾਂ ਦੁਨੀਆ ਯੁੱਗਾਂ ਤੋਂ ਫਰੋਲ ਰਹੀ ਹੈ। …ਹਰਫੂਲ ਭੁੱਲਰ