ਮਾਨਸਾ, 10 ਸਤੰਬਰ:
ਪੰਜਾਬ ਸਰਕਾਰ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਰਾਜ ਦੇ ਰੱਖਿਆ ਸੇਵਾਵਾਂ ਅਤੇ ਪੈਰਾ ਮਿਲਟਰੀ ਫੋਰਸਿਜ਼ ਦੇ ਸ਼ਹੀਦ ਸੈਨਿਕਾਂ ਦੇ ਵਾਰਿਸਾਂ/ਪਰਿਵਾਰਾਂ ਨੂੰ ਐਕਸ ਗਰੇਸ਼ੀਆ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ, ਪੰਜਾਬ ਤਰਫ਼ੋਂ ਸ਼ਾਦੀ ਸ਼ੁਦਾ ਅਤੇ ਕੁਆਰੇ ਸੈਨਿਕ ਸ਼ਹੀਦ, ਜਿੰਨ੍ਹਾਂ ਨੂੰ ਆਰਮੀ ਅਥਾਰਟੀ ਵੱਲੋਂ ਸ਼ਹੀਦ ਕਰਾਰ ਦਿੱਤਾ ਗਿਆ ਹੋਵੇ, ਦੇ ਵਾਰਿਸ ਨੂੰ 01 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਰੱਖਿਆ ਸੇਵਾਵਾਂ ਅਤੇ ਪੈਰਾ ਮਿਲਟਰੀ ਫੋਰਸਿਜ਼ ਦੇ ਸੈਨਿਕ, ਜੋ ਯੁੱਧ ਅਤੇ ਓਪਰੇਸ਼ਨਾਂ ਵਿਚ ਡਿਊਟੀ ਦੌਰਾਨ ਸਰੀਰਿਕ ਤੌਰ ’ਤੇ ਅਸਮਰਥ ਹੋ ਜਾਂਦੇ ਹਨ, ਨੂੰ ਵੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 76 ਫ਼ੀਸਦੀ ਤੋਂ 100 ਫ਼ੀਸਦੀ ਸਰੀਰਿਕ ਅਸਮਰਥਾ ਵਾਲੇ ਸੈਨਿਕ ਨੂੰ 40 ਲੱਖ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 51 ਫ਼ੀਸਦੀ ਤੋਂ 75 ਫ਼ੀਸਦੀ ਸਰੀਰਿਕ ਅਸਮਰਥਾ ਵਾਲੇ ਸੈਨਿਕਾਂ ਨੂੰ 20 ਲੱਖ ਅਤੇ 25 ਫ਼ੀਸਦੀ ਤੋਂ 50 ਫ਼ੀਸਦੀ ਅਸਮਰਥਾ ਵਾਲੇ ਸੈਨਿਕਾਂ ਨੂੰ 10 ਲੱਖ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੜਾਈ ਦੇ ਨੁਕਸਾਨ ਤੋਂ ਇਲਾਵਾ ਹੋਰ ਕਿਸੇ ਕਾਰਨ ਸੈਨਿਕ ਦੀ ਮੌਤ ਹੋ ਜਾਣ ’ਤੇ ਇਕ ਲੱਖ ਰੁਪਏ ਦੀ ਰਾਸ਼ੀ ਫਲੈਗ ਡੇਅ ਫੰਡ ਵਿਚੋਂ ਦਿੱਤੀ ਜਾਂਦੀ ਹੈ। ਇਸ ਤੋ ਇਲਾਵਾ ਪੈਨਸ਼ਨ ਸ਼ੁਰੂ ਹੋਣ ਤੱਕ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਦੋ ਤੋਂ ਛੇ ਮਹੀਨੇ ਲਈ ਗੁਜ਼ਾਰਾ ਭੱਤਾ ਵੀ ਦਿੱਤਾ ਜਾਂਦਾ ਹੈ।
ਪੰਜਾਬ ਰਾਜ ਦੇ ਰੱਖਿਆ ਸੇਵਾਵਾਂ ਅਤੇ ਪੈਰਾ ਮਿਲਟਰੀ ਫੋਰਸਿਜ਼ ਦੇ ਸ਼ਹੀਦ ਸੈਨਿਕਾਂ ਦੇ ਵਾਰਿਸਾਂ/ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ ਮਾਲੀ ਸਹਾਇਤਾ-ਡਿਪਟੀ ਕਮਿਸ਼ਨਰ
[wpadcenter_ad id='4448' align='none']