ਅੰਮ੍ਰਿਤਸਰ 11 ਸਤੰਬਰ 2024—
ਹਰ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਜੀਵਨ ਵਿੱਚ ਕੋਈ ਟੀਚਾ ਜਰੂਰ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਆਪਣੇ ਜੀਵਨ ਵਿਚ ਸਫ਼ਲ ਹੋ ਸਕਦੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਾਰਚ 2024 ਪ੍ਰੀਖਿਆਵਾਂ ਦੇ ਦਸਵੀਂ ਅਤੇ ਬਾਹਰਵੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕਰਨ ਸਮੇਂ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਵੱਲੋ ਜਿਲੇ ਵਿੱਚ ਦਸਵੀ ਸ਼੍ਰੇਣੀ ਦੇ 40 ਵਿਦਿਆਰਥੀਆਂ ਅਤੇ ਬਾਹਰਵੀ ਸ਼੍ਰੇਣੀ ਦੇ 41 ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਤਾਂ ਜੀਵਨ ਵਿੱਚ ਕੋਈ ਨਾ ਕੋਈ ਉੱਚੇ ਅਹੁਦੇ ਤੇ ਜਰੂਰ ਪਹੁੰਚਣਾ ਚਾਹੀਦਾ ਹੈ ਅਤੇ ਜੀਵਨ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਕੇ ਇੱਕ ਛਾਪ ਛੱਡਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਅੱਜ ਦੇ ਬੱਚੇ ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਨਣਾ ਹੈ। ਉਨਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ 90 ਫੀਸਦ ਤੋਂ ਵੱਧ ਨੰਬਰ ਲੈਣ ਵਿੱਚ ਕਾਮਯਾਬ ਰਹੇ ਹਨ। ਉਨਾਂ ਆਪਣੀ ਪੜ੍ਹਾਈ ਦੇ ਤਜ਼ਰਬੇ ਦਸੱਦਿਆਂ ਬੱਚਿਆਂ ਨੂੰ ਨਿਸ਼ਾਨਾ ਮਿੱਥ ਕੇ ਅੱਗੇ ਵੱਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ ਨਾਲ ਬੱਚੇ ਮਨਚਾਹਾ ਟੀਚਾ ਪ੍ਰਾਪਤ ਕਰ ਸਕਦੇ ਹਨ। ਉਨਾਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਵੱਲ ਆ ਕੇ ਆਪਣਾ, ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ।
ਇਸ ਮੌਕੇ ਤੇ ਜਿਲਾ੍ਹ ਸਿੱਖਿਆ ਅਫਸਰ (ਸੈ:ਸਿ:) ਸ੍ਰ. ਹਰਭਗਵੰਤ ਸਿੰਘ, ਜਿਲਾ ਸਿੱਖਿਆ ਅਫਸਰ (ਐ:ਸਿ:) ਸ੍ਰ. ਕੰਵਲਜੀਤ ਸਿੰਘ, ਉਪ ਜਿਲਾ੍ਹ ਸਿੱਖਿਆ ਅਫਸਰ (ਸੈ:ਸਿ:) ਸ਼੍ਰੀ ਰਾਜੇਸ਼ ਖੰਨਾ,ਪ੍ਰਿੰਸੀਪਲ ਸ੍ਰ.ਹਰਪ੍ਰੀਤਪਾਲ ਸਿੰਘ, ਸ਼੍ਰੀ ਆਸ਼ੂ ਵਿਸ਼ਾਲ ਸਪੋਰਟਸ ਕੋ-ਆਰਡੀਨੇਟਰ, ਸ਼੍ਰੀ ਰਾਜਦੀਪ ਸਿੰਘ ਸਟੈਨੋ , ਸ਼੍ਰੀਮਤੀ ਮਨਜੀਤ ਕੌਰ ਜੂਨੀਅਰ ਸਹਾਇਕ, ਸ਼੍ਰੀਮਤੀ ਸਪਨਾ ਕਲਰਕ, ਸ਼੍ਰੀ ਸੰਜੇ, ਸ਼੍ਰੀ ਜਗਦੀਪਕ, ਸ੍ਰੀ ਸਰਬਜੀਤ ਸਿੰਘ ਵੀ ਹਾਜਰ ਸਨ।