ਪ੍ਰਭਾਰੀ ਸਕੱਤਰ ਡੀ ਕੇ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਲਿਆ ਜਾਇਜ਼ਾ

ਮੋਗਾ,22ਅਕਤੂਬਰ(000) –                                                                                                                                                                                                                                                                       ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉੱਦਮਾਂ ਤਹਿਤ ਜ਼ਿਲ੍ਹਾ ਮੋਗਾ ਦੇ ਪ੍ਰਭਾਰੀ ਸਕੱਤਰ ਸ਼੍ਰੀ ਡੀ ਕੇ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਅੱਜ ਜ਼ਿਲ੍ਹਾ ਮੋਗਾ ‘ਚ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਤਿਵਾੜੀ ਨੇ ਜਿੱਥੇ ਵੀਡਿਉ ਕਾਨਫਰੰਸ ਰਾਹੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੋਗਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉਥੇ ਹੀ ਡਿਪਟੀ ਕਮਿਸ਼ਨਰ ਸ਼੍ਰੀ ਸਾਰੰਗਲ ਨੇ ਪਿੰਡ ਲੰਡੇਕੇ ਦੇ ਸਕੂਲ ਆਫ਼ ਐਮੀਨਾਂਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਨਿੱਜੀ ਰਾਬਤਾ ਕੀਤਾ।

ਦੋਵੇਂ ਜਗ੍ਹਾ ਬੋਲਦਿਆਂ ਸ਼੍ਰੀ ਡੀ ਕੇ ਤਿਵਾੜੀ ਅਤੇ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਕਾਂ ਦਾ ਵਿਦਿਆਰਥੀਆਂ ਦੇ ਮੁਕਾਬਲੇ ਸਹੀ ਅਨੁਪਾਤ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਸ਼੍ਰੀ ਤਿਵਾੜੀ ਨੇ ਵਿਦਿਆਰਥੀਆਂ ਨੂੰ ਸਕੂਲ ਸਿੱਖਿਆ ਮੁਕੰਮਲ ਕਰਨ ਉਪਰੰਤ ਉਚੇਰੀ ਸਿੱਖਿਆ ਲਈ ਸਹੀ ਵਿਸ਼ਿਆਂ ਦੀ ਚੋਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਪੂਰੀ ਕਰਨ ਉਪਰੰਤ ਸਹੀ ਵਿਸ਼ਿਆਂ ਦੀ ਚੋਣ ਬਹੁਤ ਹੀ ਮਹੱਤਵਪੂਰਨ ਫੈਸਲਾ ਹੁੰਦਾ ਹੈ।

ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਧਿਆਪਕਾਂ ਨੂੰ ਸਮੇਂ-ਸਮੇਂ‘ਤੇ ਸਿੱਖਿਆ ਦੀਆਂ ਨਵੀਆਂ ਸ਼ੈਲੀਆਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਅਧਿਆਪਕ ਉਨ੍ਹਾਂ ਨੂੰ ਸਕੂਲਾਂ ਵਿੱਚ ਦੋਸਤਾਨਾ ਮਾਹੌਲ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਉਹ ਬੇਝਿਜਕ ਹੋ ਕੇ ਆਪਣੀਆਂ ਵਿੱਦਿਅਕ ਉਲਝਣਾਂ ਦਾ ਹੱਲ ਕਰਵਾ ਸਕਣ।                         ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਨਿਰੰਤਰ ਪੂਰੀ ਮਿਹਨਤ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਤੇ ਸਰੀਰਕ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਚੰਗੇ ਸਮਾਜ ਦੇ ਨਿਰਮਾਣ ਦੀ ਨੀਂਹ ਹਨ ਕਿਉਂਕਿ ਵਿਦਿਆਰਥੀ ਹੀ ਅੱਗੇ ਚੱਲ ਕੇ ਨਿਰੋਏ ਸਮਾਜ ਦੀ ਸਿਰਜਣਾ ਕਰਦੇ ਹਨ।

ਦੱਸਣਯੋਗ ਹੈ ਕਿ ਅੱਜ ਸਮੂਹ ਸੀਨੀਅਰ ਅਧਿਕਾਰੀਆਂ, ਐੱਸ ਡੀ ਐੱਮਜ਼ ਵੱਲੋਂ ਵੀ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਿਰਕਤ ਕੀਤੀ।                                                                      ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ਼੍ਰੀ ਹਿਤੇਸ਼ਵਰ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮੋਗਾ ਸ਼੍ਰੀਮਤੀ ਅੰਜੂ ਸੇਠੀ ,ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਗੁਰਦਿਆਲ ਸਿੰਘ ਮਠਾੜੂ, ਪ੍ਰਿੰਸੀਪਲ ਮੰਜੂ, ਵਿਵੇਕ ਅਰੋੜਾ, ਸੰਜੀਵ ਕੁਮਾਰ, ਵਿਕਾਸ ਚੋਪੜਾ, ਹਰਸਿਮਰਨ ਸਿੰਘ, ਸਕੂਲਾਂ ਦਾ ਸਟਾਫ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।

[wpadcenter_ad id='4448' align='none']