ਅੰਨ ਅਤੇ ਅੰਨਦਾਤੇ ਦੀ ਬੇਕਦਰੀ ਦਾ ਸਰਾਪ ਭਾਰਤੀ ਜਨਤਾ ਪਾਰਟੀ ਦੀ ਬੇੜੀ ਡੋਬ ਦੇਵੇਗਾ – ਬਰਸਟ

ਮੋਹਾਲੀ / ਚੰਡੀਗੜ੍ਹ, 27 ਅਕਤੂਬਰ, 2024 (                    ) – ਆਮ ਆਦਮੀ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਵਿੱਚ ਅੰਨਦਾਤਾ ਅਤੇ ਅੰਨ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਕਦਰੀ ਦੀ ਸਖ਼ਤ ਨਿੰਦਾ ਕੀਤੀ ਹੈ। ਸ. ਬਰਸਟ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਸ਼ਾਸਤਰਾ ਅਨੁਸਾਰ ਅੰਨ ਦੀ ਬੇਕਦਰੀ ਕਰਨਾ ਮਹਾਪਾਪ ਹੈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੱਜ ਪੰਜਾਬ ਵਿੱਚ ਹਰ ਪੱਧਰ ਤੇ ਅੰਨ ਦੀ ਬੇਕਦਰੀ ਕਰ ਰਹੀ ਹੈ। ਅੰਨ ਦੇ ਨਾਲ-ਨਾਲ ਅੰਨਦਾਤੇ ਕਿਸਾਨਾਂ, ਮਜਦੂਰਾਂ, ਵਪਾਰੀਆਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀ ਭਾਈਚਾਰੇ ਨੂੰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕਰ ਰਹੀ ਹੈ। ਇਸ ਤਰ੍ਹਾਂ ਅੰਨ ਅਤੇ ਅੰਨਦਾਤੇ ਦੀ ਬੇਕਦਰੀ ਹੋ ਰਹੀ ਹੈ। ਭਾਰਤ ਦੇ ਸ਼ਾਸਤਰਾਂ ਨੇ ਅੰਨ ਨੂੰ ਦੇਵਤਾ ਦਾ ਦਰਜਾ ਦਿੱਤਾ ਹੈ। ਇਸ ਦੇ ਪ੍ਰਮਾਣ ਹਮੇਸ਼ਾ ਰਿਸ਼ੀਆਂ-ਮੁਨੀਆਂ ਅਤੇ ਮਹਾਨ ਤੱਪਸਵੀਆਂ ਦੀ ਬਾਣੀ ਅਤੇ ਧਾਰਮਿਕ ਗਰੰਥਾ ਵਿੱਚ ਮਿਲਦੇ ਹਨ। ਸਾਡੇ ਪੈਗੰਬਰ ਹਮੇਸ਼ਾ ਨਮਸਕਾਰ ਕਰਕੇ ਹੀ ਅੰਨ ਗ੍ਰਹਿਣ ਕਰਦੇ ਸਨ ਅਤੇ ਕਦੇ ਵੀ ਜੂਠਾ ਨਹੀਂ ਛੱਡਦੇ ਸਨ ਤੇ ਨਾ ਹੀਂ ਅੰਨ ਪੈਰਾਂ ਥੱਲੇ ਰੁਲਣ ਦਿੰਦੇ ਸਨ, ਪਰੰਤੂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਸਾਰੇ ਸੰਸਕਾਰ ਭੁੱਲ ਕੇ ਅੰਨ ਅਤੇ ਅੰਨਦਾਤੇ ਦੀ ਬੇਕਦਰੀ ਕਰ ਰਹੀ ਹੈ। ਇਹ ਸਿਰਫ ਰਾਜਨੀਤਕ ਕਾਰਨਾ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨੀਵਾਂ ਦਿਖਾਉਣ ਲਈ ਕੀਤਾ ਜਾ ਰਿਹਾ ਹੈ। ਇਸਦੇ ਨਾਲ ਕਿੰਨੇ ਪੰਜਾਬੀ ਪਰੇਸ਼ਾਨ ਅਤੇ ਖੱਜਲ ਹੋ ਰਹੇ ਹਨ, ਇਨ੍ਹਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂ ਵੀ ਮਗਰਮੱਛ ਵਰਗੇ ਅੱਥਰੂ ਹੀ ਵਹਾ ਰਹੇ ਹਨ, ਜਦੋਂ ਕਿ ਕੇਂਦਰ ਵਿੱਚ ਉਨ੍ਹਾਂ ਦੀ ਕੋਈ ਪੁੱਛ-ਗਿੱਛ ਨਹੀਂ। ਇਸ ਤਰ੍ਹਾਂ ਜੋ ਕੇਂਦਰ ਸਰਕਾਰ ਅੰਨ ਅਤੇ ਅੰਨਦਾਤੇਆਂ ਦੀ ਬੇਕਦਰੀ ਕਰ ਰਹੀ ਹੈ, ਭਾਰਤੀ ਸ਼ਾਸਤਰਾਂ ਅਨੁਸਾਰ ਜਲਦੀ ਤੁਹਾਡੀ ਬੇੜੀ ਡੁਬ ਜਾਵੇਗੀ।

          ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਪੰਜਾਬ ਦੇ ਅੰਨਦਾਤੇਆਂ ਅਤੇ ਅੰਨ ਪ੍ਰਤੀ ਆਪਣੇ ਰਾਜ ਧਰਮ ਦੀ ਪਾਲਣਾ ਕਰਨ ਵਿੱਚ ਅਸਮਰੱਥ ਰਹੇ ਹਨ, ਕਿਉਂਕਿ ਮੋਦੀ ਜੀ ਅੱਜ ਵੀ ਅਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦਾ ਹੀ ਪ੍ਰਧਾਨ ਮੰਤਰੀ ਸਮਝ ਰਹੇ ਹਨ, ਜਦੋਂ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਪੰਜਾਬ ਦੇ ਕਿਸਾਨ ਅੰਨ ਦਾਤੇਆਂ ਪ੍ਰਤੀ ਇਨਸਾਫ਼ ਕਰਨ, ਪਰੰਤੂ ਪ੍ਰਧਾਨ ਮੰਤਰੀ ਜੀ ਮਨੀਪੁਰ ਪ੍ਰਤੀ ਵੀ ਸੰਵੇਦਨਹੀਣ ਰਹੇ ਹਨ। ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵਿੱਚ ਵਿਰੋਧੀ ਪਾਰਟੀ ਨੂੰ ਤੋੜਨ ਲਈ ਸਰਕਾਰ ਦੀ ਏਜੰਸੀਆਂ ਵਿਜੀਲੈਂਸ, ਈ.ਡੀ., ਸੀ.ਬੀ.ਆਈ. ਅਤੇ ਹੋਰ ਤੰਤਰ ਦੀ ਦੁਰਵਰਤੋਂ ਕਰ ਕੇ ਲੋਕਤੰਤਰ ਦਾ ਘਾਣ ਕਰ ਰਹੇ ਹਨ, ਜੋ ਕਿ ਰਾਜ ਧਰਮ ਦੀ ਉਲੰਘਣਾ ਹੈ। ਇਸ ਤੋਂ ਪਹਿਲਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅੱਟਲ ਬਿਹਾਰੀ ਵਾਜਪਾਈ ਜੀ ਨੇ ਵੀ ਗੁਜਰਾਤ ਦੰਗਿਆਂ ਸਮੇਂ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੁੰਤਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਸੀ, ਪਰ ਮੋਦੀ ਸਾਹਿਬ ਨੇ ਧਿਆਨ ਨਹੀਂ ਦਿੱਤਾ। ਅੱਜ ਫਿਰ ਅੰਨਦਾਤੇਆਂ ਦੀ ਬੇਕਦਰੀ ਅਤੇ ਰਾਜ ਧਰਮ ਦੀ ਪਾਲਣਾ ਨਾ ਕਰਨਾ ਬਰਾਬਰ ਹੈ। 

ਸ. ਬਰਸਟ ਨੇ ਦੱਸਿਆ ਕਿ ਸਾਉਣੀ ਸੀਜਨ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੇ ਖਰੀਦ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਪੁਖੱਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਪੀਣ ਯੋਗ ਸਾਫ਼ ਪਾਣੀ, ਬਿਜਲੀ ਦੀਆਂ ਲਾਈਟਾਂ, ਸਫਾਈ, ਬਾਥਰੂਮਾਂ, ਛਾਂ ਆਦਿ ਦੇ ਪੁੱਖਤਾਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 58.39 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 53.24 ਲੱਖ ਮੀਟ੍ਰਿਕ ਟਨ ਦੀ ਖਰੀਦ ਵੀ ਹੋ ਚੁੱਕੀ ਹੈ ਅਤੇ 16.57 ਲੱਖ ਮੀਟ੍ਰਿਕ ਟਨ ਦੀ ਚੁਕਾਈ ਵੀ ਹੋ ਚੁੱਕੀ ਹੈ। ਪੰਜਾਬ ਮੰਡੀ ਬੋਰਡ ਦੀ ਕੁੱਲ 156 ਮਾਰਕਿਟ ਕਮੇਟੀਆਂ ਹਨ, ਜਿਨ੍ਹਾਂ ਵਿੱਚ 152 ਮੁੱਖ ਯਾਰਡ ਹਨ ਅਤੇ 283 ਸਬਯਾਰਡ ਹਨ ਅਤੇ 1383 ਖਰੀਦ ਕੇਂਦਰ ਹਨ, ਜਦਕਿ ਝੋਨੇ ਦੀ ਖਰੀਦ ਸਹੀ ਢੰਗ ਨਾਲ ਕਰਨ ਵਾਸਤੇ 1145 ਹੋਰ ਆਰਜੀ ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ ਅਤੇ ਅੱਜ ਪੂਰੇ ਪੰਜਾਬ ਵਿੱਚ ਕੁੱਲ 2963 ਖਰੀਦ ਕੇਂਦਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਰਾਈਸ ਮਿਲਰਾਂ, ਵਪਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਵੇਗੀ।

[wpadcenter_ad id='4448' align='none']