ਅੰਮ੍ਰਿਤਸਰ, 6 ਨਵੰਬਰ, 2024–
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਕਿਸਾਨ ਜਥੇਬੰਦੀ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਮਾਰਕਫੈੱਡ ਨਾਲ ਸਾਂਝੀ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜਿਹੜੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਖਾਦ ਮਿਲਣ ਵਿੱਚ ਦਿੱਕਤ ਪੇਸ਼ ਆ ਰਹੀ ਹੈ, ਉਹਨਾਂ ਸਭਾਵਾਂ ਦੇ ਕਲੀਅਰ ਮੈਂਬਰਾਂ ਨੂੰ ਖਾਦ ਮੁੱਹਈਆ ਕਰਵਾਉਣ ਲਈ ਨਾਲ ਲੱਗਦੀਆਂ ਸਹਿਕਾਰੀ ਸਭਾਵਾਂ ਨਾਲ ਜੋੜਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਮੁੱਖ ਸਕੱਤਰ-ਕਮ- ਵਿੱਤੀ ਕਮਿਸ਼ਨਰ, ਸਹਿਕਾਰਤਾ, ਪੰਜਾਬ ਵੱਲੋਂ ਹਿਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ। ਉਹਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਡੀ.ਏ.ਪੀ ਖਾਦ ਦੇ ਇੰਡੈਂਟ ਨੂੰ ਮੁੜ ਚੈਕ ਕੀਤਾ ਗਿਆ ਹੈ ਅਤੇ ਲੋੜੀਂਦੀ ਸੋਧ ਕਰਦੇ ਹੋਏ ਸਹਿਕਾਰੀ ਸਭਾਵਾਂ ਦਾ ਇੰਡੈਂਟ ਵਧਾ ਦਿੱਤਾ ਗਿਆ ਹੈ। ਉਹਨਾਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ ਨੂੰ ਹਿਦਾਇਤ ਕੀਤੀ ਕਿ ਸਹਿਕਾਰੀ ਸਭਾਵਾਂ ਦੇ ਸੋਧੇ ਹੋਏ ਇੰਡੈਂਟ ਤੁਰੰਤ ਖਾਦ ਸਪਲਾਇਰ ਕੰਪਨੀਆਂ ਨੂੰ ਭੇਜੇ ਜਾਣ ਤਾਂ ਜੋ ਸੋਧੇ ਹੋਏ ਇੰਡੈਂਟ ਅਨੁਸਾਰ ਸਹਿਕਾਰੀ ਸਭਾਵਾਂ ਨੂੰ ਖਾਦ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਜਿੰਦਰ ਸਿੰਘ ਅਤੇ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਵੀ ਹਾਜਰ ਸਨ।
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਲਈ ਬਾਜਾਰ ਵਿਚ ਉਪਲੱਬਧ ਹੋਰਨਾਂ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਵੀ ਕਣਕ ਦੀ ਬਿਜਾਈ ਵਾਸਤੇ ਉਪਲੱਬਧ ਹੈ। ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਵਰਤੋਂ ਕਰਦੇ ਹੋਵੇ ਇਸ ਨਾਲ 20 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਖਾਦ ਬਿਜਾਈ ਸਮੇਂ ਛੱਟੇ ਨਾਲ ਵਰਤੀ ਜਾ ਸਕਦੀ ਹੈ, ਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜਾਂ ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਖਾਦ ਅਤੇ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੇਨ.ਪੀ.ਕੇ 16-16-16, ਅੇਨ.ਪੀ.ਕੇ 15-15-15, ਅੇਨ.ਪੀ.ਕੇ 12-32-16, 10-26-26 ਅਤੇ ਯੂਰੀਆ ਅਮੋਨੀਅਮ ਫਾਸਫੇਟ 24-24-0, ਅਮੋਨੀਅਮ ਫਾਸਫੇਟ ਸਲਫੇਟ 20-20-0-13 ਦੀ ਵਰਤੋਂ ਵੀ ਕਣਕ ਦੀ ਬਿਜਾਈ ਲਈ ਕੀਤੀ ਜਾ ਸਕਦੀ ਹੈ।