ਕੀ ਬਾਗ਼ੀ ਧੜੇ ਨੇ ਵਿਗਾੜੀ ਆਪ ਦੀ ਖੇਡ ! ਬਰਨਾਲਾ ‘ਚ ਆਪ ਦੀ ਹਾਰ ਦਾ ਜਿੰਮੇਵਾਰ ਕੌਣ ?

Barnala By Poll Results

Barnala By Poll Results

ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਆਮ ਆਦਮੀ ਨੂੰ ਵੱਡਾ ਝਟਕਾ ਲੱਗ ਹੈ। ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਵਿੱਚ ਅੰਦਰੂਨੀ ਬਗਾਵਤ ਨੇ ਸਾਰੀ ਖੇਡ ਵਿਗਾੜ ਦਿੱਤੀ ਹੈ। ਬੇਸ਼ੱਕ ਇਸ ਹਲਕੇ ਵਿੱਚ ਫਸਵਾਂ ਮੁਕਾਬਲਾ ਰਿਹਾ ਪਰ ‘ਆਪ’ ਦੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਗੁਰਦੀਪ ਸਿੰਘ ਬਾਠ ਸੱਤਾਧਿਰ ਦੀ ਹਾਰ ਦਾ ਕਾਰਨ ਬਣੇ ਹਨ।

ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਬਰਨਾਲਾ ਵਿੱਚ ਪਾਰਟੀ ਨੂੰ ਵਿਧਾਨ ਸਭਾ ਉਪ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ। ਕਾਂਗਰਸੀ ਉਮੀਦਵਾਰ ਨੂੰ 28254 ਵੋਟਾਂ ਮਿਲੀਆਂ। ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ 26097 ਵੋਟਾਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੇ 17958 ਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੇ 16899 ਵੋਟਾਂ ਹਾਸਲ ਕੀਤੀਆਂ।

ਇਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਨੂੰ ਬਾਠ ਦੀ ਬਗਾਵਤ ਮਹਿੰਗੀ ਪਈ ਹੈ। ਜੇਕਰ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀਆਂ 26097 ਤੇ ਬਾਗੀ ਉਮੀਦਵਾਰ ਗੁਰਦੀਪ ਬਾਠ ਦੀਆਂ 16899 ਵੋਟਾਂ ਜੋੜ ਦਈਏ ਤਾਂ ਇਹ 42996 ਬਣਦੀਆਂ ਹਨ ਜੋ ਜੇਤੂ ਕਾਂਗਰਸੀ ਉਮੀਦਵਾਰ ਨਾਲੋਂ 14472 ਵੱਧ ਬਣਦੀਆਂ ਹਨ। ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਬਗਾਵਤ ਨੇ ਖੇਡ ਵਿਗਾੜ ਦਿੱਤੀ ਹੈ।

ਦਰਅਸਲ ਇਸ ਸੀਟ ‘ਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਸੀ। ‘ਆਪ’ ਤੋਂ ਹਰਿੰਦਰ ਸਿੰਘ ਧਾਲੀਵਾਲ, ਭਾਰਤੀ ਜਨਤਾ ਪਾਰਟੀ ਤੋਂ ਕੇਵਲ ਸਿੰਘ ਢਿੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਚੋਣ ਮੈਦਾਨ ਵਿੱਚ ਸਨ ਪਰ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਇਸ ਮੁਕਾਬਲੇ ਨੂੰ ਚੌਪੱਖੀ ਬਣਾ ਦਿੱਤਾ। ਅੰਕੜਿਆਂ ਤੋਂ ਸਪਸ਼ਟ ਹੈ ਕਿ ‘ਆਪ’ ਇਹ ਸੀਟ ਬਗਾਵਤ ਕਰਕੇ ਹਾਰੀ ਹੈ।

Read Also : ਜ਼ਿਮਨੀ ਚੋਣਾਂ ‘ਚ ਆਪ ਦੀ ਇਤਿਹਾਸਿਕ ਜਿੱਤ ! CM ਮਾਨ ਨੇ ਪੰਜਾਬੀਆਂ ਨੂੰ ਦਿੱਤੀਆਂ ਵਧਾਈਆਂ

ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਕਿਉਂਕਿ 2014 ਤੋਂ ਬਾਅਦ ਆਮ ਆਦਮੀ ਪਾਰਟੀ ਬਰਨਾਲਾ ਜ਼ਿਲ੍ਹੇ ਤੋਂ ਇੱਕ ਵਾਰ ਵੀ ਨਹੀਂ ਹਾਰੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 2017 ਤੇ 2022 ਵਿੱਚ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣਾਂ ਜਿੱਤ ਚੁੱਕੀ ਹੈ। ਇਹ ਸੀਟ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ ਤੇ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਉਪ ਚੋਣ ਵਿੱਚ ਉਮੀਦਵਾਰ ਬਣਾਇਆ ਗਿਆ ਸੀ।

ਕਹਾਣੀ ਉਸ ਵੇਲੇ ਉਲਟ ਪੈ ਗਈ ਜਦੋਂ ਹਰਿੰਦਰ ਸਿੰਘ ਧਾਲੀਵਾਲ ਖਿਲਾਫ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਡਟ ਗਏ। ਇਸ ਕਾਰਨ ਆਮ ਆਦਮੀ ਪਾਰਟੀ ਦੇ ਹੱਥੋਂ ਇਹ ਸੀਟ ਜਾਂਦੀ ਦਿਖਾਈ ਦੇ ਰਹੀ ਹੈ। ਇਸ ਵਾਰ ਲੰਬੇ ਸਮੇਂ ਬਾਅਦ ਬਰਨਾਲਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾ ਕੇ ਪੂਰੇ ਜੋਸ਼ੋ-ਖਰੋਸ਼ ਨਾਲ ਚੋਣ ਲੜੀ ਹੈ।

Barnala By Poll Results

[wpadcenter_ad id='4448' align='none']