ਐਸ.ਏ.ਐਸ.ਨਗਰ, 11 ਦਸੰਬਰ, 2024:
ਮੋਹਾਲੀ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਭਗ 19 ਰੋਜ਼ਗਾਰ ਪ੍ਰਦਾਨ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਫੇਜ਼ 5, ਮੁਹਾਲੀ ਦੇ ਕੈਂਪਸ ਵਿੱਚ ਲਗਾਏ ਗਏ ਰੋਜ਼ਗਾਰ ਮੇਲੇ ਵਿੱਚ 80 ਚਾਹਵਾਨਾਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਤੇ ਤਜ਼ਰਬੇ ਦੇ ਅਧਾਰ ‘ਤੇ ਆਕਰਸ਼ਕ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।
ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਨੇ ਕਿਹਾ, “ਇਹ ਰੋਜ਼ਗਾਰ ਮੇਲਾ ਮਿਡਲ ਤੋਂ ਪੋਸਟ-ਗ੍ਰੈਜੂਏਸ਼ਨ ਆਈ.ਟੀ.ਆਈ., ਡਿਪਲੋਮਾ ਅਤੇ ਹੋਰ ਥੋੜ੍ਹੇ ਸਮੇਂ ਦੇ ਹੁਨਰਮੰਦ ਕੋਰਸਾਂ ਤੱਕ ਦੀ ਯੋਗਤਾ ਰੱਖਣ ਵਾਲੇ ਬੇਰੋਜ਼ਗਾਰ/ਰੋਜ਼ਗਾਰ ਵਾਲੇ ਨਵੇਂ ਜਾਂ ਤਜਰਬੇਕਾਰ ਨੌਜਵਾਨਾਂ ਲਈ ਮੌਕਿਆਂ ਦੀ ਉਪਲਭਤਾ ਦੀ ਵਚਨਬੱਧਤਾ ਵਜੋਂ ਆਯੋਜਿਤ ਕੀਤਾ ਗਿਆ ਸੀ”।
ਨੌਕਰੀ ਲੈਣ ਵਾਲੇ ਸਫ਼ਲ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਰੋਜ਼ਗਾਰ ਪੱਤਰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਬਾਕੀ ਨੌਕਰੀ ਭਾਲਣ ਵਾਲੇ ਜੋ ਅੱਜ ਕਾਮਯਾਬ ਨਹੀਂ ਹੋ ਸਕੇ, ਉਨ੍ਹਾਂ ਨੂੰ ਅਗਲੇ ਗੇੜ ਲਈ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਨੌਕਰੀ ਮੇਲੇ ਵਿੱਚ ਕੁੱਲ 182 ਨੌਕਰੀਆਂ ਦੇ ਚਾਹਵਾਨਾਂ ਨੇ ਭਾਗ ਲਿਆ। ਡੀ ਮਾਰਟ, ਪੀ ਵੀ ਆਰ ਸਿਨੇਮਾ। ਆਈ ਆਈਸੀਆਈਸੀਆਈ ਬੈਂਕ, ਐਲ ਆਈ ਸੀ, ਫ਼ੋਨ ਪੇ, ਜ਼ੋਮੈਟੋ, ਜ਼ੋਮੈਟੋ, ਸਵਿਗੀ, ਬਲਿੰਕਿਟ, ਜ਼ੇਪਟੋ, ਐਲੇਨਾ, ਇੰਡਸਟਰੀਅਲ ਟੂਲਸ, ਏਰੀਅਲ ਟੈਲੀਕਾਮ, ਨਿਕ ਬੇਕਰਜ਼, ਪ੍ਰੋ ਟਾਕ ਸੋਲਿਊਸ਼ਨਜ਼, ਮਹਿੰਦਰਾ ਸਵਰਾਜ, ਗਿਲਾਰਡ ਆਟੋ ਇੰਡਸਟਰੀਜ਼, ਸਰਕਲ ਆਫ ਕਰਸਟ ਆਦਿ ਵਰਗੀਆਂ ਲਗਪਗ 21 ਕੰਪਨੀਆਂ ਨੇ ਨੌਕਰੀਆਂ ਪ੍ਰਦਾਨ ਕਰਨ ਵਾਲਿਆਂ ਵਜੋਂ ਨੌਕਰੀ ਮੇਲੇ ਵਿੱਚ ਸ਼ਿਰਕਤ ਕੀਤੀ।
ਰੋਜ਼ਗਾਰ ਮੇਲੇ ਦੇ ਆਪਣੇ ਦੌਰੇ ਦੌਰਾਨ ਨੌਕਰੀ ਲੈਣ ਵਾਲਿਆਂ ਅਤੇ ਪ੍ਰਦਾਨ ਕਰਨ ਵਾਲਿਆਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਮੋਹਾਲੀ ਨਿਵੇਸ਼ਕਾਂ ਅਤੇ ਕਾਰੋਬਾਰੀ ਦੀ ਸਭ ਤੋਂ ਪਸੰਦੀਦਾ ਮੰਜ਼ਿਲ ਵਜੋਂ, ਵੱਡੇ ਸੁਪਨਿਆਂ ਅਤੇ ਅਭਿਲਾਸ਼ਾਵਾਂ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਰੋਜ਼ਗਾਰ ਦੀ ਵੱਡੀ ਸੰਭਾਵਨਾ ਹੈ, ਇਸ ਲਈ ਨੌਜਵਾਨਾਂ ਨੂੰ ਆਪਣੇ ਕਰੀਅਰ ਵਿੱਚ ਉੱਚਾ ਉੱਠਣ ਲਈ ਘੱਟੋ-ਘੱਟ ਰੋਜ਼ਗਾਰ ਮੁਖੀ ਹੁਨਰਾਂ ਦੀ ਸਹੀ ਸਿੱਖਿਆ ਅਤੇ ਸਿਖਲਾਈ ਹੋਣੀ ਚਾਹੀਦੀ ਹੈ।
ਉਹਨਾਂ ਨੂੰ ਸੁਝਾਅ ਦਿੰਦੇ ਹੋਏ, ਉਨ੍ਹਾਂ ਨੇ ਉਹਨਾਂ ਨੂੰ ਹਰ ਰੋਜ਼ਗਾਰ ਮੇਲੇ ਵਿੱਚ ਇੱਕ ਪ੍ਰਭਾਵਸ਼ਾਲੀ ਜੀਵਨ ਬਿਊਰੇ (ਸੀ ਵੀ) ਨਾਲ ਲਿਆਉਣ ਲਈ ਕਿਹਾ ਜਿਸ ਵਿੱਚ ਉਹਨਾਂ ਦੀ ਸਿੱਖਿਆ ਅਤੇ ਉਹਨਾਂ ਦੇ ਤਜ਼ਰਬੇ ਵਾਲੇ ਹੋਰ ਹੁਨਰਾਂ ਬਾਰੇ ਸਾਰੀ ਜਾਣਕਾਰੀ ਹੋਵੇ ਤਾਂ ਜੋ ਉਹ ਕੰਪਨੀਆਂ ਨਾਲ ਉਹਨਾਂ ਦੇ ਇੱਛੁਕ ਖੇਤਰ ਵਿੱਚ ਸਿੱਧੇ ਤੌਰ ‘ਤੇ ਗੱਲਬਾਤ ਕਰ ਸਕਣ। ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਕਿਸੇ ਇੱਕ ਨੌਕਰੀ ਪ੍ਰਦਾਤਾ ਦੇ ਨਾਲ ਨਿਸ਼ਚਿਤ ਸਮੇਂ ਤੱਕ ਰਹਿ ਕੇ ਆਪਣੀ ਨੌਕਰੀ ਪ੍ਰੋਫਾਈਲ ਨੂੰ ਹੋਰ ਸਥਿਰ ਬਣਾਉਣ ਲਈ ਅਤੇ ਉਸ ਵਿਸ਼ੇਸ਼ ਖੇਤਰ ਵਿੱਚ ਹੋਰ ਮੁਕਾਬਲਾ ਕਰਨ ਲਈ ਤਜਰਬਾ ਅਤੇ ਮੁਹਾਰਤ ਹਾਸਲ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਾਡੀ ਨੌਜਵਾਨ ਪੀੜ੍ਹੀ ਲਈ ਅਥਾਹ ਸੰਭਾਵਨਾਵਾਂ ਹਨ, ਇਸ ਲਈ ਸਾਨੂੰ ਇੱਥੇ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ।
ਨੌਕਰੀ ਪ੍ਰਦਾਨ ਕਰਨ ਵਾਲਿਆਂ ਨੂੰ ਸੰਬੋਧਿਤ ਹੁੰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਲੋੜੀਂਦੇ ਹੁਨਰਮੰਦ ਮਾਨਵੀ ਸ਼ਕਤੀ ਦੀਆਂ ਜ਼ਰੂਰਤਾਂ ਦੱਸਣ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਲੋੜਾਂ ਅਨੁਸਾਰ ਉਮੀਦਵਾਰ ਮੁਹਈਆ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕੇ।
ਉਨ੍ਹਾਂ ਏ.ਡੀ.ਸੀ.(ਵਿਕਾਸ) ਸੋਨਮ ਚੌਧਰੀ (ਸੀ.ਈ.ਓ., ਡੀ.ਬੀ.ਈ.ਈ.), ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ, ਡਿਪਟੀ ਸੀ.ਈ.ਓ ਸੁਖਮਨ ਬਾਠ ਅਤੇ ਰੋਜ਼ਗਾਰ ਅਫ਼ਸਰ ਸੁਖਮਨ ਮਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਨੌਜਵਾਨਾਂ ਨੂੰ ਸਵੈ-ਨਿਰਭਰ ਅਤੇ ਯੋਗ ਬਣਾ ਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇਨ੍ਹਾਂ ਰੋਜ਼ਗਾਰ ਮੇਲਿਆਂ ਦੇ ਰੂਪ ਵਿੱਚ ਕੀਤੇ ਜਾ ਰਹੇ ਹਨ।
ਮੋਹਾਲੀ ਪ੍ਰਸ਼ਾਸਨ ਵੱਲੋਂ ਰੋਜ਼ਗਾਰ ਮੇਲੇ ਦੌਰਾਨ 80 ਉਮੀਦਵਾਰਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਮਦਦ ਕੀਤੀ ਗਈ
Date: