ਫਰੀਦਕੋਟ 20 ਦਸੰਬਰ () ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫ਼ਰੀਦਕੋਟ ਡਾ. ਰਾਜਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਬਲਾਕ ਪੱਧਰੀ ਐਸਕੈਡ ( ਅਸਿਸਟੈਂਸ ਟੂ ਸਟੇਟ ਫਾਰ ਕੰਟਰੋਲ ਆਫ਼ ਐਨੀਮਲ ਡਿਸੀਜ਼ਸ) ਕੈਂਪ ਲਗਾਇਆ ਗਿਆ। ਜਿਸ ਵਿਚ ਪਿੰਡ ਸੁੱਖਣਵਾਲਾ, ਹਰੀਏਵਾਲਾ ਤੇ ਨੇੜੇ ਦੇ ਪਿੰਡਾਂ ਤੋਂ ਪਹੁੰਚੇ ਪਸ਼ੂ ਪਾਲਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਇਸ ਮੌਕੇ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਦੇ ਇੰਚਾਰਜ ਡਾ. ਅਵਤਾਰ ਸਿੰਘ ਨੇ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ। ਇਸ ਉਪਰੰਤ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਗਰਗ, ਸੀਨੀਅਰ ਵੈਟਨਰੀ ਅਫ਼ਸਰ ਡਾ. ਗੁਰਵਿੰਦਰ ਸਿੰਘ, ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਦਾ ਧੰਨਵਾਦ ਕਰਨ ਉਪਰੰਤ ਭਾਗ ਲੈਣ ਵਾਲੇ ਸਮੁਚੇ ਪਸ਼ੂ ਪਾਲਕਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਲਗਭਗ 85 ਦੇ ਕਰੀਬ ਪਸ਼ੂ ਪਾਲਕ ਵੀਰਾਂ ਤੇ 25 ਦੇ ਕਰੀਬ ਬੀਬੀਆਂ ਨੇ ਪਹੁੰਚੇ ਹੋਏ ਮਾਹਿਰ ਡਾਕਟਰਾਂ ਤੋਂ ਬਿਮਾਰੀਆਂ ਦੀ ਰੋਕਥਾਮ, ਇਲਾਜ ਤੇ ਪਸ਼ੂਆਂ ਤੋਂ ਮਨੁੱਖਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਹਾਸਿਲ ਕੀਤੀ।
ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਨੇ ਪਸ਼ੂਆਂ ਦੀ ਖੁਰਾਕ, ਦੁੱਧ ਉਤਪਾਦਨ, ਖੁਰਾਕੀ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸੀਨੀਅਰ ਵੈਟਨਰੀ ਅਫ਼ਸਰ ਡਾ. ਗੁਰਵਿੰਦਰ ਸਿੰਘ ਨੇ ਪ੍ਰਜਣਨ ਕਿਰਿਆ ਸਬੰਧੀ ਪਸ਼ੂਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ, ਬਾਂਝਪਨ ਤੇ ਨਸਲ ਸੁਧਾਰ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਨੇ ਚੰਗੀ ਖੁਰਾਕ ਰਾਹੀਂ ਸਿਹਤਮੰਦ ਪਸ਼ੂਧਨ ਰਾਹੀਂ ਨਰੋਏ ਦੁੱਧ ਉਤਪਾਦਨ ਤੇ ਬਿਮਾਰੀਆਂ ਦੇ ਕੰਟਰੋਲ ਲਈ ਵੱਖ ਵੱਖ ਸਰਕਾਰੀ ਸਕੀਮਾਂ ਨੂੰ ਅਪਣਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ। ਇਸ ਉਪਰੰਤ ਡਾਕਟਰ ਅਵਤਾਰ ਸਿੰਘ ਨੇ ਮੂੰਹ ਖੁਰ , ਗਲਘੋਟੂ, ਪਸ਼ੂਆਂ ਵਿੱਚ ਤੂ ਜਾਣ ਦੀ ਬਿਮਾਰੀ (ਬਰੂਸਿਲੋਸਿਸ), ਬੱਕਰੀਆਂ ਵਿੱਚ ਪੀ. ਪੀ. ਆਰ ਤੇ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਘਰ ਘਰ ਜਾ ਕੇ ਕੀਤੇ ਜਾਂਦੇ ਟੀਕਾਕਰਨ ਕਰਵਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ।
ਇਸ ਕੈਂਪ ਨੂੰ ਨੇਪਰੇ ਚੜ੍ਹਾਉਣ ਲਈ ਵਿੱਚ ਸ. ਜਗਦੀਪ ਸਿੰਘ ਮੈਬਰ, ਸਰਪੰਚ ਅਮਨਦੀਪ ਕੌਰ, ਡੀ. ਵੀ. ਆਈ. ਟਹਿਲ ਸਿੰਘ ਗੁਰਕੀਰਤ ਸਿੰਘ ਵੀ. ਆਈ., ਜਗਦੀਪ ਸਿੰਘ ਤੇ ਜਗਦੀਪ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸ. ਚਰਨਜੀਤ ਸਿੰਘ,ਹਰਜਿੰਦਰ ਸਿੰਘ ਪੁੱਤਰ ਬਿੱਕਰ ਸਿੰਘ, ਸ. ਕੁਲਦੀਪ ਸਿੰਘ ਪੁੱਤਰ ਜੱਗਾ ਸਿੰਘ, ਜੁਗਿੰਦਰ ਸਿੰਘ, ਜੁਗਿੰਦਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਸਮੁੱਚੇ ਨਗਰ ਨਿਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬਲਾਕ ਪੱਧਰੀ ਐਸਕੈਡ ਕੈਂਪ ਨੂੰ ਸਫਲ ਬਣਾਇਆ ।