Friday, January 10, 2025

ਜ਼ਿਲ੍ਹਾ ਮੋਗਾ ਵਾਸੀ ਵਿਕਾਸ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਲਾਹਾ ਲੈਣ ਵਿੱਚ ਵੀ ਸਫ਼ਲ ਰਹੇ

Date:

ਮੋਗਾ, 30 ਦਸੰਬਰ (000) – ਸਾਲ 2024 ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਬੀਤ ਗਿਆ ਹੈ ਅਤੇ ਨਵਾਂ ਸਾਲ 2025 ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹਾ ਮੋਗਾ ਲਈ ਇਹ ਸਾਲ ਵਿਕਾਸ ਦੇ ਨਾਲ ਨਾਲ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਸਾਲ ਕਿਹਾ ਜਾ ਸਕਦਾ ਹੈ।ਲੰਘੇ ਸਾਲ ਦੌਰਾਨ ਜਿੱਥੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਕਈ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ, ਉਥੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਈ ਨਵੀਂਆਂ ਪਹਿਲਕਦਮੀਆਂ ਵੀ ਪੇਸ਼ ਕੀਤੀਆਂ ਗਈਆਂ। ਕੁੱਲ ਮਿਲਾ ਕੇ ਜ਼ਿਲ੍ਹਾ ਮੋਗਾ ਵਾਸੀ ਵਿਕਾਸ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਲਾਹਾ ਲੈਣ ਵਿੱਚ ਵੀ ਸਫ਼ਲ ਰਹੇ।

ਲੰਘ ਚੱਲੇ ਸਾਲ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਨਵਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਹੋਰ ਸੰਵਿਧਾਨਕ ਅਦਾਰਿਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਕਦਾ ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ 76 ਫੀਸਦੀ ਕਮੀ ਦਰਜ ਕੀਤੀ ਗਈ। ਇਸ ਸਾਲ ਪਿਛਲੇ ਸਾਲ 2795 ਅੱਗਾਂ ਦੇ ਮੁਕਾਬਲੇ ਇਸ ਸਾਲ 691 ਅੱਗਾਂ ਲੱਗੀਆਂ, ਜੋ ਕਿ ਇੱਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਲਈ ਜਿੱਥੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀ ਕਰੜੀ ਮਿਹਨਤ ਲਈ ਸ਼ਲਾਘਾ ਕੀਤੀ ਹੈ ਉਥੇ ਹੀ ਕਿਸਾਨ ਭਾਈਚਾਰੇ ਦਾ ਧੰਨਵਾਦ ਕੀਤਾ ਹੈ। ਇਸੇ ਤਰ੍ਹਾਂ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਕੀਤੇ ਜਾ ਰਹੇ ਕਾਰਜਾਂ ਦੀ ਦਰਜਾਬੰਦੀ ਵਿੱਚ ਜ਼ਿਲ੍ਹਾ ਮੋਗਾ ਨੂੰ 122 ਵਿੱਚੋਂ 9ਵਾਂ ਸਥਾਨ ਦਿੱਤਾ ਗਿਆ ਹੈ, ਜੋ ਕਿ ਜ਼ਿਲ੍ਹਾ ਮੋਗਾ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਇਆ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮੁਫ਼ਤ ਯੋਗ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਸੀ.ਐਮ.ਦੀ ਯੋਗਸ਼ਾਲਾ ਜਿਲਾ ਮੋਗਾ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਟਰੇਂਡ ਯੋਗਾ ਅਧਿਆਪਕਾਂ ਵੱਲੋਂ 90 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ 2958 ਦੇ ਲਗਭਗ ਰਜਿਸਟਰੇਸ਼ਨ ਹੋ ਚੁੱਕੀ ਹੈ ਇਹਨਾਂ ਵਿੱਚੋਂ ਹਜਾਰਾਂ ਲੋਕ ਯੋਗ ਦਾ ਲਾਹਾ ਲੈ ਰਹੇ  ਹਨ। ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਇਸ ਸਾਲ ਜ਼ਿਲ੍ਹਾ ਮੋਗਾ ਵਿੱਚ ਪਿੰਡ ਲੋਹਗੜ, ਕਸਬਾ ਧਰਮਕੋਟ ਅਤੇ ਕਸਬਾ ਬਾਘਾਪੁਰਾਣਾ ਵਿਖੇ 3 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ 28 ਹੋ ਗਈ ਹੈ। ਇਸੇ ਤਰ੍ਹਾਂ ਕਸਬਾ ਧਰਮਕੋਟ ਵਿਖੇ ਬੱਸ ਅੱਡਾ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।

ਜ਼ਿਲ੍ਹਾ ਮੋਗਾ ਵਾਸੀਆਂ ਨੂੰ ਭਵਿੱਖ ਵਿੱਚ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ ਗਿਆ। ਇਸ ਰਾਸ਼ੀ ਨਾਲ ਜਿੱਥੇ 220 ਕੇ ਵੀ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਲੱਗੇ 220/66 ਕੇ ਵੀ (100 ਐਮ ਵੀ ਏ) ਅਤੇ 66/11 ਕੇ ਵੀ (20 ਐਮ ਵੀ ਏ) ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕੀਤਾ ਗਿਆ ਉਥੇ ਹੀ ਨਵੀਂ 66 ਕੇ.ਵੀ. ਲਾਈਨ ਰਾਮੂੰਵਾਲਾ ਤੇ ਚੜਿੱਕ ਰਿੰਗਮੈਨ ਸਿਸਟਮ ਲਾਈਨ ਦਾ ਉਦਘਾਟਨ ਵੀ ਹੋਇਆ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਗਾ ਅਧੀਨ ਜਲ ਜੀਵਨ ਮਿਸ਼ਨ ਮੱਦ ਅਧੀਨ ਸਾਲ 2019-20 ਤੋਂ ਹੁਣ ਤੱਕ ਪੇਂਡੂ ਜਲ ਸਪਲਾਈ ਸਕੀਮਾਂ ਅਧੀਨ ਲਗਭਗ 2205.03 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ। ਇਨ੍ਹਾਂ ਕੰਮਾਂ ਨਾਲ ਪਿੰਡ ਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਗਿਆ ਅਤੇ ਸਾਰੇ ਘਰਾਂ ਨੂੰ ਫੰਕਸ਼ਨਲ ਹਾਉਸਹੋਲਡ ਟੈਪ ਕੁਨੈਕਸ਼ਨ ਰਾਹੀਂ ਹਰ ਗ੍ਰਾਮੀਣ ਪਰਿਵਾਰ ਨੂੰ ਪ੍ਰਤੀ ਵਿਅਕਤੀ ਪ੍ਰਤੀ ਦਿਨ 70 ਲੀਟਰ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਗਈ।

ਸੂਬਾ ਵਾਸੀਆਂ ਨੂੰ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਮੋਗਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਜਨਤਕ ਰੇਤ ਖੱਡਾਂ ਖੋਲ੍ਹ ਦਿੱਤੀਆਂ ਗਈਆਂ । ਪਿੰਡ ਕੈਲਾ ਵਿਖੇ ਜਨਤਕ ਖੱਡ ਦਾ ਉਦਘਾਟਨ ਹਲਕਾ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਕੀਤਾ। ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿਚ ਇਸ ਤੋਂ ਪਹਿਲਾਂ ਚਾਰ ਖੱਡਾਂ ਪਿੰਡ ਸੰਘੇੜਾ, ਆਦਰਾਮਾਨ, ਬਾਜੇਕੇ, ਮੇਹਰੁਵਾਲਾ ਵਿਖੇ ਚੱਲ ਰਹੀਆਂ ਹਨ। ਹੁਣ ਪੰਜਾਂ ਖੱਡਾਂ ਵਿਚੋਂ 7 ਲੱਖ 24 ਹਜ਼ਾਰ ਮੀਟ੍ਰਿਕ ਟਨ ਰੇਤਾ ਨਿਕਲਣ ਲੱਗਾ ਹੈ।

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ 76 ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਵਿੱਚ ਮੋਗਾ ਤੋਂ ਸਮਾਧ ਭਾਈ ਬਾਈਪਾਸ, ਕੋਟ ਈਸੇ ਖਾਂ ਤੋਂ ਗ਼ਾਲਿਬ ਕਲਾਂ, ਧਰਮਕੋਟ ਤੋਂ ਜੋਗੇਵਾਲਾ ਸੜਕ, ਮੋਗਾ ਬਾਈਪਾਸ ਤੋਂ ਮੋਗਾ ਹਰੀਕੇ ਸੜਕ ਦੀ ਮੁਰੰਮਤ ਦਾ ਕੰਮ ਸ਼ਾਮਿਲ ਹੈ। ਇਹਨਾਂ ਸੜਕਾਂ ਨਾਲ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਰੂਪ ਵਿੱਚ ਅਤੇ 100 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅਸਿੱਧੇ ਤੌਰ ਉੱਤੇ ਫਾਇਦਾ ਹੋਵੇਗਾ।

ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਭੇਜੀਆਂ ਗਈਆਂ ਗਰਾਂਟਾਂ ਨਾਲ ਕਈ ਵਿਕਾਸ ਕਾਰਜ ਜ਼ਿਲ੍ਹਾ ਮੋਗਾ ਵਿੱਚ ਕਰਵਾਏ ਜਾ ਰਹੇ ਹਨ। ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਇਹ ਪ੍ਰੋਜੈਕਟ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪਲਾਂਟ ਕਲੀਨਿਕ ਵਿੱਚ ਆਈ ਸੀ ਪੀ – ਓ ਈ ਐਸ (ICP-OES) ਮਸ਼ੀਨ  ਸਥਾਪਿਤ ਕਰਨ ਤੋਂ ਇਲਾਵਾ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਲਾਈਵ ਸੈਂਪਲ, ਡਿਜੀਟਲ ਮਾਈਕਰੋਸਕੋਪ, ਡਬਲ ਡਿਸਟਿਲਡ ਵਾਟਰ ਮਸ਼ੀਨ ਆਦਿ ਹੋਣਗੇ। ਇਹ ਆਧੁਨਿਕ ਮਸ਼ੀਨ ਜ਼ਮੀਨ ਵਿੱਚ ਮੌਜੂਦ ਸਾਰੇ ਤੱਤਾਂ ਦਾ ਅਧਿਐਨ ਕਰਨ ਦੀ ਸਮਰੱਥਾ ਰੱਖਦੀ ਹੈ। ਜ਼ਮੀਨੀ ਤੱਤਾਂ ਤੋਂ ਇਲਾਵਾ ਜ਼ਮੀਨ ਦੀ ਗੁਣਵੱਤਾ (pH value, EC value etc.) ਆਦਿ ਦੀ ਰਿਪੋਰਟ ਮਿਲਦੀ ਹੈ। ਜਿਸ ਨਾਲ ਬੇਲੋੜੀਆਂ ਖਾਦਾਂ, ਸਪਰੇਆਂ ਦੀ ਵਰਤੋਂ ਕਰਨ ਤੋਂ ਬਚਿਆ ਜਾ ਸਕੇਗਾ ਸਿੱਟੇ ਵਜੋਂ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਰਿਹਾ ਹੈ।

ਪੰਜ ਪਿੰਡ ਖੋਸਾ ਪਾਂਡੋ, ਧੱਲੇਕੇ, ਮੌੜ ਨੌ ਆਬਾਦ, ਪੱਤੋ ਜਵਾਹਰ ਸਿੰਘ ਅਤੇ ਨੂਰਪੁਰ ਹਕੀਮਾਂ ਦੇ ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਲਈ ਕਰਨ ਵਾਸਤੇ 1.08 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਲਗਾਕੇ 10 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਗਈ ਹੈ। ਇਸ ਪ੍ਰੋਜੈਕਟ ਨਾਲ ਇਹਨਾਂ ਪਿੰਡਾਂ ਦੇ 565 ਏਕੜ ਰਕਬੇ ਨੂੰ ਇੱਕ ਵਾਧੂ ਸਿੰਚਾਈ ਦਾ ਸੋਮਾ ਮਿਲ ਗਿਆ ਹੈ। ਇਹਨਾਂ ਪਿੰਡਾਂ ਵਿੱਚ ਝੋਨੇ ਦੀ ਬਿਜਾਈ ਤੋਂ ਲੈ ਕੇ 15 ਦਿਨਾਂ ਵਿੱਚ ਅੰਦਾਜਨ 34 ਲੱਖ ਲੀਟਰ ਛੱਪੜਾਂ ਦਾ ਪਾਣੀ ਸਿੰਚਾਈ ਲਈ ਵਰਤਿਆ ਗਿਆ।

ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੋਗਾ ਨੰਬਰ ਇੱਕ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਕੀਤਾ ਗਿਆ। ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਲੋਪੋਂ ਵਿੱਚ ਆਪਣੇ ਅਖਤਿਆਰੀ ਕੋਟੇ ਨਾਲ ਕਰਵਾਏ ਵਿਕਾਸ ਕਾਰਜਾਂ ਤਹਿਤ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਯਾਦਗਾਰੀ ਪਾਰਕ ਦੀ ਚਾਰਦੁਆਰੀ ਅਤੇ ਹੋਰ ਕੰਮ ਕਰਵਾਏ ਗਏ ਹਨ।

ਪਸ਼ੂ ਹਸਪਤਾਲ ਗਿੱਲ ਨੂੰ 15 ਲੱਖ ਦੀ ਕੀਮਤ ਵਾਲੀ ਰੈਫਰੀਜਰੇਸਨ ਵੈਨ ਅਤੇ 7 ਲੱਖ ਰੁਪਏ ਕੀਮਤ ਵਾਲਾ ਸੀਰਮ ਐਨਾਲਈਜ਼ਰ ਵੀ ਪਸ਼ੂਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਸਿਹਤ ਵਿਭਾਗ ਨੂੰ 3.45 ਲੱਖ ਰੁਪਏ ਦੀ ਫੁੱਲੀ ਆਟੋਮੈਟਿਕ ਡੈਂਟਲ ਚੇਅਰ, ਅੱਖਾਂ ਦੇ ਆਪਰੇਸ਼ਨ ਥੀਏਟਰ ਲਈ ਏ-ਸਕੈਨ, ਸਲਿਟ ਲੈਂਪ, ਨਾਨ ਕੁਟੈਕਟ ਟੋਨੋਮੀਟਰ, ਮੋਟਰਰਾਈਜ਼ਡ ਟੇਬਲ ਸਮੇਤ ਚੇਅਰ ਦਿੱਤੇ ਗਏ ਹਨ। ਖੇਤੀਬਾੜੀ ਵਿਭਾਗ ਦੇ ਬੀਜ ਫਾਰਮ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ। 31 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 75.74 ਲੱਖ ਰੁਪਏ ਨਾਲ ਸੋਲਰ ਪੈਨਲ ਲਗਾਏ ਜਾ ਰਹੇ ਹਨ। ਸਰਕਾਰੀ ਆਈ ਟੀ ਆਈਜ਼ ਲਈ ਨਵੀਂ ਮਸ਼ੀਨਰੀ ਖਰੀਦਣ ਲਈ 97 ਲੱਖ ਰੁਪਏ ਖਰਚੇ ਜਾ ਰਹੇ ਹਨ।ਏਫੈਰੇਸਿਸ ਮਸ਼ੀਨ ਅਤੇ ਚਾਰ ਐਕਸਰੇ ਮਸ਼ੀਨਾਂ ਖਰੀਦਣ ਲਈ 96 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਨੀਤੀ ਆਯੋਗ ਦੇ ਫੰਡਾਂ ਨਾਲ 2.66 ਕਰੋੜ ਰੁਪਏ ਦੇ ਬੇਲਰ ਅਤੇ ਰੇਕ ਖਰੀਦ ਕੇ ਸਹਿਕਾਰੀ ਸਭਾਵਾਂ ਨੂੰ ਦਿੱਤੇ ਗਏ ਸਨ, ਜਿਨ੍ਹਾਂ ਦੇ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ।38.20 ਲੱਖ ਰੁਪਏ ਦੀ ਰਾਸ਼ੀ ਨਾਲ ਆਂਗਣਵਾੜੀਆਂ ਨੂੰ ਸਕਸ਼ਮ ਬਣਾਇਆ ਜਾ ਰਿਹਾ ਹੈ।

ਸਮੂਹ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਦੇ ਡਿਜ਼ੀਟਲਾਇਜ਼ੇਸ਼ਨ ਕਰਨ ਦੀ ਕਵਾਇਦ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀਆਂ 166 ਸਹਿਕਾਰੀ ਸਭਾਵਾਂ ਨੂੰ ਕੰਪਿਊਟਰ ਦੀ ਸਹੂਲਤ ਨਾਲ ਜੋੜ੍ਹ ਦਿੱਤਾ ਗਿਆ। 166 ਸਹਿਕਾਰੀ ਸਭਾਵਾਂ ਦਾ ਕੰਪਿਊਟਰੀਕਰਨ ਹੋਣ ਨਾਲ ਸਭਾਵਾਂ ਦੇ ਨਿੱਤ ਦਿਨ ਦੇ ਕੰਮਾਂ ਵਿੱਚ ਤੇਜੀ ਅਤੇ ਪਾਰਦਰਸ਼ਤਾ ਆਈ ਹੈ।

ਮੋਗਾ ਸ਼ਹਿਰ ਦੀ ਸੁੰਦਰਤਾ ਅਤੇ ਬਿਹਤਰੀ ਲਈ 30 ਕਰੋੜ ਰੁਪਏ ਨਾਲ ਵੱਖ ਵੱਖ ਕਾਰਜ ਕਰਵਾਏ ਗਏ ਹਨ। ਜਦਕਿ 24 ਕਰੋੜ ਰੁਪਏ ਹੋਰ ਖਰਚੇ ਜਾ ਰਹੇ ਹਨ, ਜਿਸ ਤਹਿਤ ਇੱਕ ਸ਼ਾਨਦਾਰ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ। ਮੋਗਾ ਵਿਖੇ 12.87 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਸਭ ਤੋਂ ਵੱਡੇ ਟ੍ਰੀਟਿਡ ਵਾਟਰ ਸਿੰਚਾਈ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ।ਪ੍ਰਾਜੈਕਟ ਨਾਲ 1100 ਕਿਸਾਨ ਪਰਿਵਾਰਾਂ ਦੀ 2500 ਏਕੜ ਤੋਂ ਵੱਧ ਵਾਹੀਯੋਗ ਜ਼ਮੀਨਾਂ ਨੂੰ ਲਾਭ ਮਿਲੇਗਾ। ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ 13 ਏਕੜ ਰਕਬੇ ਵਿੱਚ 4 ਨਵੇਂ ਮੱਛੀ ਤਲਾਬ ਉਸਾਰੇ ਜਾ ਚੁੱਕੇ ਹਨ। ਟੀਚਾ ਹੈ ਕਿ 50 ਏਕੜ ਰਕਬੇ ਨੂੰ ਮੱਛੀ ਪਾਲਣ ਅਧੀਨ ਲਿਆਂਦਾ ਜਾਵੇ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਾਲ 2023 ਦੌਰਾਨ 2419 ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। 1947 ਪ੍ਰਾਰਥੀਆਂ ਨੂੰ ਸਵੈ^ਰੋਜ਼ਗਾਰ ਦੇ ਨਾਲ ਜੋੜਿਆ ਗਿਆ। 673 ਨੌਜਵਾਨਾਂ ਨੂੰ ਸਕਿੱਲ ਕੋਰਸ ਕਰਵਾਏ ਗਏ। ਕਿਸਾਨ ਅੰਦੋਲਨ ਦੌਰਾਨ ਮੋਗਾ ਜ਼ਿਲ੍ਹੇ ਦੇ ਜਾਨਾਂ ਗਵਾਉਣ ਵਾਲੇ 32 ਕਿਸਾਨਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ।ਇਹ ਲਾਭਪਾਤਰੀ ਵੱਖ-ਵੱਖ ਪੱਧਰਾਂ ਉਤੇ ਆਵਣੀਆਂ ਸੇਵਾਵਾਂ ਨਿਭਾਅ ਰਹੇ ਹਨ।

ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਕੇਂਦਰ ਸਰਕਾਰ ਵੱਲੋਂ ਵੀ ਨਿਰੀਖਣ ਅਤੇ ਸਲਾਹਿਆ ਜਾ ਰਿਹਾ ਹੈ। ਇਸੇ ਸਾਲ ਕੇਂਦਰੀ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਵਿਸ਼ੇਸ਼ ਤੌਰ ਉਤੇ ਜ਼ਿਲ੍ਹਾ ਮੋਗਾ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲ਼ਾਘਾ ਕੀਤੀ।

ਜਲ ਸ਼ਕਤੀ ਅਭਿਆਨ ਮਿਸ਼ਨ ਦਾ ਰੀਵਿਊ ਕਰਨ ਲਈ ਜਲ ਸ਼ਕਤੀ ਟੀਮ ਵੱਲੋਂ ਮੋਗਾ ਜ਼ਿਲ੍ਹਾ ਦਾ ਦੌਰਾ ਕੀਤਾ ਗਿਆ ਟੀਮ ਵੱਲੋਂ ਪਿੰਡ ਰਣੀਆਂ, ਲੋਪੋਂ, ਨਿਹਾਲ ਸਿੰਘ ਵਾਲਾ ਅਤੇ ਪਿੰਡ ਦੀਨਾ ਵਿੱਚ ਬਣੇ ਸਾਂਝੇ ਜਲ ਤਲਾਬਾਂ (ਅੰਮ੍ਰਿਤ ਸਰੋਵਰ) ਨੂੰ ਦੇਖਿਆ ਗਿਆ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਜ਼ਜ਼ਬ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸੇ ਤਰ੍ਹਾਂ ਸਮੇਂ- ਸਮੇਂ ਉਤੇ ਹੋਰ ਵੀ ਕਈ ਕੇਂਦਰੀ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ।

ਜਿਥੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨਾਲ ਜ਼ਿਲ੍ਹਾ ਵਾਸੀਆਂ ਨੂੰ ਲਾਭ ਦੇਣ ਦੀ ਕਵਾਇਦ ਜਾਰੀ ਰਹੀ ਉਥੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਆਪਣੇ ਪੱਧਰ ਉਤੇ ਕਈ ਉਪਰਾਲੇ ਕੀਤੇ ਗਏ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਉਪਰ ਹੋ ਰਿਹਾ ਹੈ। ਜਿਲਾ ਮੋਗਾ ਦੇ ਨੌਜਵਾਨ ਮੁੰਡੇ ਕੁੜੀਆਂ ਸਮੇਂ ਦੇ ਹਾਣੀ ਬਣਾਉਣ ਲਈ ਆਈ ਬੀ ਐੱਮ, ਮਾਈਕਰੋਸੋਫਟ ਅਤੇ ਨੈਸਕੋਮ ਵਰਗੀਆਂ ਤਕਨੀਕੀ ਖੇਤਰ ਦੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਜਲਦ ਹੀ ਜ਼ਿਲ੍ਹਾ ਮੋਗਾ ਦੇ ਸਿਖਿਆਰਥੀਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਾ ਸ਼ੁਰੂ ਕਰਨਗੀਆਂ। ਇਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇੱਛੁਕ ਸਿਖਿਆਰਥੀਆਂ ਦੀ ਇੰਨਰੋਲਮੈਂਟ ਕੀਤੀ ਜਾ ਰਹੀ ਹੈ। ਇਹ ਸਾਰੇ ਕੋਰਸ ਆਨਲਾਈਨ ਹੋਣਗੇ ਅਤੇ ਉਮੀਦ ਹੈ ਕਿ ਚੜਦੇ ਨਵੇਂ ਸਾਲ ਵਿੱਚ ਸ਼ੁਰੂ ਹੋ ਜਾਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਮੋਗਾ ਦੇ ਸਿਖਿਆਰਥੀ ਵਿਸ਼ਵ ਪ੍ਰਸਿੱਧ ਕੰਪਨੀਆਂ ਤੋਂ ਸਿੱਧੇ ਤੌਰ ਤੇ ਸਿਖਲਾਈ ਲੈਣਗੇ। 

ਜਿਲਾ ਪ੍ਰਸ਼ਾਸ਼ਨ ਵੱਲੋਂ ਅਲਿਮਕੋ ਦੇ ਸਹਿਯੋਗ ਨਾਲ ਸਹਾਇਕ ਸਮੱਗਰੀ ਵੰਡ ਕੈਂਪਾਂ ਦੌਰਾਨ 480 ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ 83.16 ਲੱਖ ਰੁਪਏ ਰਾਸ਼ੀ ਵਾਲੇ ਮੁਫ਼ਤ ਸਹਾਇਕ ਉਪਕਰਨ ਵੰਡੇ ਗਏ। ਰਿਵਾਇਤੀ ਜੁੱਤੀ ਦੇ ਨਿਰਮਾਣ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਜੁੱਤੀ ਬਣਾਉਣ ਵਾਲੇ ਕਾਰੀਗਰਾਂ ਨੂੰ ਆਰਥਿਕ ਤੌਰ ਤੇ ਉਤਾਂਹ ਚੁੱਕਣ ਲਈ ਪਿੰਡ ਰਣੀਆਂ ਵਿਖੇ ਇੱਕ ਜੁੱਤੀ ਕਲੱਸਟਰ ਬਣਾਇਆ ਜਾ ਰਿਹਾ ਹੈ।ਹੁਣ ਜੁੱਤੀ ਕਾਰੀਗਰ ਆਪਣੀ ਜੁੱਤੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਿਤ ਅਤੇ ਵੇਚ ਸਕਣਗੇ। ਜ਼ਿਲ੍ਹਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਕਾਫੀ ਤਾਦਾਦ ਹੈ।ਇਨ੍ਹਾਂ ਕਾਰੀਗਰਾਂ ਨੂੰ ਆਧੁਨਿਕ ਤਰੀਕੇ ਦੀ ਸਿਖ਼ਲਾਈ ਅਤੇ ਮਸ਼ੀਨਰੀ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ।ਇਨ੍ਹਾਂ ਦਾ ਟੈਰਾਕੋਟਾ ਕਲੱਸਟਰ ਤਿਆਰ ਕਰ ਦਿੱਤਾ ਗਿਆ ਹੈ। 80 ਤੋਂ ਵਧੇਰੇ ਕਾਰੀਗਰਾਂ ਨੂੰ ਸਿਖ਼ਲਾਈ ਦੇ ਕੇ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸ਼੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10 ਜਨਵਰੀ 2025

Hukamnama Sri Harmandir Sahib Ji ਧਨਾਸਰੀ ਮਹਲਾ ੪ ॥ ਮੇਰੇ ਸਾਹਾ...

ਗੁੰਮਸ਼ੁਦਾ ਲੜਕੀ ਦੀ ਤਾਲਾਸ਼

ਅੰਮ੍ਰਿਤਸਰ 9 ਜਨਵਰੀ 2025---           ਚੌਂਕੀ ਗਲਿਆਰਾ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈ ਪਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੁਆਟਰ ਨੰ 12 ਆਟਾ ਮੰਡੀ ਸਾਇਡ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਆਨ ਵਿੱਚ ਦੱਸਿਆ ਕਿ ''ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਸਭ ਤੋਂ ਵੱਡੀ ਲੜਕੀ ਅਰਸ਼ਦੀਪ ਕੌਰ ਉਮਰ 24 ਸਾਲ ਜਿਸਦੀ ਸ਼ਾਦੀ ਮਿਤੀ 21-11-2022 ਨੂੰ ਬਲਵਿੰਦਰ ਸਿੰਘ ਵਾਸੀ ਫਰੀਦਾਬਾ ਹਾਲ ਕੈਨੇਡਾ ਨਾਲ ਹੋਈ ਸੀ। ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸਦਾ ਇਲਾਜ ਅੰਮ੍ਰਿਤਸਰ ਤੋਂ ਚੱਲ ਰਿਹਾ ਸੀ ਜਿਸ ਕਰਕੇ ਉਹ ਪਿਛਲੇ ਕਰੀਬ 03 ਮਹੀਨਿਆਂ ਤੋਂ ਮੇਰੇ ਪਾਸ ਮੇਰੇ ਘਰ ਕੁਆਟਰ ਆਟਾ ਮੰਡੀ ਵਿਚ ਰਹਿ ਰਹੀ ਸੀ। ਮਿਤੀ 2-12-2024 ਨੂੰ  ਮੇਰੀ ਲੜਕੀ ਅਰਸ਼ਦੀਪ ਕੌਰ ਗੁਰਦੁਆਰਾ ਕੌਲਸਰ ਸਾਹਿਬ ਦੇ ਸਰੋਵਰ ਦੀ ਚੱਲ ਰਹੀ ਸੇਵਾ ਵਿਚ ਸ਼ਾਮਲ ਹੋਣ ਵਾਸਤੇ ਗਈ ਸੀ। ਜੋ ਸ਼ਾਮ 5:00 ਵਜੇ ਤੱਕ ਘਰ ਵਾਪਸ  ਨਹੀਂ ਆਈ, ਜਿਸਤੇ ਮੈਂ ਅਤੇ ਮੇਰੀ ਪਤਨੀ ਨੇ ਲੜਕੀ ਅਰਸ਼ਦੀਪ ਕੌਰ ਦੀ ਭਾਲ ਵੱਖ-ਵੱਖ ਰਿਸ਼ਤੇਦਾਰਾਂ, ਅੰਮ੍ਰਿਤਸਰ ਦੇ ਗੁਰਦੁਆਰਿਆਂ ਅਤੇ ਸ਼ਹਿਰ ਦੇ ਬਾਹਰ ਗੁਰਦੁਆਰਿਆਂ ਵਿੱਚ ਭਾਲ ਕੀਤੀ ਪਰ ਮੈਨੂੰ ਮੇਰੀ ਲੜਕੀ ਨਹੀਂ ਮਿਲੀ। ਜਿਸ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੌਰਾਨੇ ਤਫਤੀਸ਼ ਇਸ ਮੁਕੱਦਮਾ ਵਿਚ ਲੜਕੀ ਅਰਸ਼ਦੀਪ ਕੌਰ ਦਾ ਹੁਣ ਤੱਕ ਕੋਈ ਪਤਾ ਨਹੀਂ ਚਲ ਸਕਿਆ। ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੁੱਖ ਅਫ਼ਸਰ ਥਾਣਾ ਈ ਡਵੀਜਨ ਦੇ ਨੰਬਰ 97811-30205,  ਇੰਚਾਰਜ ਚੌਂਕੀ ਗਲਿਆਰਾ  ਦੇ ਨੰਬਰ 97811-30219 ਅਤੇ ਏਐਸਆਈ ਅਮਰਜੀਤ ਸਿੰਘ ਦੇ ਨੰਬਰ 97801-31971 ਤੇ ਸੂਚਨਾ ਦੇ ਸਕਦੇ ਹਨ।

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਪੰਜਾਬ ਸਭ ਤੋਂ ਅੱਗੇ: ਮੋਹਿੰਦਰ ਭਗਤ

ਚੰਡੀਗੜ੍ਹ, ਜਨਵਰੀ 9ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...