ਗੁਰਦਾਸਪੁਰ, 14 ਜਨਵਰੀ ( ) – ਐੱਮ.ਐੱਸ.ਐੱਮ.ਈ. ਸੰਸਥਾਵਾਂ ਨੂੰ ਵੱਧ ਤੋਂ ਵੱਧ ਸਿੱਖਿਆਰਥੀਆਂ ਨੂੰ ਸੰਸਥਾਨਾਂ ਵਿੱਚ ਸ਼ਾਮਲ ਕਰਨ ਅਤੇ ਉਤਸ਼ਾਹਿਤ ਕਰਨ ਲਈ, ਕੇਂਦਰ ਸਰਕਾਰ ਦੁਆਰਾ ਰਾਸ਼ਟਰੀ ਸਿਖਲਾਈ ਪ੍ਰਮੋਸ਼ਨ ਸਕੀਮ (ਐੱਨ.ਏ.ਪੀ.ਐੱਸ.) ਨਾਮਕ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ । ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਚਾਹਵਾਨ ਉਮੀਦਵਾਰ ਜੋ ਕਿ 8ਵੀਂ, 10ਵੀਂ, 12ਵੀਂ, ਆਈ.ਟੀ.ਆਈ, ਐਨ.ਟੀ.ਸੀ ਪਾਸ ਆਦਿ ਪ੍ਰਾਰਥੀ ਅਪ੍ਰੈਟਿਸਸ਼ਿਪ ਲਈ https://www.apprenticeshipindia.gov.in/ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਉਨ੍ਹਾਂ ਦੁਆਰਾ ਚੁਣੇ ਗਏ ਅਦਾਰਿਆਂ ਨਾਲ ਸੰਪਰਕ ਕਰਨ ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਪੋਰਟਲ ‘ਤੇ ਰਜਿਸਟ੍ਰੇਸ਼ਨ ਲਈ ਦਸਤਾਵੇਜ਼ ਦੀਆਂ ਕਾਪੀਆਂ ਦੇ ਨਾਲ ਭਰਿਆ ਹੋਇਆ ਨਿਰਧਾਰਿਤ ਪ੍ਰੋਫਾਰਮਾ ਸਬਮਿਟ ਕਰਨ । ਉਮੀਦਵਾਰਾਂ ਦੀ ਅਪ੍ਰੈਂਟਿਸ ਵਜੋਂ ਰਜਿਸਟ੍ਰੇਸ਼ਨ ਲਈ ਨਿਰਧਾਰਿਤ ਪ੍ਰੋਫਾਰਮਾ http://punjabitis.gov.in/ ਵੈੱਬਸਾਈਟ ‘ਤੇ ਉਪਲਬਧ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਜਿਹੜੇ ਨਵੇਂ ਉਮੀਦਵਾਰ 15 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਰਜਿਸਟਰ ਕਰਦੇ ਹਨ ਉਹ ਪਹਿਲੇ ਬੈਚ ਵਿੱਚ ਅਲਾਟ ਕੀਤੇ ਜਾਣਗੇ ਅਤੇ ਜਿਹੜੇ ਇਸ ਮਿਤੀ ਤੋਂ ਬਾਅਦ ਪਰ 15 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਰਜਿਸਟਰ ਕਰਦੇ ਹਨ, ਉਨ੍ਹਾਂ ਨੂੰ ਉਸ ਸਾਲ ਦੇ ਦੂਜੇ ਬੈਚ ਵਿੱਚ ਅਲਾਟ ਕੀਤਾ ਜਾਵੇਗਾ । ਚੁਣੇ ਗਏ ਪ੍ਰਾਰਥੀਆਂ ਨੂੰ ਇਸ ਸਕੀਮ ਅਧੀਨ ਮਾਨ-ਭੱਤਾ ਵੀ ਦਿੱਤਾ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਸ਼੍ਰੀ ਪਰਸ਼ੋਤਮ ਸਿੰਘ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਉਠਾਉਣ ਲਈ https://www.apprenticeshipindia.gov.in/ ਵੈੱਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਰਜਿਸਟਰੇਸ਼ਨ ਬਿਲਕੁਲ ਮੁਫ਼ਤ ਹੈ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹੇ ਦੀ ਸਰਕਾਰੀ ਆਈ.ਟੀ.ਆਈ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰਬਰ 217, ਬਲਾਕ –ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਨਿੱਜੀ ਤੌਰ ‘ਤੇ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।