ਫ਼ਤਹਿਗੜ੍ਹ ਸਾਹਿਬ, 23 ਜਨਵਰੀ:
ਮਨਰੇਗਾ ਸਕੀਮ ਅਧੀਨ ਮਨਰੇਗਾ ਕਾਮਿਆਂ ਨੂੰ 100 ਦਿਨ ਦਾ ਰੋਜ਼ਗਾਰ ਦੇਣ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਹੈ। ਜ਼ਿਲ੍ਹੇ ਵਿੱਚ ਸਕੀਮ ਅਧੀਨ 19 ਲੱਖ ਮਨੁੱਖੀ ਦਿਹਾੜੀਆਂ ਦੇਣ ਦੇ ਮਿਥੇ ਟੀਚੇ ਵਿੱਚੋਂ 14.50 ਲੱਖ ਮਨੁੱਖੀ ਦਿਹਾੜੀਆਂ ਦਾ ਰੋਜ਼ਗਾਰ ਮਨਰੇਗਾ ਕਾਮਿਆਂ ਨੂੰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਕੇਂਦਰ ਪ੍ਰਯੋਜਿਤ ਸਕੀਮਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1103 ਮਨਰੇਗਾ ਕਾਮੇ ਪਰਿਵਾਰਾਂ ਨੇ 100 ਦਿਨ ਦਾ ਰੋਜ਼ਗਾਰ ਪੂਰਾ ਕਰ ਲਿਆ ਹੈ ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਹੈ।
ਸ. ਧਾਲੀਵਾਲ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਜ਼ਿਲ੍ਹੇ ਦੇ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਤੇ 50 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ 25 ਕਰੋੜ ਰੁਪਏ ਹੋਰ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਆਂਗਨਵਾੜੀਆਂ, ਖੇਡ ਮੈਦਾਨ, ਲਾਇਬਰੇਰੀਆਂ, ਰਸਤਿਆਂ ਦਾ ਨਿਰਮਾਣ, ਸੋਲਿਡ ਵੇਸਟ ਮੈਨੇਜਮੈਂਟ, ਛੱਪੜਾਂ ਦੀ ਰੈਨੋਵੇਸ਼ਨ, ਸੀਚੇਵਾਲ ਮਾਡਲ ਛੱਪੜ ਆਦਿ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਮਨਰੇਗਾ ਸਟਾਫ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਵੱਧ ਤੋਂ ਵੱਧ ਮਨਰੇਗਾ ਕਾਮਿਆਂ ਨੂੰ 100 ਦਿਨ ਦਾ ਰੋਜ਼ਗਾਰ ਦੇਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਸਥਾਈ ਸੰਪਤੀਆਂ ਤਿਆਰ ਕੀਤੀਆਂ ਜਾਣ।
ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ)ਅਧੀਨ ਰਜਿਸਟਰਡ ਕੀਤੇ ਲਾਭਪਾਤਰੀਆਂ ਨੂੰ ਸੈਕਸ਼ਨ ਕਰਕੇ ਗ੍ਰਾਂਟ ਜਾਰੀ ਕਰਨ ਦੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇ ਅਤੇ ਨਵੇਂ ਸਰਵੇ ਲਈ ਰਜਿਸਟਰ ਕੀਤੇ ਸਰਵੇਅਰਜ ਦੀ ਈ.ਕੇ.ਵਾਈ.ਸੀ. ਕੀਤੀ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਸਪ੍ਰੀਤ ਕੌਰ ਤੋਂ ਇਲਾਵਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੇ ਮਨਰੇਗਾ ਕਰਮਚਾਰੀ ਹਾਜਰ ਸਨ।