ਬਠਿੰਡਾ, 11 ਦਸੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਤਤਪਰ ਹੈ। ਇਹ ਜਾਣਕਾਰੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਭੱਲਾ ਨੇ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਤਿਉਣਾ ਵਿਖੇ 2800 ਮੀਟਰ ਲੰਮੇ ਖਾਲ ਨੂੰ 60 ਲੱਖ ਰੁਪਏ ਦੀ ਲਾਗਤ ਨਾਲ ਮੋਘਾ ਬੁਰਜੀ ਨੰਬਰ 5080-ਆਰ ਤਿਉਣਾ ਰਜਵਾਹਾ ਵਿਖੇ ਪੱਕੇ ਖਾਲ ਦਾ ਉਦਘਾਟਨ ਕਰਨ ਮੌਕੇ ਸਾਂਝੀ ਕੀਤੀ।
ਇਸ ਮੌਕੇ ਚੇਅਰਮੈਨ ਸ. ਜਤਿੰਦਰ ਭੁੱਲਾਂ ਨੇ ਕਿਹਾ ਕਿ 2800 ਮੀਟਰ ਇਸ ਪੱਕੇ ਖਾਲ ਨਾਲ 700 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਸਾਲ 2024 ਵਿੱਚ 68 ਮੋਘਿਆਂ, ਪਾਈਪ ਲਾਈਨਾਂ ਤੇ ਪੱਕੇ ਖਾਲਿਆਂ ਦੇ ਕੰਮ ਨੂੰ ਕਰੀਬ 31 ਕਰੋੜ 42 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਗਭਗ 50 ਮੋਘਿਆਂ ਅਤੇ ਖਾਲਿਆਂ ਦਾ ਕੰਮ ਆਉਣ ਵਾਲੇ ਸਾਲ ’ਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਦੌਰਾਨ ਸ. ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ਸਦਕਾ ਨਹਿਰੀ ਪਾਣੀ 21 ਫੀਸਦੀ ਤੋਂ ਵੱਧ ਕੇ 81 ਫੀਸਦੀ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਾਲ ਅਤੇ ਪਾਈਪ ਲਾਇਨਾਂ ਦੇ ਫੰਡਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਸਿੱਧੂ, ਪਿੰਡ ਤਿਉਣਾ ਦੇ ਸਰਪੰਚ ਸ. ਮਨਜੀਤ ਸਿੰਘ, ਕੋਆਪਰੇਟਿਵ ਬੈਂਕ ਦੇ ਪ੍ਰਧਾਨ ਸੁਰਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।